ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਇੰਟਰਨੈਸ਼ਨਲ ਸੰਤ ਸਮਾਜ ਅਤੇ ਸੰਤ ਸਿਪਾਹੀ ਦਲ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਅੱਜ ਇੱਥੇ ਦੋਸ਼ ਲਾਇਆ ਕਿ ਉਸ ਨੂੰ ਮਾਰਨ ਲਈ ਦੋ ਵਿਅਕਤੀਆਂ ਨੇ ਸੁਪਾਰੀ ਦਿੱਤੀ ਹੈ | ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਇਹ ਸੁਪਾਰੀ ਇਕ ਪੁਲਿਸ ਅਧਿਕਾਰੀ ਅਤੇ ਇਕ ਹੋਰ ਵਿਅਕਤੀ ਨੇ ਲਈ ਹੈ | ਸੰਤ ਜਗੇੜਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੀ ਜੱਦੀਂ ਦੋ ਕਰੋੜ ਰੁਪਏ ਤੋਂ ਵਧੇਰੇ ਦੀ ਜਾਇਦਾਦ ਹੈ, ਜਿਸ ਨੂੰ ਸਿਆਸੀ ਦਬਾਅ ਅਧੀਨ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਸਾਰੇ ਮਾਮਲੇ ਪਿੱਛੇ ਇਕ ਨੇਤਾ ਦਾ ਹੱਥ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਤੋਂ ਪਹਿਲਾ ਵੀ 2022 ਵਿਚ ਅਜਿਹੀ ਕੋਸ਼ਿਸ਼ ਹੋਈ ਸੀ, ਪਰੰਤੂ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੇ ਜਾਣ ਕਾਰਨ ਉਨ੍ਹਾਂ ਦਾ ਉਸ ਸਮੇਂ ਬਚਾਅ ਹੋ ਗਿਆ ਸੀ ਪ੍ਰੰਤੂ ਹੁਣ ਇਹ ਮਾਮਲਾ ਮੁੜ ਗਰਮਾ ਗਿਆ ਹੈ | ਉਨ੍ਹਾਂ ਕਿਹਾ ਕਿ ਕਾਲੇ ਵੱਲੋਂ ਉਨ੍ਹਾਂ ਨੂੰ ਫ਼ੋਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਸਬੂਤ ਉਨ੍ਹਾਂ ਕੋਲ ਹੈ | ਸੰਤ ਜਗੇੜਾ ਨੇ ਕਿਹਾ ਕਿ ਸਾਰੇ ਮਾਮਲੇ ਸਬੰਧੀ ਉਨ੍ਹਾਂ 11 ਫ਼ਰਵਰੀ ਨੂੰ ਐੱਸ. ਐੱਸ. ਪੀ. ਖੰਨਾ ਨੂੰ ਮਿਲ ਕੇ ਲਿਖਤੀ ਜਾਣਕਾਰੀ ਦਿੱਤੀ ਸੀ ਪ੍ਰਤੂੰ 6 ਦਿਨ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ | ਇਸ ਮਾਮਲੇ ਸਬੰਧੀ ਐੱਸ. ਪੀ. ਹਰਪਿੰਦਰ ਕੌਰ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਵਿਚਾਰ ਅਧੀਨ ਹੈ ਅਤੇ ਸੰਤ ਜਗੇੜਾ ਨੂੰ ਭਲਕੇ ਖੰਨਾ ਦਫ਼ਤਰ ਵਿਖੇ ਸੱਦਿਆ ਗਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ |