ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਨੂੰ ਪੂਰਾ ਜ਼ਿਲ੍ਹਾ ਬਣਾਉਣ ਦੀ ਮੰਗ ਅਤੇ ਹੜ੍ਹ-ਪ੍ਰਭਾਵਿਤ ਇਲਾਕੇ ਵਿਚ ਬਣ ਰਹੇ ਅਦਾਲਤੀ ਕੰਪਲੈਕਸ ਦੇ ਵਿਰੋਧ ਵਿੱਚ ਰੱਖੀ ਭੁੱਖ ਹੜਤਾਲ ਦੇ 18ਵੇਂ ਦਿਨ ਦਾਖਲ ਹੋ ਗਈ | ਕਾਮਰੇਡ ਕਰਨੈਲ ਸਿੰਘ ਇਕੋਲਾਹਾ ਜਥੇਦਾਰ ਸਰਬਜੀਤ ਸਿੰਘ ਖ਼ਾਲਸਾ, ਦਵਿੰਦਰ ਸਿੰਘ ਲਲਹੇੜੀ ਅਤੇ ਕਿਰਪਾਲ ਸਿੰਘ ਖ਼ਾਲਸਾ ਮੋਰਚੇ 'ਤੇ ਡਟੇ ਰਹੇ | ਆਗੂਆਂ ਨੇ ਕਿਹਾ ਕਿ ਹੜ੍ਹ ਵਾਲੀ ਜ਼ਮੀਨ ਤੇ ਕੋਰਟ ਲੋਕਾਂ ਦੀ ਮੌਤ ਦਾ ਸੱਦਾ ਹੈ | ਖੰਨਾ ਦੇ ਲੋਕ ਖੈਰਾਤ ਨਹੀਂ, ਆਪਣੇ ਹੱਕ ਮੰਗ ਰਹੇ ਹਨ | ਸਰਕਾਰ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ 'ਗੈਬ ਦੀ ਪੁਲੀ' ਖੰਨਾ ਸ਼ਹਿਰ ਦਾ ਇਕੱਲਾ ਵਰਖਾ ਦੇ ਪਾਣੀ ਦੀ ਨਿਕਾਸੀ ਦਾ ਮਾਰਗ ਹੈ | ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਾਂ ਇਸ ਨੂੰ ਰੋਕਣਾ ਪੂਰੇ ਸ਼ਹਿਰ ਨੂੰ ਹੜ੍ਹ ਦੇ ਖ਼ਤਰੇ ਵਿੱਚ ਧੱਕਣ ਦੇ ਬਰਾਬਰ ਹੈ, ਜੋ ਸਿੱਧੀ ਤੌਰ 'ਤੇ ਜਾਨ-ਮਾਲ ਨਾਲ ਖੇਡ ਹੈ | ਆਗੂਆਂ ਨੇ ਕਿਹਾ ਕਿ ਜਦੋਂ ਖੰਨਾ ਪਹਿਲਾਂ ਹੀ ਪੁਲਿਸ ਜ਼ਿਲ੍ਹਾ ਹੈ ਅਤੇ ਭਵਿੱਖ ਵਿੱਚ ਪੂਰਾ ਜ਼ਿਲ੍ਹਾ ਬਣਨ ਦੀ ਪੂਰੀ ਸੰਭਾਵਨਾ ਹੈ, ਤਾਂ ਅਜਿਹੀ ਘੱਟ, ਅਸੁਰੱਖਿਅਤ ਅਤੇ ਹੜ੍ਹ-ਪ੍ਰਭਾਵਿਤ ਜ਼ਮੀਨ ਤੇ ਕੋਰਟ ਕੰਪਲੈਕਸ ਬਣਾਉਣਾ ਗਲਤ ਸੋਚ ਦਾ ਸਬੂਤ ਹੈ | ਭੁੱਖ ਹੜਤਾਲ 'ਤੇ ਬੈਠੇ ਆਗੂਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਤੁਰੰਤ ਖੰਨਾ ਨੂੰ ਪੂਰਨ ਜ਼ਿਲ੍ਹਾ ਘੋਸ਼ਿਤ ਜਾਵੇ ਅਤੇ ਬੁਲੇ੍ਹਪੁਰ ਵਿਚ ਬਣ ਰਹੇ ਖ਼ਤਰਨਾਕ ਕੋਰਟ ਕੰਪਲੈਕਸ ਦਾ ਫ਼ੈਸਲਾ ਰੱਦ ਕੀਤਾ ਜਾਵੇ | ਆਗੂਆਂ ਨਕਸ਼ਾ ਫ਼ੀਸ, ਪ੍ਰਾਪਰਟੀ ਟੈਕਸ ਦੀ ਚੋਰੀ ਤੇ ਸੋਸਾਇਟੀ ਐਕਟ 1860 ਦੀ ਉਲੰਘਣਾ ਕਰਨ ਵਾਲੀਆ ਖੰਨਾ ਦੀਆਂ ਸਿੱਖਿਆ ਸੰਸਥਾਵਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਲ ਸਿੰਘ ਨਾਗਰਾ ਆਗੂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਐਡਵੋਕੇਟ ਰਾਜਵੀਰ ਸਿੰਘ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਰਣਜੀਤ ਸਿੰਘ, ਪਰਮਜੀਤ ਸਿੰਘ, ਐਡਵੋਕੇਟ ਸੁਖਵਿੰਦਰ ਸਿੰਘ, ਐਡਵੋਕੇਟ ਅਵਤਾਰ ਸਿੰਘ, ਅਰੁਨਦੀਪ ਸਿੰਘ, ਮਨਜੀਤ ਸਿੰਘ, ਫ਼ਤਹਿ ਸਿੰਘ ਨਾਗਰਾ, ਐਡਵੋਕੇਟ ਅਮਨਦੀਪ ਕੌਰ, ਚਰਨ ਸਿੰਘ ਇਕੋਲਾਹੀ, ਅਰਵਿੰਦਰ ਸਿੰਘ, ਸੁਰਜੀਤ ਸਿੰਘ ਪੰਚ, ਪਰਮਜੀਤ ਕੌਰ, ਗੁਲਜਾਰ ਸਿੰਘ ਰਹਾਉਣ, ਮੀਨੂ, ਡਾ. ਜਸਪਾਲ ਸਿੰਘ ਚਾਵਾ, ਐਡਵੋਕੇਟ ਅਰਚਨਾ ਕੰਗ, ਡਾ. ਰੰਜਨ ਸੂਦ, ਸਤਵਿੰਦਰ ਸਿੰਘ ਆਦਿ ਹਾਜਰ ਸਨ |