ਗਣਪਤੀ ਵਿਸਰਜਨ ਦੌਰਾਨ ਨਹਿਰ ’ਚ ਰੁੜੇ ਭੈਣ-ਭਰਾ ਦੀਆਂ ਲਾਸ਼ਾਂ ਇਕ ਹਫ਼ਤੇ ਬਾਅਦ ਮਿਲੀਆਂ
ਬਠਿੰਡਾ, 29 ਸਤੰਬਰ (ਵੀਰਪਾਲ ਸਿੰਘ)- ਗਣਪਤੀ ਵਿਸਰਜਨ ਦੌਰਾਨ 22 ਸਤੰਬਰ ਨੂੰ ਬਠਿੰਡਾ ਦੀ ਸਰਹੰਦ ਨਹਿਰ ਵਿਚ ਰੁੜੇ 7 ਸਾਲਾ ਲੜਕੀ ਅੰਜਨਾ ਅਤੇ ਉਸ ਦੇ 11 ਸਾਲਾ ਭਰਾ ਰਿਸ਼ੂ ਦੀਆਂ ਲਾਸ਼ਾਂ ਇਕ ਹਫ਼ਤੇ ਦੀ ਲੰਬੀ ਜੱਦੋ-ਜਹਿਦ ਤੋਂ ਬਾਅਦ ਬਰਾਮਦ ਕਰ ਲਈਆਂ ਗਈਆਂ ਹਨ। ਭੈਣ ਭਰਾਵਾਂ ਦੀਆਂ ਲਾਸ਼ਾਂ ਦਾ ਸੰਸਕਾਰ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ’ਚ ਰਾਮਬਾਗ ਬਠਿੰਡਾ ਵਿਖੇ ਕਰ ਦਿੱਤਾ ਗਿਆ।
ਬਠਿੰਡਾ, 29 ਸਤੰਬਰ (ਵੀਰਪਾਲ ਸਿੰਘ)- ਗਣਪਤੀ ਵਿਸਰਜਨ ਦੌਰਾਨ 22 ਸਤੰਬਰ ਨੂੰ ਬਠਿੰਡਾ ਦੀ ਸਰਹੰਦ ਨਹਿਰ ਵਿਚ ਰੁੜੇ 7 ਸਾਲਾ ਲੜਕੀ ਅੰਜਨਾ ਅਤੇ ਉਸ ਦੇ 11 ਸਾਲਾ ਭਰਾ ਰਿਸ਼ੂ ਦੀਆਂ ਲਾਸ਼ਾਂ ਇਕ ਹਫ਼ਤੇ ਦੀ ਲੰਬੀ ਜੱਦੋ-ਜਹਿਦ ਤੋਂ ਬਾਅਦ ਬਰਾਮਦ ਕਰ ਲਈਆਂ ਗਈਆਂ ਹਨ। ਭੈਣ ਭਰਾਵਾਂ ਦੀਆਂ ਲਾਸ਼ਾਂ ਦਾ ਸੰਸਕਾਰ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ’ਚ ਰਾਮਬਾਗ ਬਠਿੰਡਾ ਵਿਖੇ ਕਰ ਦਿੱਤਾ ਗਿਆ। ਅੰਜਨਾ ਦੀ ਲਾਸ਼ ਬੀਤੇ ਦਿਨ ਲੰਬੀ ਇਲਾਕੇ ਦੇ ਖੇਤਾਂ ਵਿਚੋਂ ਮਿਲੀ, ਜਦਕਿ ਰਿਸ਼ੂ ਦੀ ਲਾਸ਼ ਅੱਜ ਡੂੰਮਵਾਲੀ ਨੇੜਿਓਂ ਬਰਾਮਦ ਹੋਈ। ਜਾਣਕਾਰੀ ਅਨੁਸਾਰ ਗਣਪਤੀ ਵਿਸਰਜਨ ਵਾਲੇ ਦਿਨ 7 ਸਾਲਾ ਅੰਜਨਾ ਨਹਿਰ ਵਿਚ ਰੁੜ ਗਈ ਸੀ। ਆਪਣੀ ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਸ ਦਾ 11 ਸਾਲਾ ਭਰਾ ਰਿਸ਼ੂ ਵੀ ਨਹਿਰ ਦੇ ਤੇਜ਼ ਵਹਾਅ ਪਾਣੀ ਵਿਚ ਰੁੜ ਗਿਆ। ਦੋਵਾਂ ਬੱਚਿਆਂ ਦੀ ਭਾਲ ਲਈ ਐਨ ਡੀ ਆਰ ਐਫ, ਜ਼ਿਲ੍ਹਾ ਪ੍ਰਸ਼ਾਸਨ, ਨੌਜਵਾਨ ਵੈਲਫ਼ੇਅਰ ਸੁਸਾਇਟੀ ਸਮੇਤ ਸਮਾਜ ਸੇਵੀ ਸੰਸਥਾਵਾਂ ਅਤੇ ਮਾਹਿਰ ਗੋਤਾਖੋਰਾਂ ਵਲੋਂ ਲਗਾਤਾਰ ਇਕ ਹਫ਼ਤੇ ਤੱਕ ਮੁਹਿੰਮ ਚਲਾਈ ਗਈ। ਬੱਚਿਆਂ ਦੀ ਭਾਲ ਵਿਚ ਹੋ ਰਹੀ ਦੇਰੀ ਕਾਰਨ ਪਰਿਵਾਰਿਕ ਮੈਂਬਰਾਂ ਅਤੇ ਹਮਦਰਦ ਲੋਕਾਂ ਵਿਚ ਰੋਸ ਪੈਦਾ ਹੋ ਗਿਆ ਸੀ। ਇਸ ਦੇ ਚੱਲਦਿਆਂ 25 ਸਤੰਬਰ ਨੂੰ ਨਹਿਰ ਦੇ ਕੰਢੇ ਧਰਨਾ ਦੇ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਸਹਾਰਾ ਟੀਮ ਅਨੁਸਾਰ ਅੰਜਨਾ ਦੀ ਲਾਸ਼ ਦੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਸੀ। ਉਸ ਦੀ ਲਾਸ਼ ਲੰਬੀ ਦੇ ਖੇਤਾਂ ਵਿਚੋਂ ਬਰਾਮਦ ਹੋਈ। ਇਸੇ ਦੌਰਾਨ ਅੱਜ ਰਿਸ਼ੂ ਦੀ ਲਾਸ਼ ਡੂੰਮਵਾਲੀ ਨੇੜਿਓਂ ਮਿਲਣ ਨਾਲ ਇਕ ਹਫ਼ਤੇ ਤੋਂ ਬੱਚਿਆਂ ਦੀ ਭਾਲ ਵਿਚ ਜੁਟੇ ਪਰਿਵਾਰ ਅਤੇ ਬਚਾਅ ਟੀਮਾਂ ਦੀ ਮੁਹਿੰਮ ਦਾ ਅੰਤ ਹੋਇਆ।