30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੁੱਖ ਮੰਤਰੀ ਨੇ ਅਕਾਲੀਆਂ ਤੇ ਕਾਂਗਰਸੀਆਂ ਬਾਰੇ ਹਾਸਰਸ ਤਕਰੀਰ ਦਿੱਤੀ ਮੁੱਖ ਮੰਤਰੀ ਮਾਨ ਨੇ ਸਟੇਜ ਤੋਂ ਵਿਧਾਇਕ ਸੁਖਵੀਰ ਮਾਈਸਰਖਾਨਾ ਦਾ ਜ਼ਿਕਰ ਵੀ ਨਹੀਂ ਕੀਤਾ

ਅਜੀਤ ਡੈਸਕ 25-06-2026
ਬਾਲਿਆਂਵਾਲੀ, 24 ਜੂਨ (ਕੁਲਦੀਪ ਮਤਵਾਲਾ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰੋਗਰਾਮ ਸੱਥ ਤਹਿਤ ਬੇਸ਼ੱਕ ਜ਼ਿਲ੍ਹਾ ਬਠਿੰਡਾ ਦੇ ਕਈ ਹਲਕਿਆਂ ’ਚ ਲੋਕ ਮਿਲਣੀ ਕੀਤੀ ਗਈ ਸੀ, ਪ੍ਰੰਤੂ ਹਲਕਾ ਮੌੜ ਦੇ ਪਿੰਡ ਮੰਡੀ ਕਲਾਂ ਵਾਲੀ ਲੋਕ ਮਿਲਣੀ ਵਿਵਾਦਾਂ ’ਚ ਹੀ ਘਿਰੀ ਰਹੀ, ਇੱਕ ਤਾਂ ਭਾਕਿਯੂ ਸਿੱਧੂਪੁਰ ਦੇ ਕਿਸਾਨਾਂ ਨੇ ਲੋਕ ਮਿਲਣੀ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਜਾਂ ਮੁੱਖ ਮੰਤਰੀ ਕਿਸਾਨਾਂ ਨਾਲ ਲੋਕ ਮਿਲਣੀ ’ਚ ਸਵਾਲਾਂ ਦੇ ਜਵਾਬ ਦੇਵੇ। ਜਿਸ ਕਰਕੇ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਮੰਡੀ ਕਲਾਂ ਵਿਚ ਜਾਣ ਤੋਂ ਪਿੰਡ ਢੱਡੇ ਵਿਖੇ ਹੀ ਰੋਕ ਲਿਆ ਸੀ, ਜਦਕਿ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਵਾਲੇ ਪੋਸਟਰ ਹਲਕਾ ਮੌੜ ਦੇ ਪਿੰਡਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਲਗਾਏ ਗਏ। ਲੋਕ ਮਿਲਣੀ ਦੌਰਾਨ ਮੰਡੀ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਆਖਿਆ ਕਿ ਆਪਾਂ ਇੱਕੋ ਪੱਤਣ ਦਾ ਪਾਣੀ ਪੀਂਦੇ ਹਾਂ ਸਾਡੇ ਨਹਿਰੀ ਪਾਣੀ ਸਾਂਝੇ ਹਨ ਤੇ ਇਹ ਪਿੰਡਾਂ ਦੇ ਸਾਰੇ ਨਾਮ ਮੇਰੇ ਯਾਦ ਐ। ਉਨ੍ਹਾਂ ਕਿਹਾ ਕਿ ਅਸੀਂ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਇਆ, ਕਿਸਾਨਾਂ ਨੂੰ ਦਿਨ ਸਮੇਂ ਖੇਤੀ ਸੈਕਟਰ ਦੀ ਬਿਜਲੀ ਦਿੱਤੀ, ਸਿਹਤ ਸਹੂਲਤਾਂ ਦਿੱਤੀਆਂ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਤੇ ਦੇਸ਼ ’ਚੋ ਪੰਜਾਬ ਪੜ੍ਹਾਈ ’ਚ ਨੰਬਰ ਇੱਕ ਸੂਬਾ ਬਣ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਆਗੂਆਂ ’ਤੇ ਵਿਅੰਗ ਕੱਸਦਿਆਂ ਹਾਸਰਸ ਤਕਰੀਰ ਦਿੱਤੀ। ਅਖੀਰ ’ਚ ਵਿਕਾਸ ਕਾਰਜਾਂ ਲਈ ਪਿੰਡ ਦੀ ਮਹਿਲਾ ਸਰਪੰਚ ਨੂੰ 50 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਲੋਕ ਮਿਲਣੀ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਮੁੱਖ ਮੰਤਰੀ ਦੇ 41 ਮਿੰਟ ਦੇ ਭਾਸ਼ਣ ਦੌਰਾਨ, ਕੋਲ ਖੜੇ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਨਾਂਅ ਇੱਕ ਵਾਰ ਵੀ ਸਟੇਜ ਤੋਂ ਨਹੀਂ ਲਿਆ, ਜਿਸ ਕਰਕੇ ਲੋਕਾਂ ’ਚ ਕਾਫੀ ਘੁਸਰ-ਮੁਸਰ ਹੁੰਦੀ ਰਹੀ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਾਸਮਖ਼ਾਸ ਸਮਝੇ ਜਾਂਦੇ ਪੁਰਾਣੇ ਸਾਥੀ ਡਾ. ਰਾਜੂ ਢੱਡੇ ਨੂੰ ਬੜੇ ਹੀ ਗਰਮਜੋਸ਼ੀ ਨਾਲ ਮਿਲੇ ਤੇ ਕਾਫੀ ਸਮਾਂ ਰਾਜੂ ਢੱਡੇ ਨਾਲ ਗੱਲਾਂ-ਬਾਤਾਂ ਕੀਤੀਆਂ। ਜਿਸ ਕਰਕੇ ਲੋਕ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਕਿ ਸੁਖਵੀਰ ਮਾਈਸ਼ਰਖਾਨਾ ਨੂੰ ਮੁੱਖ ਮੰਤਰੀ ਵਲੋਂ ਨਜ਼ਰਅੰਦਾਜ਼ ਕਰਨਾ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਟਿਕਟ ’ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ? ਖੈਰ ਚੋਣਾਂ ’ਚ ਹਾਲੇ ਕੁੱਝ ਮਹੀਨੇ ਹਾਲੇ ਬਾਕੀ ਹਨ, ਪ੍ਰੰਤੂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਆਮ ਆਦਮੀ ਪਾਰਟੀ ਦੇ ਆਗੂ ਰਾਜੂ ਢੱਡੇ, ਸਿੱਪੀ ਭਾਕਰ, ਰੁਪਿੰਦਰ ਕੌਰ ਗਿੱਲ ਆਦਿ ਵਲੋਂ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ, ਹਾਲਾਂਕਿ ਸੁਖਵੀਰ ਮਾਈਸ਼ਰਖਾਨਾ ਮੌਜੂਦਾ ਵਿਧਾਇਕ ਹਨ, ਪ੍ਰੰਤੂ ਹੁਣੇ ਤੋਂ ਹੀ ਟਿਕਟ ਲੈਣ ਦੇ ਦਾਅਵੇਦਾਰਾਂ ਨੇ ਕਮਰ ਕੱਸ ਲਈ ਹੈ। ਉਹ ਗੱਲ ਵੱਖਰੀ ਹੈ ਕਿ ਆਮ ਆਦਮੀ ਪਾਰਟੀ ਟਿਕਟ ਕਿਸ ਨੂੰ ਦੇਵੇਗੀ, ਇਹ ਭੇਦ ਹਾਲੇ ਭਵਿੱਖ ਦੀ ਬੁੱਕਲ ’ਚ ਲੁਕਿਆ ਹੋਇਆ ਹੈ।
ਪਿਛਲੀ ਖ਼ਬਰ ਰਾਮਪੁਰਾ ਫੂਲ ’ਚ ਔਰਤਾਂ ਵਲੋਂ ਵਿਸ਼ੇਸ਼ ਯੋਗ ਕੈਂਪ * 40 ਫੀਸਦੀ ਔਰਤਾਂ ਵੱਧ ਭਾਰ ਜਾਂ ਮੋਟਾਪੇ ਦੀਆਂ ਸ਼ਿਕਾਰ *30 ਤੋਂ 35... ਅਗਲੀ ਖ਼ਬਰ ਰਮਨਦੀਪ ਸਿੰਘ ਸੀਂਗੋ ਨੂੰ ਯੂਥ ਕਾਂਗਰਸ ਜ਼ਿਲ੍ਹਾ ਬਠਿੰਡਾ ਦਾ ਉਪ ਪ੍ਰਧਾਨ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।