ਮਹਿਰਾਜ, 17 ਮਈ (ਸੁਖਪਾਲ ਮਹਿਰਾਜ)-ਨਗਰ ਮਹਿਰਾਜ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 100 ਪ੍ਰਤੀਸ਼ਤ ਰਿਹਾ | ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਗੀਤਾ ਅਰੋੜਾ ਨੇ ਦੱਸਿਆ ਕਿ ਸਕੂਲ ਵਿਚ ਦਸਵੀਂ ਕਲਾਸ ਦੀਆਂ 2 ਵਿਦਿਆਰਥਣਾਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਅਤੇ 5 ਵਿਦਿਆਰਥਣਾਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਦਸਵੀਂ ਕਲਾਸ ਵਿਚੋਂ ਜ਼ਸ਼ਨਦੀਪ ਕੌਰ ਨੇ 650 ਵਿਚੋਂ 609 ਅੰਕ ਪਾਪਤ ਕਰਕੇ ਪਹਿਲਾ, ਖੁਸ਼ਮਿੰਦਰ ਕੌਰ ਨੇ 601 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ 557 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਪ੍ਰਕਾਰ ਬਾਰ੍ਹਵੀਂ ਜਮਾਤ ਵਿਚੋਂ 90 ਪ੍ਰਤੀਸ਼ਤ ਤੋਂ ਵੱਧ ਅੰਕ 2 ਵਿਦਿਆਰਥਣਾਂ ਅਤੇ 80 ਪ੍ਰਤੀਸ਼ਤ ਤੋਂ ਵੱਧ ਅੰਕ 08 ਵਿਦਿਆਰਥਣਾਂ ਨੇ ਪ੍ਰਾਪਤ ਕੀਤੇ | ਸਕੂਲ ਦੀਆਂ ਵਿਦਿਆਰਥਣਾਂ ਕੁਲਦੀਪ ਕੌਰ ਨੇ 450 ਅੰਕਾਂ ਵਿਚੋਂ 463 ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ, ਰਜਨਦੀਪ ਕੌਰ ਨੇ 450 ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਅਤੇ ਜਸਮਨਜੀਤ ਕੌਰ 435 ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਿਲ ਕੀਤੀ | ਪਿ੍ੰਸੀਪਲ ਗੀਤਾ ਅਰੋੜਾ ਨੇ ਬੱਚਿਆਂ ਨੂੰ ਹੋਰ ਮਿਹਨਤ ਨਾਲ ਪੜ੍ਹਾਈ ਕਰਨ ਦੀ ਅਪੀਲ ਕੀਤੀ | ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ ਦੀ ਤਾਕੀਦ ਕਰਦਿਆਂ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਸੰਤੋਸ਼ ਕੁਮਾਰੀ, ਗੁਰਦੀਪ ਸਿੰਘ ਢੂਲੇ ਵਾਲੇ ਅਤੇ ਮਾਸਟਰ ਹਰਚਰਨ ਸਿੰਘ, ਗੁਰਮੀਤ ਸਿੰਘ ਵਿਸ਼ੇਸ ਤੌਰ ਤੇ ਬੱਚਿਆਂ ਨੂੰ ਮੁਬਾਰਕਬਾਦ ਦੇਣ ਲਈ ਪਹੁੰਚੇ | ਉਨ੍ਹਾਂ ਨੇ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਇਸ ਨਤੀਜੇ ਲਈ ਵਧਾਈ ਦਿੱਤੀ | ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |