ਸੰਗਤ ਮੰਡੀ, 17 ਮਈ (ਅੰਮਿ੍ਤਪਾਲ ਸ਼ਰਮਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਮੂਹਰੇ ਹੱਕੀ ਮੰਗਾਂ ਤਹਿਤ ਰੋਸ ਪ੍ਰਦਰਸ਼ਨ ਕੀਤਾ ਗਿਆ | ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਸੰਗਤ ਦੀ ਪ੍ਰਧਾਨ ਲਾਭ ਕੌਰ ਪਥਰਾਲਾ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਦੀ ਅਗਵਾਈ ਹੇਠ ਕੀਤੇ ਇਸ ਰੋਸ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਗਈ, ਕਿ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਗਏ ਵਾਅਦੇ ਅਨੁਸਾਰ ਆਂਗਣਵਾੜੀ ਵਰਕਰਾਂ, ਹੈਲਪਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇ | ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਕੰਮ ਲੈਣ ਵਾਸਤੇ ਆਂਗਣਵਾੜੀ ਵਰਕਰਾਂ ਨੂੰ 2-2 ਸੌ ਰੁਪਏ ਅਤੇ ਹੈਲਪਰਾਂ ਨੂੰ 100-100 ਰੁਪਏ ਦਿੱਤੇ ਜਾਣ, ਆਂਗਣਵਾੜੀ ਵਰਕਰਾਂ ਕੋਲੋਂ ਵਾਧੂ ਕੰਮ ਕਰਾਉਣੇ ਜਿਵੇਂ ਜਨਗਣਨਾ, ਆਰਥਿਕ ਸਰਵੇ, ਡਰੱਗ ਸਰਵੇ ਆਦਿ ਬੰਦ ਕੀਤੇ ਜਾਣ, ਆਂਗਣਵਾੜੀ ਕੇਂਦਰਾਂ ਵਿਚ ਆ ਰਿਹਾ ਰਾਸ਼ਨ ਸਰਕਾਰੀ ਅਦਾਰਿਆਂ ਰਾਹੀਂ ਦਿੱਤਾ ਜਾਵੇ, ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਆਂਗਣਵਾੜੀ ਸੈਂਟਰਾਂ ਤੋਂ ਖੋਹੇ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ ਅਤੇ ਐਨ.ਜੀ.ਓ. ਨੂੰ ਦਿੱਤੇ ਬਲਾਕਾਂ ਦੇ ਜਾਰੀ ਹੋ ਚੁੱਕੇ ਨੋਟੀਫ਼ਿਕੇਸ਼ਨ ਨੂੰ ਤੁਰੰਤ ਲਾਗੂ ਕੀਤਾ ਜਾਵੇ | ਇਸ ਰੋਸ ਪ੍ਰਦਰਸ਼ਨ ਦੌਰਾਨ ਵੀਰਪਾਲ ਕੌਰ, ਕਮਲ ਕੁਮਾਰੀ, ਪਰਮਿੰਦਰ ਕੌਰ, ਸਤਵੰਤਪਰੀਤ ਕੌਰ ਅਤੇ ਰਣਜੀਤ ਕੌਰ ਆਦਿ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ |
ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਕੈਬਨਿਟ ਮੰਤਰੀ ਖੁੱਡੀਆਂ ਦੇ ਘਰ ਮੂਹਰੇ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
18-05-2026