ਬਠਿੰਡਾ, 17 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ ਬਠਿੰਡਾ ਵਲੋਂ ਵਿੱਤੀ ਸਾਲ 2025-26 ਦੌਰਾਨ ਸ਼ਹਿਰ ਦੀਆਂ ਨਵੀਆਂ ਅਤੇ ਪੁਰਾਣੀਆਂ ਸੜਕਾਂ 'ਤੇ ਕੁੱਲ 22 ਕਰੋੜ 89 ਲੱਖ 25 ਹਜ਼ਾਰ 950 ਰੁਪਏ ਖ਼ਰਚ ਕੀਤੇ ਜਾਣ ਦਾ ਖ਼ੁਲਾਸਾ ਆਰ.ਟੀ.ਆਈ. ਤਹਿਤ ਮਿਲੀ ਜਾਣਕਾਰੀ ਵਿਚ ਹੋਇਆ ਹੈ | ਇੰਨੀ ਵੱਡੀ ਰਕਮ ਖ਼ਰਚ ਹੋਣ ਦੇ ਬਾਵਜੂਦ ਵੀ ਸ਼ਹਿਰ ਵਾਸੀਆਂ ਨੂੰ ਟੁੱਟੀਆਂ ਸੜਕਾਂ, ਗਲੀਆਂ ਅਤੇ ਖੱਡਿਆਂ ਤੋਂ ਪੂਰੀ ਤਰ੍ਹਾਂ ਰਾਹਤ ਨਹੀਂ ਮਿਲੀ | ਇਸ ਮਾਮਲੇ ਸੰਬੰਧੀ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਵਲੋਂ ਨਵੀਆਂ ਸੜਕਾਂ ਅਤੇ ਗਲੀਆਂ ਦੇ ਨਿਰਮਾਣ 'ਤੇ ਸਾਲ 2025-26 'ਚ ਕੁੱਲ 13 ਕਰੋੜ 09 ਲੱਖ 91 ਹਜ਼ਾਰ 388 ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਗਈ, ਜਦਕਿ ਪੁਰਾਣੀਆਂ ਸੜਕਾਂ ਅਤੇ ਗਲੀਆਂ ਦੀ ਮੁਰੰਮਤ 'ਤੇ ਇਕ ਸਾਲ 'ਚ 9 ਕਰੋੜ 79 ਲੱਖ 34 ਹਜ਼ਾਰ 562 ਰੁਪਏ ਖ਼ਰਚ ਕੀਤੇ ਗਏ | ਉਨ੍ਹਾਂ ਕਿਹਾ ਕਿ ਨਗਰ ਨਿਗਮ ਬਠਿੰਡਾ ਤੋਂ ਇੰਟਰਲਾਕਿੰਗ ਟਾਈਲਾਂ ਵਾਲੀਆਂ ਨਵੀਆਂ ਸੜਕਾਂ, ਗਲੀਆਂ ਦੇ ਬਣਾਉਣ 'ਤੇ ਆਏ ਖ਼ਰਚ ਦੀ ਰਾਸ਼ੀ ਦੀ ਮੰਗ ਕੀਤੀ ਗਈ ਸੀ, ਜੋ ਕਿ ਅਲੱਗ ਤੋਂ ਨਾ ਦੇ ਕੇ ਉਕਤ ਅਨੁਸਾਰ ਲਿਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਨਵੀਆਂ ਸੜਕਾਂ 'ਤੇ ਖ਼ਰਚੀ ਗਈ ਰਕਮ ਦੇ ਮੁਕਾਬਲੇ ਕਰੀਬ 75 ਫ਼ੀਸਦੀ ਰਕਮ ਸਿਰਫ਼ ਪੁਰਾਣੀਆਂ ਸੜਕਾਂ ਦੀ ਮੁਰੰਮਤ 'ਤੇ ਹੀ ਲਗਾ ਦਿੱਤੀ ਗਈ | ਇਹ ਜਾਣਕਾਰੀ ਸੂਚਨਾ ਦੇ ਅਧਿਕਾਰ ਕਾਨੂੰਨ-2005 ਤਹਿਤ 19 ਮਾਰਚ 2026 ਨੂੰ ਦਾਇਰ ਕੀਤੀ ਗਈ ਆਰ.ਟੀ.ਆਈ. ਅਰਜ਼ੀ ਦੇ ਜਵਾਬ ਵਿਚ ਸਾਹਮਣੇ ਆਈ ਹੈ | ਨਗਰ ਨਿਗਮ ਦੇ ਡਿਪਟੀ ਕੰਟਰੋਲਰ (ਵਿੱਤ ਅਤੇ ਲੇਖਾ)-ਕਮ-ਲੋਕ ਸੂਚਨਾ ਅਫ਼ਸਰ ਲਖਬੀਰ ਤਿਰਖਾ ਵਲੋਂ ਪੱਤਰ ਨੰਬਰ 255, 16 ਅਪ੍ਰੈਲ 2026 ਰਾਹੀਂ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਵੀ ਕਈ ਸੜਕਾਂ ਥੋੜ੍ਹਾ ਜਿਹਾ ਮੀਹ ਨਹੀਂ ਸਹਾਰ ਸਕਦੀਆਂ | ਮੀਂਹ ਪੈਣ ਤੋਂ ਬਾਅਦ ਸੜਕਾਂ 'ਚ ਲੰਬੇ ਅਤੇ ਡੂੰਘੇ ਖੱਡੇ ਬਣ ਜਾਂਦੇ ਹਨ ਅਤੇ ਸੜਕਾਂ 'ਤੇ ਪਾਈ ਗਈ ਬਜਰੀ ਖੁੱਲ੍ਹ ਕੇ ਬਾਹਰ ਆ ਜਾਂਦੀ ਹੈ, ਜੋ ਹਾਦਸਿਆਂ ਦਾ ਕਾਰਨ ਬਣ ਰਹੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕਾਂ ਦੇ ਨਿਰਮਾਣ ਵਿਚ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਲੈਬ ਟੈਸਟਿੰਗ ਲਾਜ਼ਮੀ ਬਣਾਈ ਜਾਵੇ | ਇਸ ਤੋਂ ਇਲਾਵਾ ਸ਼ਹਿਰ ਵਿਚ ਕਈ ਅਜਿਹੀਆਂ ਸੜਕਾਂ 'ਤੇ ਦੁਬਾਰਾ ਪ੍ਰੀਮਿਕਸ ਪਾਇਆ ਜਾ ਰਿਹਾ ਹੈ ਜੋ ਪਹਿਲਾਂ ਹੀ ਠੀਕ ਹਾਲਤ ਵਿਚ ਹਨ | ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਸਵਾਲ ਉਠਾ ਰਹੇ ਹਨ ਕਿ ਜਦੋਂ ਕਈ ਇਲਾਕਿਆਂ ਦੀਆਂ ਸੜਕਾਂ ਅਜੇ ਵੀ ਖ਼ਰਾਬ ਹਾਲਤ ਵਿਚ ਹਨ ਤਾਂ ਠੀਕ ਸੜਕਾਂ 'ਤੇ ਮੁੜ ਲੱਖਾਂ-ਕਰੋੜਾਂ ਰੁਪਏ ਖ਼ਰਚ ਕਰਨ ਦਾ ਕੀ ਮਕਸਦ ਹੈ | ਵਿੱਤੀ ਸਾਲ 2026-27 ਵਿਚ ਬਣ ਰਹੀਆਂ ਨਵੀਆਂ ਸੜਕਾਂ ਨੂੰ ਲੈ ਕੇ ਵੀ ਲੋਕਾਂ ਵਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਹਨ | ਲੋਕਾਂ ਨੇ ਸੜਕਾਂ ਦੇ ਲੈਵਲ, ਵਰਤੇ ਜਾ ਰਹੇ ਮੈਟੀਰੀਅਲ ਅਤੇ ਨਿਰਮਾਣ ਗੁਣਵੱਤਾ 'ਤੇ ਸਵਾਲ ਖੜ੍ਹੇ ਕੀਤੇ ਹਨ | ਸ਼ਹਿਰ ਦੀਆਂ ਕਈ ਗਲੀਆਂ ਅਤੇ ਸੜਕਾਂ ਅਜੇ ਵੀ ਖੱਡਿਆਂ ਨਾਲ ਭਰੀਆਂ ਹੋਈਆਂ ਹਨ ਅਤੇ ਉੱਥੇ ਪੈਚ ਵਰਕ ਤੱਕ ਨਹੀਂ ਕੀਤਾ ਗਿਆ |