03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸੂਬੇ ਦੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਦੀ ਕਲਾਸ ਤੇ ਬੱਚੇ ਵਧੇ, ਪਰ ਮਾਸਟਰਾਂ ਦੀ ਘਾਟ

ਅਜੀਤ ਡੈਸਕ 15-04-2026
ਬਠਿੰਡਾ, 14 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਨਿੱਕੀ ਉਮਰ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਮਕਸਦ ਨਾਲ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਅੱਜ ਤੋਂ ਲਗਭਗ ਦਸ ਸਾਲ ਪਹਿਲਾਂ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚ ਇਕ ਹੋਰ ਕਲਾਸ ਦੇ ਨਾਲ-ਨਾਲ ਲਗਾਤਾਰ ਬੱਚਿਆਂ ਦਾ ਵਾਧਾ ਹੋ ਰਿਹਾ ਹੈ, ਪਰ ਇਨ੍ਹਾਂ ਬੱਚਿਆਂ ਨੂੰ ਪੜਾਉਣ ਵਾਲੇ ਮਾਸਟਰਾਂ ਦੀ ਵੱਡੀ ਘਾਟ ਹੈ | ਇਨ੍ਹਾਂ ਬੱਚਿਆਂ ਦਾ ਜਿੰਮਾਂ ਅੱਜ ਵੀ ਵਲੰਟੀਅਰਾਂ (ਹੁਣ ਐਸੋਸੀਏਟ ਟੀਚਰ) ਦੇ ਹਵਾਲੇ ਹੈ ਤੇ ਸਾਲਾਂ ਤੋਂ ਨਰਸਰੀ ਟੀਚਰ ਟ੍ਰੇਨਿੰਗ (ਐਨ.ਟੀ.ਟੀ.) ਦੀ ਕੋਈ ਭਰਤੀ ਨਹੀਂ ਹੋਈ ਹੈ | ਇਸ ਸੰਬੰਧੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਸਕੱਤਰ ਮਹਿੰਦਰ ਕੌੜਿਆਂਵਾਲੀ, ਸੂਬਾ ਉੱਪ-ਪ੍ਰਧਾਨ ਜਗਪਾਲ ਬੰਗੀ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਤੇ ਰਘਵੀਰ ਭਵਾਨੀਗੜ੍ਹ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਸਕੂਲਾਂ 'ਚ 14 ਨਵੰਬਰ 2016 ਨੂੰ ਵੱਡੇ ਪੱਧਰ 'ਤੇ ਪ੍ਰਚਾਰ ਕਰਦੇ ਹੋਏ ਪ੍ਰੀ-ਪ੍ਰਾਇਮਰੀ 'ਚ ਐਲ.ਕੇ.ਜੀ. ਅਤੇ ਯੂ.ਕੇ.ਜੀ ਕਲਾਸਾਂ ਸ਼ੁਰੂ ਕੀਤੀਆਂ ਸਨ, ਜਿੰਨ੍ਹਾਂ 'ਚ 2019 'ਚ ਨਰਸਰੀ ਕਲਾਸ ਵੀ ਜੋੜ ਦਿੱਤੀ ਗਈ, ਪਰ ਇਨ੍ਹਾਂ ਤਿੰਨ ਕਲਾਸਾਂ ਨੂੰ ਪੜਾਉਣ ਲਈ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ, ਸਗੋਂ ਪਹਿਲਾਂ ਤੋਂ ਕੰਮ ਕਰਦੇ ਵਲੰਟੀਅਰ (ਐਸੋਸੀਏਟ ਟੀਚਰ) ਹੀ ਪੜ੍ਹਾ ਰਹੇ ਹਨ, ਜੋ ਬਹੁਤੇ ਸਕੂਲਾਂ 'ਚ ਨਹੀਂ ਸਨ | ਇਨ੍ਹਾਂ 'ਚੋਂ ਵੱਡੀ ਗਿਣਤੀ ਟੀਚਰ ਈ.ਟੀ.ਟੀ. ਜਾਂ ਹੋਰ ਅਸਾਮੀਆਂ 'ਤੇ ਚਲੇ ਗਏ ਹਨ ਅਤੇ ਬਹੁਤੇ 58 ਸਾਲ ਦੀ ਉਮਰ ਪਾਰ ਕਰਕੇ ਸੇਵਾ ਮੁਕਤ ਹੋ ਰਹੇ ਹਨ, ਜਿਸ ਕਰਕੇ ਪ੍ਰੀ-ਪ੍ਰਾਇਮਰੀ ਕਲਾਸਾਂ ਨੂੰ ਪੜਾਉਣ ਲਈ ਮਾਸਟਰਾਂ ਦੀ ਵੱਡੀ ਘਾਟ ਪੈਦਾ ਹੋ ਗਈ ਹੈ | ਇਨ੍ਹਾਂ ਕਲਾਸਾਂ 'ਚ ਲਗਾਤਾਰ ਬੱਚੇ ਵਧ ਰਹੇ ਹਨ, ਪਰ ਸਰਕਾਰ ਤੇ ਵਿਭਾਗ ਇਸ ਪ੍ਰਤੀ ਗੰਭੀਰ ਨਹੀਂ ਹੈ | ਉਨ੍ਹਾਂ ਦੱਸਿਆ ਕਿ 2021 'ਚ ਸਿੱਖਿਆ ਵਿਭਾਗ ਨੇ 8393 ਐਨ.ਟੀ.ਟੀ. ਦੀਆਂ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਸੀ, ਜੋ ਬਾਅਦ 'ਚ ਰੱਦ ਕਰ ਦਿੱਤਾ ਗਿਆ, ਪਰ ਇਹ ਅਸਾਮੀਆਂ ਅੱਜ ਵੀ ਵਿਭਾਗ ਦੇ ਗਜ਼ਟ ਦਾ ਹਿੱਸਾ ਬਣੀਆਂ ਹੋਈਆਂ ਹਨ | ਡੀ.ਟੀ.ਐੱਫ. ਦੇ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਜੇਕਰ ਸਰਕਾਰ ਅਸਲ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਚਲਾਉਣ ਲਈ ਗੰਭੀਰ ਹੈ ਤਾਂ ਤੁਰੰਤ ਐਨ.ਟੀ.ਟੀ. ਦੀ ਭਰਤੀ ਕੀਤੀ ਜਾਵੇ ਅਤੇ ਐਸੋਸੀਏਟ ਟੀਚਰਾਂ ਨੂੰ ਰੈਗੂਲਰ ਭਰਤੀ ਵਾਲੇ ਸਾਰੇ ਲਾਭ ਦਿੰਦੇ ਹੋਏ ਉਨ੍ਹਾਂ 'ਤੇ ਸੀ.ਐਸ.ਆਰ. ਦੇ ਨਿਯਮ ਲਾਗੂ ਕੀਤੇ ਜਾਣ, ਨਹੀਂ ਤਾਂ ਇਹ ਕਲਾਸਾਂ ਨਿੱਕੇ ਨਿਆਣਿਆਂ ਨੂੰ ਬਚਪਨ 'ਚ ਹੀ ਸੂਝ-ਬੂਝ ਦੇਣ ਦੀ ਬਜਾਏ ਕਦੋਂ ਵੀ ਦਮ ਤੋੜ ਸਕਦੀਆਂ ਹਨ |
ਪਿਛਲੀ ਖ਼ਬਰ ਡਾਕਟਰ ਭੀਮ ਰਾਓ ਅੰਬੇਦਕਰ ਦੀ ਜੈਅੰਤੀ ਤੇ ਵਿਸਾਖੀ ਦਿਹਾੜਾ ਮਨਾਏ ਅਗਲੀ ਖ਼ਬਰ 327ਵੇਂ ਖ਼ਾਲਸਾ ਸਾਜਨਾ ਦਿਵਸ ਨੂੰ ਸਿੱਖ ਸੰਗਤਾਂ ਨੇ ਪੂਰੇ ਜਾਹੋ-ਜਲਾਲ ਨਾਲ ਮਨਾਇਆ, ਧਾਰਮਿਕ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।