19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਡਰੋਨ ਮੈਪਿੰਗ ਨੂੰ ਲੈ ਕੇ ਮੌੜ ਇਲਾਕੇ ਦੇ ਕਿਸਾਨ ਚਿੰਤਤ ਘਸੋਖਾਨਾ ਤੇ ਭਾਈ ਬਖਤੌਰ ਦੇ ਲੋਕਾਂ ਵਲੋਂ ਸਰਵੇ ਦਾ ਵਿਰੋਧ , ਮਾਸਟਰ ਪਲਾਨ ਲਈ ਹੋ ਰਹੀ ਹੈ ਮੈਪਿੰਗ

ਮੌੜ ਮੰਡੀ, 19 ਅਗਸਤ (ਗੁਰਜੀਤ ਸਿੰਘ ਕਮਾਲੂ): ਮਹਾਰਾਸ਼ਟਰ ਦੀ ਇੱਕ ਕੰਪਨੀ ਵਲੋਂ ਮੌੜ ਇਲਾਕੇ ਵਿਚ ਡਰੋਨ ਰਾਹੀਂ ਕੀਤੀ ਜਾ ਰਹੀ ਮੈਪਿੰਗ ਨੂੰ ਲੈ ਕੇ ਪਿੰਡ ਘਸੋਖਾਨਾ ਅਤੇ ਭਾਈ ਬਖਤੌਰ ਦੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਹੈ। ਲੋਕਾਂ ਵਲੋਂ ਇਸ ਸਰਵੇ ਦਾ ਵਿਰੋਧ ਕਰਦਿਆਂ ਸਬੰਧਿਤ ਅਧਿਕਾਰੀਆਂ ਤੋਂ ਮੈਪਿੰਗ ਦੇ ਮਕਸਦ ਬਾਰੇ ਸਪੱਸ਼ਟ ਜਾਣਕਾਰੀ ਦੇਣ ਦੀ ਮੰਗ ਕੀਤੀ ਗਈ ਹੈ।

ਪਿੰਡ ਘਸੋਖਾਨਾ ਵਿਖੇ ਡਰੋਨ ਮੈਪਿੰਗ ਦਾ ਵਿਰੋਧ ਕਰਦੇ ਹੋਏ ਸਮਾਜ ਸੇਵੀ ਲੱਖਾ ਸਿੰਘ ਸਿੱਧਾਣਾ, ਸੁਖਜੀਤ ਸਿੰਘ ਰਾਏਖਾਨਾ ਅਤੇ ਹੋਰ ਪਿੰਡ ਵਾਸੀ। 19-08-2026
ਮੌੜ ਮੰਡੀ, 19 ਅਗਸਤ (ਗੁਰਜੀਤ ਸਿੰਘ ਕਮਾਲੂ): ਮਹਾਰਾਸ਼ਟਰ ਦੀ ਇੱਕ ਕੰਪਨੀ ਵਲੋਂ ਮੌੜ ਇਲਾਕੇ ਵਿਚ ਡਰੋਨ ਰਾਹੀਂ ਕੀਤੀ ਜਾ ਰਹੀ ਮੈਪਿੰਗ ਨੂੰ ਲੈ ਕੇ ਪਿੰਡ ਘਸੋਖਾਨਾ ਅਤੇ ਭਾਈ ਬਖਤੌਰ ਦੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਹੈ। ਲੋਕਾਂ ਵਲੋਂ ਇਸ ਸਰਵੇ ਦਾ ਵਿਰੋਧ ਕਰਦਿਆਂ ਸਬੰਧਿਤ ਅਧਿਕਾਰੀਆਂ ਤੋਂ ਮੈਪਿੰਗ ਦੇ ਮਕਸਦ ਬਾਰੇ ਸਪੱਸ਼ਟ ਜਾਣਕਾਰੀ ਦੇਣ ਦੀ ਮੰਗ ਕੀਤੀ ਗਈ ਹੈ।ਪਿੰਡ ਘਸੋਖਾਨਾ ਦੇ ਸਰਪੰਚ ਹਰਜਸ ਸਿੰਘ, ਸਮਾਜ ਸੇਵੀ ਸੁਖਜੀਤ ਸਿੰਘ, ਲਖਵੀਰ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਖੇਤਾਂ ਵਿਚ ਡਰੋਨ ਉਡਾਏ ਜਾਣ ਦੀ ਜਾਣਕਾਰੀ ਮਿਲਣ ’ਤੇ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਪੁੱਛਗਿੱਛ ਕੀਤੀ। ਸਬੰਧਿਤ ਵਿਅਕਤੀਆਂ ਵਲੋਂ ਦੱਸਿਆ ਗਿਆ ਕਿ ਇਲਾਕੇ ਵਿਚ ਸਕੂਲਾਂ ਅਤੇ ਹੋਰ ਵਿਕਾਸ ਕਾਰਜਾਂ ਸੰਬੰਧੀ ਮੈਪਿੰਗ ਕੀਤੀ ਜਾ ਰਹੀ ਹੈ। ਲੋਕਾਂ ਵਲੋਂ ਡਰੋਨ ਅਤੇ ਲੈਪਟਾਪਾਂ ਦੀ ਜਾਂਚ ਕੀਤੇ ਜਾਣ ਦੌਰਾਨ ਇੱਕ ਨਕਸ਼ਾ ਸਾਹਮਣੇ ਆਇਆ, ਜਿਸ ਵਿਚ ਮੌੜ ਇਲਾਕੇ ਦੇ ਕਈ ਪਿੰਡਾਂ ਤੋਂ ਇਲਾਵਾ ਬਠਿੰਡਾ ਅਤੇ ਮਾਨਸਾ ਜ਼ਿਲਿ੍ਹਆਂ ਦੇ ਕੁਝ ਪਿੰਡ ਵੀ ਪਿੰਨ ਕੀਤੇ ਹੋਏ ਸਨ। ਇਸ ਤੋਂ ਬਾਅਦ ਲੋਕਾਂ ਨੇ ਮੌਕੇ ’ਤੇ ਨਾਇਬ ਤਹਿਸੀਲਦਾਰ ਮੌੜ ਅਤੇ ਬਠਿੰਡਾ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੂੰ ਬੁਲਾਇਆ। ਲੋਕਾਂ ਮੁਤਾਬਿਕ ਨਾਇਬ ਤਹਿਸੀਲਦਾਰ ਵਲੋਂ ਪਹਿਲਾਂ ਇਸ ਮੈਪਿੰਗ ਸੰਬੰਧੀ ਅਣਜਾਣਤਾ ਪ੍ਰਗਟਾਈ ਗਈ, ਜਿਸ ’ਤੇ ਲੋਕਾਂ ਨੇ ਸਵਾਲ ਕੀਤਾ ਕਿ ਜੇਕਰ ਮਾਮਲਾ ਜ਼ਮੀਨਾਂ ਨਾਲ ਸਬੰਧਿਤ ਹੈ ਤਾਂ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਹੈ। ਇਸ ਮੌਕੇ ਸਮਾਜ ਸੇਵੀ ਲੱਖਾ ਸਿੰਘ ਸਿੱਧਾਣਾ ਨੇ ਕਿਹਾ ਕਿ ਲੋਕਾਂ ਦੀਆਂ ਜ਼ਮੀਨਾਂ ਵਿਚ ਕਿਸੇ ਪ੍ਰਾਈਵੇਟ ਕੰਪਨੀ ਵਲੋਂ ਬਿਨਾਂ ਜਾਣਕਾਰੀ ਦਿੱਤੇ ਸਰਵੇ ਕਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ’ ਤੇ ਕਿਸਾਨਾਂ ਦੀਆਂ ਜ਼ਮੀਨਾਂ ਨਾਲ ਸਬੰਧਿਤ ਕੋਈ ਵੀ ਕਾਰਵਾਈ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋਣੀ ਚਾਹੀਦੀ ਅਤੇ ਇਸ ਮਾਮਲੇ ’ਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਸ ਮਾਮਲੇ ਸੰਬੰਧੀ ਜਦੋਂ ਐਸ.ਡੀ.ਐਮ. ਮੌੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਜ਼ਿਲ੍ਹਾ ਨਗਰ ਯੋਜਨਾਕਾਰ ਨਾਲ ਗੱਲ ਕਰਨ ਲਈ ਕਿਹਾ। ਜ਼ਿਲ੍ਹਾ ਨਗਰ ਯੋਜਨਾਕਾਰ ਦੇ ਲੈਂਡਲਾਈਨ ਨੰਬਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫ਼ੋਨ ਨਹੀਂ ਚੁੱਕਿਆ ਗਿਆ। ਤਹਿਸੀਲਦਾਰ ਮੌੜ ਨੇ ਕਿਸੇ ਮੰਤਰੀ ਦੇ ਪ੍ਰੋਗਰਾਮ ਵਿਚ ਹੋਣ ਦੀ ਗੱਲ ਆਖ ਕੇ ਫ਼ੋਨ ਕੱਟ ਦਿੱਤਾ ਅਤੇ ਬਾਅਦ ਵਿਚ ਸੰਪਰਕ ਨਹੀਂ ਹੋ ਸਕਿਆ। ਹਾਲਾਂਕਿ ਸਰਕਾਰੀ ਅਧਿਕਾਰੀਆਂ ਵਲੋਂ ਇਸ ਮਾਮਲੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ, ਪਰ ਲੋਕਾਂ ਦੇ ਹੱਥ ਲੱਗੇ ਇੱਕ ਪੱਤਰ ਤੋਂ ਪਤਾ ਲੱਗਦਾ ਹੈ ਕਿ ਪੱਤਰ ਨੰਬਰ 776 ਡੀ.ਟੀ.ਪੀ.(ਬ)/ਐਫ.ਐਸ.ਬੀ.-ਐਸ.ਏ., ਮਿਤੀ 26 ਜੂਨ 2026 ਰਾਹੀਂ ਸਹਾਇਕ ਕਮਿਸ਼ਨਰ (ਜ) ਬਠਿੰਡਾ, ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਵਲੋਂ ਬਠਿੰਡਾ ਕਲਸਟਰ ਦਾ ਜੀ.ਆਈ.ਐਸ. ਆਧਾਰਤ ਮਾਸਟਰ ਪਲਾਨ ਕਮ ਜ਼ੋਨਲ ਡਿਵੈਲਪਮੈਂਟ ਪਲਾਨ ਤਿਆਰ ਕਰਨ ਲਈ ਮੌੜ, ਬਠਿੰਡਾ ਐਕਸਟੈਨਸ਼ਨ ਅਤੇ ਭਗਤਾ ਭਾਈਕਾ ਸਮੇਤ ਇਲਾਕਿਆਂ ਵਿਚ ਡਰੋਨ ਉਡਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਡਰੋਨ ਮੈਪਿੰਗ ਮਾਸਟਰ ਪਲਾਨ ਤਿਆਰ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਹੈ। ਇਸ ਦੇ ਬਾਵਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸੰਬੰਧੀ ਪਹਿਲਾਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਵਿਚ ਸ਼ੰਕੇ ਪੈਦਾ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਲੋਂ 20 ਅਗਸਤ ਨੂੰ ਐਸ.ਡੀ.ਐਮ. ਦਫ਼ਤਰ ਵਿਖੇ ਇਕੱਠੇ ਹੋਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਕਿਸਾਨਾਂ ਵਲੋਂ ਅਧਿਕਾਰੀਆਂ ਤੋਂ ਪੁੱਛਿਆ ਜਾਵੇਗਾ ਕਿ ਡਰੋਨ ਮੈਪਿੰਗ ਕਿਸ ਮੰਤਵ ਲਈ ਕੀਤੀ ਜਾ ਰਹੀ ਹੈ ਅਤੇ ਮਾਸਟਰ ਪਲਾਨ ਵਿਚ ਕਿਸਾਨਾਂ ਦੀਆਂ ਜ਼ਮੀਨਾਂ ਸੰਬੰਧੀ ਕੀ ਤਜਵੀਜ਼ਾਂ ਹਨ। ਕਿਸੇ ਵੀ ਕੀਮਤ ’ ਤੇ ਜ਼ਮੀਨਾਂ ਐਕੁਆਇਰ ਨਹੀਂ ਹੋਣ ਦੇਵਾਂਗੇ : ਬੱਗੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਸਰਕਾਰਾਂ ਵਲੋਂ ਕਦੇ ਕਾਲੋਨੀਆਂ, ਕਦੇ ਲੈਂਡ ਪੂਲਿੰਗ ਅਤੇ ਕਦੇ ਡਿਵੈਲਪਮੈਂਟ ਦੇ ਨਾਂ ’ਤੇ ਮਾਸਟਰ ਪਲਾਨ ਤਿਆਰ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਉਨ੍ਹਾਂ ਦੀ ਜਾਣਕਾਰੀ ਅਤੇ ਸਹਿਮਤੀ ਤੋਂ ਬਿਨਾਂ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹਨ ਅਤੇ ਕਿਸਾਨਾਂ ਦੇ ਹੱਕਾਂ ਨਾਲ ਸਬੰਧਿਤ ਕਿਸੇ ਵੀ ਮਾਮਲੇ ਵਿਚ ਲੋੜ ਪੈਣ ’ਤੇ ਡਟਵਾਂ ਸੰਘਰਸ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਰਾਸਤੀ ਮੇਲੇ ਦੀ ਧੂਮ ਅਗਲੀ ਖ਼ਬਰ ਐਡਵੋਕੇਟ ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ, ਡਾ. ਓਮ ਪ੍ਰਕਾਸ਼ ਸ਼ਰਮਾ, ਅਮਰਿੰਦਰ ਸਿੰਘ ਸਿੱਧੂ, ਜੀਵਨ ਜੋਤ ਸਿੰਘ ਡਾਇਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।