ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲਾਣ)- ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਵਰਨਾ ਕਾਰ ਸਵਾਰ ਦੋ ਜਣਿਆਂ ਨੂੰ ਕਰੀਬ 98 ਕਿੱਲੋ ਭੁੱਕੀ ਅਤੇ 50 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਹੈ¢ ਇਸ ਸਬੰਧੀ ਕਾਨਫ਼ਰੰਸ ਕਰਦਿਆਂ ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ 6-7 ਮਈ ਦੀ ਦਰਮਿਆਨੀ ਰਾਤ ਨੂੰ ਥਾਣਾ ਕੋਟ ਫੱਤਾ ਅਤੇ ਚੌਂਕੀ ਇੰਡਸਟ੍ਰੀਅਲ ਏਰੀਆ, ਥਾਣਾ ਸਦਰ ਬਠਿੰਡਾ ਦੀਆਂ ਪੁਲਿਸ ਟੀਮਾਂ ਵਲੋਂ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਲਈ ਜੱਸੀ ਚੌਂਕ ਬਠਿੰਡਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਿਸ ਨੇ ਐੱਚ.ਆਰ-25ਜੀ-9720 ਨੰਬਰ ਦੀ ਵਰਨਾ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਕਾਰ ਵਿਚੋਂ 07 ਗੱਟੇ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ, ਜਿਸ ਦਾ ਕੁੱਲ ਵਜ਼ਨ 98 ਕਿੱਲੋ ਪਾਇਆ ਗਿਆ¢ ਪੁਲਿਸ ਨੇ ਕਾਰ ਵਿਚੋਂ 50,000 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ¢ ਐਸ.ਪੀ. ਸਿਟੀ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਕਾਰ ਸਵਾਰ ਦੋ ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ, ਜਿਨਾਂ ਨੇ ਪੁੱਛਗਿੱਛ ਦੌਰਾਨ ਆਪਣਾ ਨਾਮ ਬੀਲਾ ਸਰਾਂ ਅਤੇ ਹਰਗੋਬਿੰਦ ਸਿੰਘ ਉਰਫ਼ ਘੀਲਾ ਦੱਸਿਆ, ਜੋ ਕਿ ਪਿੰਡ ਦੇਸੂ ਯੋਧਾ, ਜ਼ਿਲਾ ਸਿਰਸਾ (ਹਰਿਆਣਾ) ਦੇ ਰਹਿਣ ਵਾਲੇ ਹਨ¢ ਦੋਵਾਂ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ¢ ਉਨਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਪਤਾ ਚੱਲਿਆ ਕਿ ਬੀਲਾ ਸਰਾਂ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਤੇ ਹੋਰ ਧਾਰਾਵਾਂ ਤਹਿਤ 5 ਮੁਕੱਦਮੇ ਦਰਜ ਹਨ | ਉਨਾਂ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ¢