ਭੁੱਚੋ ਮੰਡੀ, 1 ਅਪ੍ਰੈਲ (ਜੌੜਾ)-ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਸਥਾਨਕ ਸਮੂਹ ਆੜ੍ਹਤੀਆਂ ਨੇ ਅਣਮਿਥੇ ਸਮੇਂ ਦੀ ਹੜਤਾਲ ਕਰ ਦਿੱਤੀ | ਇਸ ਦੌਰਾਨ ਆੜ੍ਹਤੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਗਰਗ ਨੇ ਕਿਹਾ ਕਿ ਸਰਕਾਰ ਆੜ੍ਹਤੀਆਂ ਦੀਆਂ ਢਾਈ ਫ਼ੀਸਦੀ ਆੜ੍ਹਤ ਸਮੇਤ ਸਾਰੀਆਂ ਜਾਇਜ਼ ਮੰਗਾਂ ਤੁਰੰਤ ਸਵੀਕਾਰ ਕਰੇ | ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਕਣਕ ਦਾ ਭਾਅ ਵਧਦਾ ਜਾਂਦਾ ਹੈ, ਆੜ੍ਹਤ ਦੀ ਪ੍ਰਤੀਸ਼ਤਤਾ ਘਟਦੀ ਜਾਂਦੀ ਹੈ ਅਤੇ ਮੌਜੂਦਾ ਸਮੇਂ ਇਹ 2 ਫ਼ੀਸਦੀ ਦੇ ਕਰੀਬ ਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲਤ ਰਹੀ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਕਣਕ 'ਤੇ ਆੜ੍ਹਤ 1.5 ਫ਼ੀਸਦੀ ਹੀ ਰਹਿ ਜਾਵੇਗੀ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦਾ 58 ਕਰੋੜ ਰੁਪਏ ਈ. ਪੀ. ਐਫ ਦੇ ਕੇਂਦਰ ਤੇ ਸਟੇਟ ਏਜੰਸੀਆਂ ਕੋਲ ਬਕਾਇਆ ਪਏ ਹਨ ਅਤੇ ਵਿਭਾਗ ਵਲੋਂ ਆੜ੍ਹਤੀਆਂ ਨੂੰ ਨੋਟਿਸ ਆਦਿ ਭੇਜ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਵਲੋਂ 16 ਮਾਰਚ ਨੂੰ ਮਖੂ ਵਿਖੇ ਵੱਡਾ ਇਕੱਠ ਕਰਕੇ ਐਲਾਨ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਨੇ ਆੜ੍ਹਤੀਆਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਪਹਿਲੀ ਅਪ੍ਰੈਲ ਤੋਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ | ਉਨ੍ਹਾਂ ਸਪਸ਼ਟ ਕੀਤਾ ਕਿ ਹੜਤਾਲ ਸਿਰਫ਼ ਕਣਕ ਦੀ ਫ਼ਸਲ ਲਈ ਹੈ, ਦੂਜੀਆਂ ਫ਼ਸਲਾਂ ਸਰੋਂ੍ਹ ਤੇ ਜੌਂ ਵਗ਼ੈਰਾ ਇਸ ਤੋਂ ਬਾਹਰ ਹਨ | ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਭਰਤ ਸਿੰਗਲਾ ਨੇ ਕਿਹਾ ਕਿ ਸਰਕਾਰ ਆੜ੍ਹਤੀਆਂ ਨੂੰ ਕਣਕ ਅਤੇ ਝੋਨੇ 'ਤੇ ਢਾਈ ਫ਼ੀਸਦੀ ਕਮਿਸ਼ਨ ਦੇਣਾ ਲਾਜ਼ਮੀ ਬਣਾਏ | ਇਸ ਮੌਕੇ ਯਸ਼ਪਾਲ ਮਿੱਤਲ, ਮਨੋਜ ਕੁਮਾਰ ਮੰਨੂ, ਵਿਕਾਸ ਬਾਂਸਲ, ਦੀਪਕ ਗਰਗ, ਦਵਿੰਦਰ ਸਿੰਗਲਾ, ਰਾਜ ਕੁਮਾਰ ਸਿੰਗਲਾ ਅਤੇ ਧੀਰਜ ਬਾਂਸਲ ਵੀ ਮੌਜੂਦ ਸਨ |
ਕਣਕ ਦੀ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਭੁੱਚੋ ਮੰਡੀ ਦੇ ਸਮੂਹ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ <br/>
ਅਜੀਤ ਡੈਸਕ
02-04-2026