ਪੰਜੇ ਕੇ ਉਤਾੜ, 15 ਅਕਤੂਬਰ (ਪੱਪੂ ਸੰਧਾ)- ਮੰਡੀ ਪੰਜੇ ਕੇ ਉਤਾੜ ਅਤੇ ਆਸ-ਪਾਸ ਦੇ ਪਿੰਡਾਂ ਵਿਚ ਹੋਈ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਅਚਾਨਕ ਬਦਲੇ ਮੌਸਮ ਨੇ ਜਿੱਥੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉੱਥੇ ਹੀ ਖੇਤਾਂ ਵਿਚ ਖੜ੍ਹੀ ਤੇ ਮੰਡੀਆਂ ਵਿਚ ਪਈ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਹਨ। ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਪੱਕ ਕੇ ਤਿਆਰ ਹੋਈ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਫ਼ਸਲ ਤਿਆਰ ਕੀਤੀ ਹੈ ਪਰ ਮੌਸਮ ਦੀ ਅਚਾਨਕ ਤਬਦੀਲੀ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਬਾਰਿਸ਼ ਕਾਰਨ ਖੇਤਾਂ ’ਚ ਪਾਣੀ ਖੜ੍ਹਾ ਹੋਣ ਤੇ ਗੜ੍ਹੇਮਾਰੀ ਨਾਲ ਫ਼ਸਲ ਦੇ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਮੰਡੀਆਂ ’ਚ ਪਈ ਫ਼ਸਲ ਦੇ ਭਿੱਜਣ ਕਾਰਨ ਖ਼ਰੀਦ ਤੇ ਸਾਂਭ-ਸੰਭਾਲ ਦਾ ਕੰਮ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਕਿਸਾਨਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਮੌਸਮ ਇਸੇ ਤਰ੍ਹਾਂ ਖ਼ਰਾਬ ਰਿਹਾ ਤਾਂ ਝੋਨੇ ਦੀ ਪੈਦਾਵਾਰ ਤੇ ਗੁਣਵੱਤਾ ’ਤੇ ਮਾੜਾ ਅਸਰ ਪੈ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਪਹਿਲਾਂ ਹੀ ਖੇਤੀਬਾੜੀ ਦੀਆਂ ਵਧਦੀਆਂ ਲਾਗਤਾਂ ਕਾਰਨ ਕਿਸਾਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਤੇ ਹੁਣ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਨੇ ਉਨ੍ਹਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਗਿਰਦਾਵਰੀ ਕਰਵਾ ਕੇ ਫ਼ਸਲਾਂ ਦੇ ਨੁਕਸਾਨ ਦਾ ਸਹੀ ਮੁਲਾਂਕਣ ਕੀਤਾ ਜਾਵੇ ਤੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਮੰਡੀ ਪੰਜੇ ਕੇ ਉਤਾੜ ਤੇ ਆਸ-ਪਾਸ ਦੇ ਇਲਾਕਿਆਂ ’ਚ ਭਾਰੀ ਬਾਰਿਸ਼ ਤੇ ਗੜ੍ਹੇਮਾਰੀ
ਪੰਜੇ ਕੇ ਉਤਾੜ, 15 ਅਕਤੂਬਰ (ਪੱਪੂ ਸੰਧਾ)- ਮੰਡੀ ਪੰਜੇ ਕੇ ਉਤਾੜ ਅਤੇ ਆਸ-ਪਾਸ ਦੇ ਪਿੰਡਾਂ ਵਿਚ ਹੋਈ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਅਚਾਨਕ ਬਦਲੇ ਮੌਸਮ ਨੇ ਜਿੱਥੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉੱਥੇ ਹੀ ਖੇਤਾਂ ਵਿਚ ਖੜ੍ਹੀ ਤੇ ਮੰਡੀਆਂ ਵਿਚ ਪਈ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਹਨ।
ਮੰਡੀ ’ਚ ਪਈ ਝੋਨੇ ਦੀ ਫ਼ਸਲ ’ਤੇ ਡਿੱਗੇ ਹੋਏ ਗੜ੍ਹੇ। ਤਸਵੀਰ- ਪੱਪੂ ਸੰਧਾ
16-10-2026