ਫ਼ਿਰੋਜ਼ਪੁਰ,19 ਅਗਸਤ (ਕੁਲਬੀਰ ਸਿੰਘ ਸੋਢੀ): ਐੱਨ.ਐੱਚ.ਐੱਮ ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਐੱਨ.ਐੱਚ.ਐੱਮ ਕਰਮਚਾਰੀਆਂ ਵਲੋਂ ਪੰਜਵੇਂ ਦਿਨ ਵੀ ਕੰਮ ਛੱਡੋ ਹੜਤਾਲ ਜਾਰੀ ਰੱਖੀ ਗਈ ਹੈ। ਇਸ ਸਬੰਧੀ ਐੱਨ.ਐੱਚ.ਐੱਮ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਦੇ ਹੱਲ ਸਬੰਧੀ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਮੰਗ ਪੱਤਰ ਵੀ ਦਿੱਤਾ। ਬਗੀਚ ਸਿੰਘ ਨਾਗਪਾਲ ਜ਼ਿਲ੍ਹਾ ਆਗੂ ਨੇ ਕਿਹਾ ਕਿ ਅਸੀਂ ਪਿਛਲੇ 15 ਸਾਲਾਂ ਤੋਂ ਸਿਹਤ ਵਿਭਾਗ ਅਧੀਨ ਐੱਨ.ਐੱਚ.ਐੱਮ ਵਿਚ ਕੰਟਰੈਕਟ ’ਤੇ ਬਹੁਤ ਹੀ ਨਿਗੂਣੀਆਂ ਤਨਖਾਹਾਂ ’ਤੇ ਕੰਮ ਰਹੇ ਹਾਂ ਅਤੇ ਸਾਡੀ ਭਰਤੀ/ਨਿਯੁਕਤੀ ਸਰਕਾਰ ਦੇ ਨਿਯਮਾਂ ਜਿਵੇਂ ਕਿ ਐਡਵਰਟਾਈਜਮੈਂਟ ਰਾਹੀਂ, ਮੈਰਿਟ, ਟੈਸਟ, ਇੰਟਰਵਿਊ, ਰਾਖਵਾਂਕਰਨ ਆਦਿ ਦੀ ਪਾਲਣਾ ਕਰਕੇ ਕੀਤੀ ਗਈ ਹੈ। ਪਰ ਬਹੁਤ ਦੁੱਖ ਵਾਲੀ ਗੱਲ ਹੈ ਕਿ ਹਰ ਰਵਾਇਤੀ ਪਾਰਟੀ ਦੀ ਸਰਕਾਰ ਨੇ ਸਾਨੂੰ ਰੱਜਕੇ ਅਣਦੇਖਿਆ ਕੀਤਾ ਗਿਆ ਹੈ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੀ ਆਵਾਜ਼ ’ਚ ਕਿਹਾ ਕਿ ਸਰਕਾਰ ਅਤੇ ਵਿਭਾਗ ਨੂੰ ਤੁਰੰਤ ਸਾਡੀਆਂ ਹੱਕੀ ਮੰਗਾਂ ਮੰਨਦੇ ਹੋਏ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਆਗੂ ਨਰਿੰਦਰ ਸਿੰਘ ਵਲੋਂ ਅਗਲੇ ਪ੍ਰੋਗਰਾਮ ਵੱਲ ਇਸ਼ਾਰਾ ਕਰਦਿਆ ਕਿਹਾ ਗਿਆ ਕਿ ਅੱਜ 20 ਅਗਸਤ ਨੂੰ ਯੂਨੀਅਨ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ’ਤੇ ਕਰਨਜੀਤ ਸਿੰਘ, ਸੁਖਦੇਵ ਰਾਜ, ਰਵੀ ਚੌਪੜਾ, ਸੁਮੀਤ ਕੁਮਾਰ, ਮੁਕੇਸ਼ ਕੁਮਾਰ, ਸਿਮਰਨਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਜਸਪਾਲ ਸ਼ਰਮਾਂ, ਰਿੰਕੂ ਕੰਬੋਜ਼, ਅਮਰਿੰਦਰ ਸਿੰਘ ਆਦਿ ਆਗੂ ਅਤੇ ਕਰਮਚਾਰੀ ਹਾਜ਼ਰ ਸਨ।