18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਪਣਾ ਤਨ, ਮਨ ਅਤੇ ਧਨ ਸਮਾਜ ਦੇ ਲੇਖੇ ਲਾ ਕੇ ਕੁਲਦੀਪ ਸਿੰਘ ਭੁੱਲਰ ਨੇ ਰਚੀ ਸੇਵਾ ਦੀ ਅਨੋਖੀ ਮਿਸਾਲ * ਨਿੱਜੀ ਜਾਇਦਾਦ ਪਿੰਗਲਵਾੜਾ ਦੇ ਨਾਂਅ ਕੀਤੀ * ਪਿੰਡ ਦੇ ਗੁਰਦੁਆਰਾ ਸਾਹਿਬ ਤੇ ਸਰਕਾਰੀ ਸਕੂਲ ਨੂੰ ਦਿੱਤੇ 10-10 ਲੱਖ ਰੁਪਏ

ਫ਼ਿਰੋਜ਼ਪੁਰ, 17 ਅਗਸਤ (ਗੁਰਿੰਦਰ ਸਿੰਘ)-ਸਮਾਜ ਸੇਵੀ ਕੁਲਦੀਪ ਸਿੰਘ ਭੁੱਲਰ ਨੇ ਆਪਣਾ ਤਨ, ਮਨ ਅਤੇ ਧਨ ਲੋਕ ਭਲਾਈ ਦੇ ਲੇਖੇ ਲਾ ਕੇ ਸੇਵਾ ਦੀ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ, ਜੋ ਲੰਮੇ ਸਮੇਂ ਤੱਕ ਲੋਕਾਂ ਦੇ ਦਿਲਾਂ ਵਿਚ ਵੱਸਦੀ ਰਹੇਗੀ। ਉਨ੍ਹਾਂ ਆਪਣੇ ਪਰਿਵਾਰ ਪਤਨੀ ਸ੍ਰੀਮਤੀ ਰਣਜੀਤ ਕੌਰ ਭੁੱਲਰ ਅਤੇ ਪੁੱਤਰਾਂ ਅਰਸ਼ਦੀਪ ਸਿੰਘ ਭੁੱਲਰ ਤੇ ਦਿਲਦੀਪ ਸਿੰਘ ਭੁੱਲਰ ਦੀ ਸਹਿਮਤੀ ਨਾਲ ਆਪਣੀ ਨਿੱਜੀ ਜਾਇਦਾਦ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂਅ ਕਰ ਦਿੱਤੀ ਹੈ।

ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਵਿਖੇ ਬੀਬੀ ਇੰਦਰਜੀਤ ਕੌਰ ਨੂੰ ਵਸੀਅਤ ਦੀ ਕਾਪੀ ਸੌਂਪਦੇ ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਭੁੱਲਰ ਨਾਲ ਪਤਨੀ ਰਣਜੀਤ ਕੌਰ ਭੁੱਲਰ, ਬੇਟੇ ਅਰਸ਼ਦੀਪ ਸਿੰਘ ਭੁੱਲਰ ਅਤੇ ਦਿਲਦੀਪ ਸਿੰਘ ਭੁੱਲਰ। ਅਜੀਤ ਤਸਵੀਰ 18-08-2026
ਫ਼ਿਰੋਜ਼ਪੁਰ, 17 ਅਗਸਤ (ਗੁਰਿੰਦਰ ਸਿੰਘ)-ਸਮਾਜ ਸੇਵੀ ਕੁਲਦੀਪ ਸਿੰਘ ਭੁੱਲਰ ਨੇ ਆਪਣਾ ਤਨ, ਮਨ ਅਤੇ ਧਨ ਲੋਕ ਭਲਾਈ ਦੇ ਲੇਖੇ ਲਾ ਕੇ ਸੇਵਾ ਦੀ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ, ਜੋ ਲੰਮੇ ਸਮੇਂ ਤੱਕ ਲੋਕਾਂ ਦੇ ਦਿਲਾਂ ਵਿਚ ਵੱਸਦੀ ਰਹੇਗੀ। ਉਨ੍ਹਾਂ ਆਪਣੇ ਪਰਿਵਾਰ ਪਤਨੀ ਸ੍ਰੀਮਤੀ ਰਣਜੀਤ ਕੌਰ ਭੁੱਲਰ ਅਤੇ ਪੁੱਤਰਾਂ ਅਰਸ਼ਦੀਪ ਸਿੰਘ ਭੁੱਲਰ ਤੇ ਦਿਲਦੀਪ ਸਿੰਘ ਭੁੱਲਰ ਦੀ ਸਹਿਮਤੀ ਨਾਲ ਆਪਣੀ ਨਿੱਜੀ ਜਾਇਦਾਦ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂਅ ਕਰ ਦਿੱਤੀ ਹੈ। ਕੁਲਦੀਪ ਸਿੰਘ ਭੁੱਲਰ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਪਿੰਗਲਵਾੜਾ ਪਹੁੰਚੇ ਅਤੇ ਵਸੀਅਤ ਦੀ ਕਾਪੀ ਪਿੰਗਲਵਾੜਾ ਦੀ ਇੰਚਾਰਜ ਬੀਬੀ ਇੰਦਰਜੀਤ ਕੌਰ ਨੂੰ ਸੌਂਪੀ। ਉਨ੍ਹਾਂ ਦਾ ਇਹ ਫ਼ੈਸਲਾ ਇਸ ਗੱਲ ਦਾ ਪ੍ਰਤੀਕ ਹੈ ਕਿ ਮਨੁੱਖ ਦੀ ਅਸਲ ਦੌਲਤ ਉਸ ਦੀ ਜਾਇਦਾਦ ਨਹੀਂ, ਸਗੋਂ ਉਹ ਨੇਕ ਕਾਰਜ ਹਨ, ਜੋ ਉਸ ਦੇ ਜਾਣ ਤੋਂ ਬਾਅਦ ਵੀ ਸਮਾਜ ਦੇ ਕੰਮ ਆਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਸ. ਭੁੱਲਰ ਨੇ ਆਪਣੇ ਜੱਦੀ ਪਿੰਡ ਸਤੀਏ ਵਾਲਾ ਦੇ ਗੁਰਦੁਆਰਾ ਸਾਹਿਬ ਲਈ 10 ਲੱਖ ਰੁਪਏ ਅਤੇ ਪਿੰਡ ਦੇ ਸਰਕਾਰੀ ਸਕੂਲ ਲਈ ਵੀ 10 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਗੁਰਦੁਆਰਾ ਸਾਹਿਬ ਲਈ ਦਿੱਤੀ ਰਕਮ ਦੇ ਵਿਆਜ ਨਾਲ ਗ੍ਰੰਥੀ ਸਿੰਘ ਨੂੰ ਤਨਖਾਹ ਤੋਂ ਇਲਾਵਾ ਸਹਾਇਤਾ ਮਿਲੇਗੀ। ਜਦਕਿ ਸਕੂਲ ਦੇ ਨਾਮ ਕੀਤੀ ਰਕਮ ਦੇ ਵਿਆਜ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਅਤੇ ਪੜ੍ਹਨ ਲਈ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਇਹ ਸਹਾਇਤਾ ਪਿੰਡ ਦੇ ਮੌਜੂਦਾ ਸਰਪੰਚ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਸਿਫ਼ਾਰਸ਼ ਅਨੁਸਾਰ ਦਿੱਤੀ ਜਾਵੇਗੀ। ਕੁਲਦੀਪ ਸਿੰਘ ਭੁੱਲਰ ਨੇ ਮਰਨ ਉਪਰੰਤ ਆਪਣੇ ਸਾਰੇ ਅੰਗ ਦਾਨ ਕਰਨ ਦਾ ਸੰਕਲਪ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਕੇਵਲ ਆਪਣੇ ਲਈ ਜੀਉਣਾ ਨਹੀਂ, ਸਗੋਂ ਸਮਾਜ ਲਈ ਕੁਝ ਅਜਿਹਾ ਕਰਨਾ ਹੈ। ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹਦਾਰੀ ਬਣੇ। ਉਨ੍ਹਾਂ ਵਲੋਂ ਯੋਗ ਕੇਂਦਰ ਸਤੀਏ ਵਾਲਾ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਅਤੇ ਰੋਗਾਂ ਤੋਂ ਰਾਹਤ ਦਿਵਾਉਣ ਲਈ ਯੋਗ ਆਸਣਾਂ ਰਾਹੀਂ ਮੁਫ਼ਤ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੈ ਤਾਂ ਉਸ ਨੂੰ ਨਿਰਾਸ਼ ਨਾ ਹੋਣ ਦਿੱਤਾ ਜਾਵੇ, ਸਗੋਂ ਯੋਗ ਕੇਂਦਰ ਨਾਲ ਸੰਪਰਕ ਕਰਕੇ ਉਸ ਦੀ ਜ਼ਿੰਦਗੀ ਨੂੰ ਮੁੜ ਸਹੀ ਰਾਹ ’ਤੇ ਲਿਆਉਣ ਦਾ ਯਤਨ ਕੀਤਾ ਜਾਵੇ।
ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ 15 ਅਗਸਤ ਦੇ ਜਸ਼ਨਾਂ ਮੌਕੇ ਲਗਾਇਆ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।