ਫ਼ਿਰੋਜ਼ਪੁਰ, 14 ਅਪ੍ਰੈਲ (ਗੁਰਿੰਦਰ ਸਿੰਘ)- ਸਥਾਨਕ ਆਰ. ਐਸ. ਡੀ ਰਾਜ ਰਤਨ ਪਬਲਿਕ ਸਕੂਲ ਵਿਚ ਵਿਸਾਖੀ ਦਾ ਪਵਿੱਤਰ ਤਿਉਹਾਰ ਧੂਮਧਾਮ, ਸ਼ਰਧਾ ਅਤੇ ਖ਼ੁਸ਼ੀ ਦੇ ਮਾਹੌਲ ਵਿਚ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਬੱਚਿਆਂ ਵਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮਾਂ ਨਾਲ ਹੋਈ | ਵਿਦਿਆਰਥੀਆਂ ਨੇ ਫੈਂਸੀ ਡਰੈੱਸ ਮੁਕਾਬਲੇ ਵਿਚ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਹੋਏ ਰਵਾਇਤੀ ਪਹਿਰਾਵੇ ਪਹਿਨ ਕੇ ਸਭ ਦਾ ਮਨ ਮੋਹ ਲਿਆ | ਇਸ ਤੋਂ ਇਲਾਵਾ ਗਰੁੱਪ ਡਾਂਸ ਅਤੇ ਵਾਦ-ਵਿਵਾਦ ਮੁਕਾਬਲਿਆਂ ਵਿਚ ਵੀ ਬੱਚਿਆਂ ਨੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨੂੰ ਹਾਜ਼ਰ ਦਰਸ਼ਕਾਂ ਵਲੋਂ ਖ਼ੂਬ ਸਲਾਹਿਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਪ੍ਰਵੀਨ ਅÏਲ ਨੇ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਹਾੜਾ ਸਿੱਖ ਇਤਿਹਾਸ ਵਿਚ ਖ਼ਾਸ ਸਥਾਨ ਰੱਖਦਾ ਹੈ, ਕਿਉਂਕਿ ਇਸ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਹੋਈ ਸੀ | ਉਨ੍ਹਾਂ ਨੇ ਬੱਚਿਆਂ ਨੂੰ ਸਚਾਈ, ਹਿੰਮਤ ਅਤੇ ਨਿਆਂ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਚਾਹ-ਪਾਣੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਨਾਲ ਸਮਾਗਮ ਦੀ ਰੌਣਕ ਹੋਰ ਵੱਧ ਗਈ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਸ. ਸੀ. ਸਾਂਵਲਾ, ਸਕੱਤਰ ਰਜਨੀਸ਼ ਸਾਂਵਲਾ, ਡਾਇਰੈਕਟਰ ਐੱਸ. ਪੀ. ਆਨੰਦ ਅਤੇ ਪਿ੍ੰਸੀਪਲ ਡਾ. ਪ੍ਰਵੀਨ ਅÏਲ ਨੇ ਸਾਰੇ ਹਾਜ਼ਰ ਲੋਕਾਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਸਮਾਜ ਵਿਚ ਭਾਈਚਾਰੇ ਅਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ |