ਜ਼ੀਰਾ, 14 ਅਪ੍ਰੈਲ (ਗਿੱਲ)-ਕਣਕ ਦੀ ਫ਼ਸਲ ਵੇਚਣ ਲਈ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਰੋਸ ਪ੍ਰਗਟ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਮੰਡੀਆਂ ਵਿਚ ਸਰਕਾਰ ਵਲੋਂ ਕਣਕ ਖ਼ਰੀਦਣ ਦੇ ਤੁਰੰਤ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਦੀ ਖੱਜਲ ਖ਼ੁਆਰੀ ਰੋਕੀ ਜਾ ਸਕੇ | ਦਾਣਾ ਮੰਡੀ ਜ਼ੀਰਾ ਵਿਖੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਹਫ਼ਤੇ ਭਰ ਤੋਂ ਮੰਡੀਆਂ ਵਿਚ ਰੁਲ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਕੇਂਦਰੀ ਏਜੰਸੀਆਂ ਕਿਸਾਨਾਂ ਦੀ ਫਸਲ ਖ਼ਰੀਦਣ ਤੋਂ ਬਹਾਨੇ ਬਣਾ ਕੇ ਟਾਲਾ ਵੱਟ ਰਹੀਆਂ ਹਨ | ਉਨ੍ਹਾਂ ਕਿਹਾ ਕੇਂਦਰੀ ਏਜੰਸੀਆਂ ਦੇ ਇੰਸਪੈਕਟਰਾਂ ਵਲੋਂ ਕੀਤੀ ਹੜਤਾਲ ਕਾਰਨ ਹਫ਼ਤੇ ਭਰ ਤੋਂ ਖ਼ਰੀਦ ਦਾ ਕੰਮ ਰੁਕਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਹ ਖ਼ਰੀਦ ਦਾ ਕੰਮ ਰੁਕਣ ਕਾਰਨ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜ਼ੀਰੇ ਦੀ ਦਾਣਾ ਮੰਡੀ ਵਿਚ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ,ਇੰਸਪੈਕਟਰਾਂ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਮੀਟਿੰਗ ਕੀਤੀ ਹੈ | ਕਿਸਾਨ ਆਗੂਆਂ ਨੂੰ ਵਿਧਾਇਕ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਤੁਰੰਤ ਖ਼ਰੀਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ | ਸੂਬਾ ਪ੍ਰਧਾਨ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਕਿਸਾਨਾਂ ਦੀ ਖੱਜਲਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਫੇਰੋ ਕੇ, ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਲੀਪੁਰ, ਬੂਟਾ ਸਿੰਘ ਲਹਿਰਾਂ ਹਰਭਜਨ ਸਿੰਘ, ਕਾਲਾ ਸਿੰਘ ਲਹੌਕਾ, ਸੁਖਦੇਵ ਸਿੰਘ ਜੱਲੇਖਾ, ਗੁਰਮੇਲ ਸਿੰਘ,ਜਰਮਲ ਸਿੰਘ ਅਤੇ ਕਿਸਾਨ- ਮਜ਼ਦੂਰ ਸੰਘਰਸ਼ ਕਮੇਟੀ ਦੇ ਬਲਰਾਜ ਸਿੰਘ ਫੇਰੋ ਕੇ ਆਦਿ ਹੋਰ ਆਗੂ ਵੀ ਸਨ |