ਜ਼ੀਰਾ, 14 ਅਪ੍ਰੈਲ(ਪ੍ਰਤਾਪ ਸਿੰਘ ਹੀਰਾ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀਆਂ ਵਿਦਿਆਰਥਣਾਂ ਨੇ ਅੱਠਵੀਂ ਬੋਰਡ ਦੀ ਜਮਾਤ ਵਿਚ ਮੈਰਿਟ ਹਾਸਿਲ ਕਰਕੇ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਿਆ ਹੈ | ਇਸ ਵਾਰ ਇਸ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਅੱਠਵੀਂ ਜਮਾਤ ਵਿਚ ਮੈਰਿਟ ਹਾਸਿਲ ਕਰਕੇ ਸਕੂਲ ਅਤੇ ਜ਼ਿਲੇ੍ਹ ਦਾ ਨਾਮ ਪੰਜਾਬ ਭਰ ਵਿਚ ਰੌਸ਼ਨ ਕੀਤਾ | ਇਨ੍ਹਾਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਨਮਾਨ ਲਈ ਸਕੂਲ ਵਿਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਜੱਜ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਮੁੱਖ ਮਹਿਮਾਨ ਵਜੋਂ ਪੁੱਜੇ ਸਮਾਗਮ ਦੀ ਸ਼ੁਰੂਆਤ ਦੌਰਾਨ ਪਿ੍ੰਸੀਪਲ ਡਾ. ਰਾਕੇਸ਼ ਸ਼ਰਮਾ ਨੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆ ਆਖਿਆ ਅਤੇ ਸਕੂਲ ਵਲੋਂ ਕੀਤੀਆਂ ਰਹੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਹਨਾਂ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਇਸ ਵਾਰ ਅੱਠਵੀਂ ਜਮਾਤ ਵਿੱਚ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ 596/600 ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ ਚੌਥਾ ਅਤੇ ਜ਼ਿਲੇ੍ਹ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਜਸਮੀਤ ਕੌਰ ਨੇ ਪੰਜਾਬ ਭਰ ਵਿਚ ਨੌਵਾਂ ਅਤੇ ਜ਼ਿਲੇ੍ਹ ਵਿਚ ਚੌਥਾ ਸਥਾਨ ਹਾਸਿਲ ਕੀਤਾ | ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਮੌਜੂਦਾ ਵਿਦਿਆਰਥਣ ਜਸਪਿੰਦਰ ਕੌਰ ਜਿਸ ਨੇ ਪ੍ਰਾਈਵੇਟ ਸਕੂਲ ਵਿਚ ਪੜ੍ਹਦਿਆਂ ਮੈਰਿਟ ਹਾਸਲ ਕੀਤੀ ਹੈ | ਉਸ ਦਾ ਵੀ ਸਨਮਾਨ ਕੀਤਾ ਜਾਵੇਗਾ | ਚੇਅਰਮੈਨ ਗੁਰਪ੍ਰੀਤ ਸਿੰਘ ਜੱਜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਸਕੂਲ ਦੀਆਂ ਪ੍ਰਾਪਤੀਆਂ ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਵਿਦਿਆਰਥਣਾਂ, ਉਹਨਾਂ ਦੇ ਮਾਪਿਆਂ ਅਧਿਆਪਕਾਂ ਅਤੇ ਪਿ੍ੰਸੀਪਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਇਸ ਮੌਕੇ ਜੇਤੂ ਵਿਦਿਆਰਥਣਾਂ ਦੇ ਪਿਤਾ ਬਖਸ਼ੀਸ਼ ਸਿੰਘ ਮਨਦੀਪ ਸਿੰਘ ਅਤੇ ਬੂਟਾ ਸਿੰਘ ਦਾ ਵੀ ਸਨਮਾਨ ਕੀਤਾ ਗਿਆ | ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਮਿਹਨਤੀ ਅਧਿਆਪਕਾਂ ਅਤੇ ਵਿਦਿਆਰਥਣਾਂ ਦੇ ਸਿਰ ਬੰਨਿ੍ਹਆ | ਸਟੇਜ ਸੈਕਟਰੀ ਦੀ ਭੂਮਿਕਾ ਸ੍ਰੀਮਤੀ ਰਮਨਦੀਪ ਕੌਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਸਮਾਗਮ ਵਿਚ ਉਚੇਚੇ ਤੌਰ 'ਤੇ ਰੀਆ ਕਥੂਰੀਆ, ਬਲਜਿੰਦਰ ਸਿੰਘ, ਸੰਜੀਵ ਸਚਦੇਵਾ, ਮੀਨੂ ਖੁਰਾਨਾ, ਕਮਲਜੀਤ, ਸ਼ਰਨਜੀਤ, ਸੀਮਾ ਸੇਠੀ, ਡੀਪੀ ਪਰਮਜੀਤ ਸਿੰਘ, ਸੁਖਦੀਪ ਸਿੰਘ, ਕਿਰਨਬੀਰ ਕੌਰ, ਗਗਨਦੀਪ ਸਿੰਘ, ਅਨੂ ਮੋਂਗਾ, ਚਰਨਜੀਤ ਕੌਰ, ਹਰਪ੍ਰੀਤ ਸਿੰਘ, ਗੁਰਜੀਤ ਕੌਰ ਸਕੂਲ ਸਟਾਫ ਆਦਿ ਹਾਜ਼ਰ ਸਨ |