15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਟੁੱਟੀ ਹੋਈ ਸੜਕ 'ਤੇ ਮਿੱਟੀ ਪਾ ਕੇ ਨੌਜਵਾਨਾਂ ਨੇ ਰਸਤਾ ਪੱਧਰ ਕੀਤਾ

ਅਜੀਤ ਡੈਸਕ 15-04-2026
ਜ਼ੀਰਾ,14 ਅਪ੍ਰੈਲ (ਰਜਨੀਸ਼ ਕਥੂਰੀਆ)- ਪੰਜਾਬ ਸਰਕਾਰ ਕਰੋੜਾਂ ਰੁਪਏ ਖ਼ਰਚ ਕਰਕੇ ਪੰਜਾਬ ਵਿਚ ਸੜਕਾਂ ਦੇ ਜਾਲ ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਪਿਛਲੇ ਕਈ ਸਾਲਾਂ ਤੋਂ ਥਾਂ-ਥਾਂ ਤੋਂ ਟੁੱਟੀ ਹੋਈ ਜ਼ੀਰਾ-ਮੋਗਾ ਵਾਇਆ ਝਤਰੇ ਸੜਕ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਬਿਆਨ ਕਰ ਰਹੀ ਹੈ | ਇਸ ਸੰਬੰਧ ਵਿਚ ਵਧੇਰੇ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ, ਤੀਰਥ ਸਿੰਘ, ਬਾਬਾ ਸਰਵਣ ਸਿੰਘ, ਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਰਿੰਕੂ ਵਾਸੀ ਪਿੰਡ ਮਨਸੂਰਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਵਾਰਡ ਨੰਬਰ 10 ਨਗਰ ਕੌਂਸਲ ਜ਼ੀਰਾ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ | ਉਹਨਾਂ ਦੱਸਿਆ ਕਿ ਮਾਡਲ ਟਾਊਨ ਜ਼ੀਰਾ ਤੋਂ ਲੈ ਕੇ ਸਾਡੇ ਪਿੰਡ ਤੱਕ ਅਤੇ ਇਸ ਤੋਂ ਅੱਗੇ ਇਹ ਟੁੱਟੀ ਹੋਈ ਸੜਕ ਨਰਕ ਦਾ ਨਜ਼ਾਰਾ ਪੇਸ਼ ਕਰਦੀ ਹੈ ਅਤੇ ਇਸ ਵਿਚ ਪਏ ਹੋਏ ਵੱਡੇ-ਵੱਡੇ ਟੋਏ ਕਈ ਹਾਦਸਿਆਂ ਨੂੰ ਅੰਜਾਮ ਦੇ ਚੁੱਕੇ ਹਨ | ਉਹਨਾਂ ਦੱਸਿਆ ਕਿ ਬਾਰਸ਼ ਦੇ ਦਿਨਾਂ ਵਿਚ ਤਾਂ ਕਈ ਲੋਕ ਦੁਰਘਟਨਾ ਦਾ ਸ਼ਿਕਾਰ ਹੋ ਕੇ ਆਪਣੀਆਂ ਲੱਤਾਂ, ਬਾਹਵਾਂ ਵੀ ਤੁੜਵਾ ਚੁੱਕੇ ਹਨ, ਪਰ ਸਰਕਾਰ ਦੇ ਨੁਮਾਇੰਦੇ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੰਦ ਕਰਕੇ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ | ਉਹਨਾਂ ਦੱਸਿਆ ਕਿ ਇਸ ਸੜਕ ਦਾ ਮਾਮਲਾ ਉਹ ਕਈ ਵਾਰ ਨਗਰ ਕੌਂਸਲ ਜ਼ੀਰਾ ਅਤੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਧਿਆਨ ਵਿੱਚ ਲਿਆ ਚੁੱਕੇ ਹਨ | ਜਿਨਾਂ ਵਲੋਂ ਇਹ ਸੜਕ ਬਣਾਉਣ ਦੇ ਵਾਰ-ਵਾਰ ਭਰੋਸੇ ਤਾਂ ਦਿੱਤੇ ਜਾਂਦੇ ਹਨ, ਪਰ ਅਜੇ ਤੱਕ 'ਪਰਨਾਲਾ ਉੱਥੇ ਦਾ ਉੱਥੇ' ਹੀ ਹੈ | ਉਹਨਾਂ ਦੱਸਿਆ ਕਿ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਦੇ ਪਤੀ ਪੰਜਾਬ ਸਰਕਾਰ ਵਲੋਂ ਇਸ ਸੜਕ ਨੂੰ ਬਣਾਉਣ ਲਈ ਪਾਸ ਹੋਏ ਟੈਂਡਰ ਸਬੰਧੀ ਲੋਕਾਂ ਨੂੰ ਲਗਾਤਾਰ ਗੁਮਰਾਹ ਕਰ ਰਹੇ ਹਨ | ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਬਾਰਸ਼ ਪੈਣ ਕਾਰਨ ਸੜਕ ਤੇ ਪਏ ਖੱਡੇ ਹੋਰ ਵੀ ਡੂੰਘੇ ਹੋ ਗਏ | ਜਿਸ ਕਾਰਨ ਆਉਂਦੇ ਜਾਂਦੇ ਵਾਹਨ ਇਨ੍ਹਾਂ ਖੱਡਿਆਂ ਵਿਚ ਫਸ ਜਾਂਦੇ ਸਨ | ਉਹਨਾਂ ਹੋਰ ਦੱਸਿਆ ਕਿ ਲੋਕਾਂ ਦੀ ਇਸ ਮੁਸ਼ਕਿਲ ਨੂੰ ਵੇਖਦਿਆਂ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਉਗਰਾਹੀ ਕੀਤੀ ਅਤੇ ਮਿੱਟੀ ਪਾ ਕੇ ਇਨ੍ਹਾਂ ਖੱਡਿਆਂ ਨੂੰ ਪੂਰ ਕੇ ਰਸਤਾ ਪੱਧਰ ਕੀਤਾ ਜਾਂ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ | ਉਹਨਾਂ ਇਹ ਵੀ ਦੱਸਿਆ ਕਿ ਜ਼ੀਰਾ-ਮੋਗਾ ਵਾਇਆ ਝੱਤਰਾ ਜਾਂਦੀ ਇਹ ਸੜਕ ਮਨਸੂਰ ਦੇਵਾ ਤੋਂ ਅੱਗੇ ਜਾ ਕੇ ਅਨੇਕਾਂ ਥਾਵਾਂ ਤੋਂ ਥਾਂ-ਥਾਂ ਤੋਂ ਟੁੱਟੀ ਹੋਈ ਹੈ | ਜਿਸ ਕਰਕੇ ਲੋਕ ਸਰਕਾਰ ਵਲੋਂ ਇਹ ਸੜਕ ਬਣਾਉਣ ਦੀ ਝਾਕ ਛੱਡ ਕੇ ਇਸ ਰਸਤੇ ਰਾਹੀਂ ਜਾਣ ਦੀ ਬਜਾਏ ਵਾਇਆ ਕੋਟ ਈਸੇ ਖਾਂ, ਮੋਗਾ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ |
ਪਿਛਲੀ ਖ਼ਬਰ ਮੱਖੂ ਵਿਖੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਕਣਕ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਟੀਮ ਵਲੋਂ ਵੱਖ-ਵੱਖ ਮੰਡੀਆਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।