18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਫ਼ਰਿਜਾਂ ਅਤੇ ਚਾਈਨਾ ਦੇ ਦੀਵਿਆਂ ਨੇ ਘੁਮਿਆਰਾਂ ਦੀ ਸਦੀਆਂ ਪੁਰਾਣੀ ਰੋਜ਼ੀ-ਰੋਟੀ 'ਤੇ ਮਾਰੀ ਚੋਟ

ਘੁਮਿਆਰ ਵਲੋਂ ਬਣਾਏ ਗਏ ਵੱਖ-ਵੱਖ ਕਿਸਮ ਦੇ ਮਿੱਟੀ ਦੇ ਭਾਂਡੇ | ਤਸਵੀਰਾਂ-ਸੁਖਵਿੰਦਰ ਸਿੰਘ
ਮਿੱਟੀ ਦੇ ਭਾਂਡੇ ਤਿਆਰ ਕਰਦਾ ਹੋਇਆ ਘੁਮਿਆਰ ਰਾਜ ਕੁਮਾਰ |
19-02-2026
ਫ਼ਿਰੋਜ਼ਪੁਰ, 18 ਫਰਵਰੀ (ਸੁਖਵਿੰਦਰ ਸਿੰਘ)-ਪੰਜਾਬੀ ਸਭਿਆਚਾਰ ਦੀ ਅਟੁੱਟ ਕੜੀ ਰਹੀ ਘੁਮਿਆਰਾਂ ਦੀ ਪ੍ਰਾਚੀਨ ਕਲਾ ਅੱਜ ਆਧੁਨਿਕਤਾ ਦੀ ਦੌੜ ਵਿਚ ਪਿੱਛੇ ਛੁੱਟਦੀ ਨਜ਼ਰ ਆ ਰਹੀ ਹੈ | ਇਕ ਸਮਾਂ ਸੀ ਜਦੋਂ ਹਰ ਘਰ ਦੀ ਰਸੋਈ ਮਿੱਟੀ ਦੇ ਘੜਿਆਂ, ਕੁੱਜਿਆਂ, ਮਟਕਿਆਂ, ਹੰਡੀਆਂ ਅਤੇ ਸੁਰਾਹੀਆਂ ਨਾਲ ਸਜੀ ਹੁੰਦੀ ਸੀ | ਗਰਮੀਆਂ ਵਿਚ ਘੜੇ ਦਾ ਠੰਢਾ ਪਾਣੀ ਸਿਹਤਮੰਦ ਮੰਨਿਆ ਜਾਂਦਾ ਸੀ | ਦੀਵਾਲੀ ਵਰਗੇ ਤਿਉਹਾਰਾਂ 'ਤੇ ਮਿੱਟੀ ਦੇ ਦੀਵੇ ਘਰਾਂ ਦੀ ਰੌਣਕ ਵਧਾਉਂਦੇ ਸਨ | ਪਰ ਹੁਣ ਫ਼ਰਿਜਾਂ ਨੇ ਘੜਿਆਂ ਦੀ ਥਾਂ ਲੈ ਲਈ ਹੈ ਅਤੇ ਚਾਈਨਾ ਤੋਂ ਆਉਂਦੇ ਚਮਕਦਾਰ ਅਤੇ ਸਸਤੇ ਇਲੈੱਕਟ੍ਰਾਨਿਕ ਦੀਵਿਆਂ ਨੇ ਮਿੱਟੀ ਦੇ ਦੀਵਿਆਂ ਨੂੰ ਬਾਜ਼ਾਰ ਵਿਚ ਪਿੱਛੇ ਧੱਕ ਦਿੱਤਾ ਹੈ | ਇਸ ਤਬਦੀਲੀ ਨੇ ਸਦੀਆਂ ਪੁਰਾਣੇ ਇਸ ਰੋਜ਼ਗਾਰ ਨੂੰ ਗੰਭੀਰ ਝਟਕਾ ਦਿੱਤਾ ਹੈ | 45 ਸਾਲਾਂ ਤੋਂ ਇਹ ਕੰਮ ਕਰ ਰਹੇ ਘੁਮਿਆਰ ਰਾਜਕੁਮਾਰ ਨੇ ਦਰਦ ਭਰੇ ਲਫ਼ਜ਼ਾਂ ਵਿਚ ਦੱਸਿਆ ਕਿ ਪਹਿਲਾਂ ਗਰਮੀਆਂ ਤੋਂ ਇਕ ਮਹੀਨਾ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਸੀ ਅਤੇ ਦੋ ਮਹੀਨਿਆਂ ਦੇ ਸੀਜ਼ਨ ਵਿਚ ਸਾਰਾ ਸਮਾਨ ਵਿਕ ਜਾਂਦਾ ਸੀ | ਉਸ ਕਮਾਈ ਨਾਲ ਘਰ ਦਾ ਖਰਚਾ, ਬੱਚਿਆਂ ਦੀ ਪੜ੍ਹਾਈ ਅਤੇ ਹੋਰ ਜ਼ਰੂਰਤਾਂ ਆਰਾਮ ਨਾਲ ਪੂਰੀਆਂ ਹੋ ਜਾਂਦੀਆਂ ਸਨ | ਉਨ੍ਹਾਂ ਕਿਹਾ, Tਹੁਣ ਸਾਰਾ ਦਿਨ ਗਾਹਕ ਦੀ ਉਡੀਕ ਕਰਦੇ ਲੰਘ ਜਾਂਦਾ ਹੈ | ਕਈ ਵਾਰ ਤਾਂ 300 ਰੁਪਏ ਦੀ ਵੀ ਵਿੱਕਰੀ ਨਹੀਂ ਹੁੰਦੀ | 45 ਸਾਲ ਇਸ ਕਲਾ ਨੂੰ ਦੇ ਦਿੱਤੇ, ਹੁਣ ਹੋਰ ਕੋਈ ਕੰਮ ਵੀ ਨਹੀਂ ਆਉਂਦਾ | ਸੋਚਦਾ ਹਾਂ ਕਿ ਘਰ ਕਿਵੇਂ ਚੱਲੇਗਾ | ਉਨ੍ਹਾਂ ਦੇ ਮੁਤਾਬਿਕ ਪਲਾਸਟਿਕ, ਸਟੀਲ ਅਤੇ ਮਸ਼ੀਨੀ ਸਮਾਨ ਨੇ ਮਿੱਟੀ ਦੀ ਕਲਾ ਦਾ ਸਾਹ ਘੁੱਟ ਦਿੱਤਾ ਹੈ | ਇਹ ਸਿਰਫ਼ ਰੋਜ਼ਗਾਰ ਦਾ ਨਹੀਂ, ਸਭਿਆਚਾਰਕ ਵਿਰਾਸਤ ਦੇ ਮਿਟਣ ਦਾ ਵੀ ਸਵਾਲ ਹੈ ਰਾਜਕੁਮਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਿਦੇਸ਼ੀ ਸਮਾਨ 'ਤੇ ਨਿਯੰਤਰਨ ਲਗਾਇਆ ਜਾਵੇ ਅਤੇ ਦੇਸੀ ਕਲਾ-ਕਾਰਾਂ ਨੂੰ ਮਾਲੀ ਮਦਦ ਅਤੇ ਪ੍ਰੋਤਸਾਹਨ ਦਿੱਤਾ ਜਾਵੇ, ਤਾਂ ਜੋ ਇਹ ਹੁਨਰ ਬਚ ਸਕੇ | ਜੇ ਸਮਾਜ ਅਤੇ ਸਰਕਾਰ ਨੇ ਸਮੇਂ ਸਿਰ ਧਿਆਨ ਨਾ ਦਿੱਤਾ ਤਾਂ ਮਿੱਟੀ ਦੀ ਖ਼ੁਸ਼ਬੂ ਨਾਲ ਜੁੜੀ ਇਹ ਪਰੰਪਰਾਗਤ ਕਲਾ ਸਿਰਫ਼ ਕਿਤਾਬਾਂ ਅਤੇ ਯਾਦਾਂ ਤੱਕ ਹੀ ਸੀਮਤ ਰਹਿ ਜਾਵੇਗੀ |
ਮਿੱਟੀ ਦੇ ਭਾਂਡੇ ਸਾਡੀ ਵਿਰਾਸਤ ਦੀ ਪਹਿਚਾਣ
ਘੁਮਿਆਰ ਕੋਲੋਂ ਮਿੱਟੀ ਦਾ ਘੜਾ ਖ਼ਰੀਦਣ ਆਈ ਇਕ ਬਜ਼ੁਰਗ ਮਾਤਾ ਨੇ ਗੱਲਬਾਤ ਦੌਰਾਨ ਕਿਹਾ ਕਿ ਮਿੱਟੀ ਦੇ ਭਾਂਡਿਆਂ ਦਾ ਇਤਿਹਾਸ ਸਾਡੀ ਰੂਹ ਨਾਲ ਜੁੜਿਆ ਹੋਇਆ ਹੈ | ਪੁਰਾਣੇ ਸਮਿਆਂ ਵਿਚ ਹਰ ਘਰ ਵਿਚ ਘੜੇ, ਕੁੱਜੇ, ਸੁਰਾਹੀਆਂ ਅਤੇ ਹਾਂਡੀਆਂ ਵਰਤੀਆਂ ਜਾਂਦੀਆਂ ਸਨ | ਇਨ੍ਹਾਂ ਨੂੰ ਪਵਿੱਤਰ ਅਤੇ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਸੀ | ਧਾਰਮਿਕ ਮੌਕਿਆਂ 'ਤੇ ਮਿੱਟੀ ਦੇ ਦੀਵੇ ਜਗਾਉਣਾ ਸਾਡੀ ਪਰੰਪਰਾ ਦਾ ਅਹਿਮ ਹਿੱਸਾ ਸੀ | ਉਨ੍ਹਾਂ ਕਿਹਾ ਕਿ ਮਿੱਟੀ ਦੇ ਭਾਂਡੇ ਸਿਰਫ਼ ਵਰਤੋਂ ਦੀ ਚੀਜ਼ ਨਹੀਂ, ਸਗੋਂ ਸਾਡੀ ਵਿਰਾਸਤ ਅਤੇ ਪੁਰਖਿਆਂ ਦੀ ਨਿਸ਼ਾਨੀ ਹਨ | Tਜਿਵੇਂ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਘੱਟ ਰਹੀ ਹੈ, ਉਸੇ ਤਰ੍ਹਾਂ ਲੋਕਾਂ ਵਿਚ ਮੋਹ-ਪਿਆਰ ਵੀ ਘਟਦਾ ਜਾ ਰਿਹਾ ਹੈU ਉਨ੍ਹਾਂ ਨੇ ਦੁੱਖ ਪ੍ਰਗਟਾਇਆ | ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਲੋਕ ਇਕੱਠੇ ਬੈਠ ਕੇ ਦੁੱਖ-ਸੁੱਖ ਸਾਂਝੇ ਕਰਦੇ ਸਨ, ਪਰ ਅੱਜ ਮੋਬਾਈਲ ਦੇ ਯੁੱਗ ਨੇ ਰਿਸ਼ਤਿਆਂ ਵਿਚ ਵੀ ਦੂਰੀ ਪੈਦਾ ਕਰ ਦਿੱਤੀ ਹੈ | ਮਿੱਟੀ ਦੀ ਇਹ ਖ਼ੁਸ਼ਬੂ ਸਿਰਫ਼ ਮਿੱਟੀ ਨਹੀਂ, ਸਾਡੀ ਸਾਂਝੀ ਸਭਿਆਚਾਰਕ ਪਹਿਚਾਣ ਹੈ | ਜਿਸ ਨੂੰ ਬਚਾਉਣਾ ਸਮੇਂ ਦੀ ਲੋੜ ਹੈ |

ਪਿਛਲੀ ਖ਼ਬਰ ਫ਼ੌਜ 'ਚ ਭਰਤੀ ਹੋਣ ਦੇ ਉਦੇਸ਼ ਨੂੰ ਲੈ ਕੇ ਭਾਰਤੀ ਸੈਨਾ ਦੀ ਜਾਗਰੂਕਤਾ ਮੋਟਰਸਾਈਕਲ ਰੈਲੀ ਫ਼ਾਜ਼ਿਲਕਾ ਪੁੱਜੀ
ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਫੱਤੇਵਾਲਾ ਵਿਖੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।