ਮੁੱਦਕੀ, 18 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਪੈਨਸ਼ਨਰਾਂ ਨੰੂ ਸਮੇਂ ਸਿਰ ਹਰ ਮਹੀਨੇ ਆਪਣੀ ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਫ਼ਿਰੋਜ਼ਪੁਰ ਵਲੋਂ 21 ਫਰਵਰੀ ਨੂੰ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਫ਼ਿਰੋਜ਼ਪੁਰ ਵਿਖੇ ਮੀਟਿੰਗ ਕੀਤੀ ਜਾਵੇਗੀ | ਇਹ ਜਾਣਕਾਰੀ ਗੁਰਚਰਨ ਸਿੰਘ ਬਰਾੜ ਮੁੱਦਕੀ ਪ੍ਰਧਾਨ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਫ਼ਿਰੋਜ਼ਪੁਰ ਨੇ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਨਾਲ ਕੀਤੀ ਗਈ ਮੀਟਿੰਗ ਵਿਚ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਪੈਨਸ਼ਨ ਉਨ੍ਹਾਂ ਦੇ ਖਾਤਿਆਂ ਵਿਚ ਪੈ ਜਾਣ ਦਾ ਵਾਅਦਾ ਕੀਤਾ ਗਿਆ ਸੀ | ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੈਨਸ਼ਨਰਾਂ ਨੂੰ ਹਰ ਮਹੀਨੇ ਆਪਣੀ ਪੈਨਸ਼ਨ 10 ਤਰੀਕ ਤੋਂ ਬਾਅਦ ਹੀ ਮਿਲਦੀ ਹੈ | ਜਿਸ ਨਾਲ ਬਜ਼ੁਰਗ ਅਵਸਥਾ ਵਿਚ ਘਰ ਬੈਠੇ ਪੈਨਸ਼ਨਰਾਂ ਨੂੰ ਆਪਣਾ ਘਰ ਚਲਾਉਣ ਲਈ ਔਖਾ ਹੋਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਖ਼ਿਲਾਫ਼ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਫ਼ਿਰੋਜ਼ਪੁਰ ਵਲੋਂ 21 ਫਰਵਰੀ ਨੂੰ ਇਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਸਦੀਵੀ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ |