16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ’ਚ ਪੰਜਾਬ ਬੰਦ ਦਾ ਰਿਹਾ ਭਰਵਾਂ ਪ੍ਰਭਾਵ ਦੁਕਾਨਾਂ, ਵਿੱਦਿਅਕ ਅਦਾਰੇ, ਬੈਂਕ ਰਹੇ ਬੰਦ- ਸੜਕੀ ਆਵਾਜਾਈ ਹੋਈ ਪ੍ਰਭਾਵਿਤ

ਸੰਗਰੂਰ,15 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਮਾਨਸਾ ਨਾਲ਼ ਸੰਬੰਧਿਤ ਅਤੇ ਪੰਜਾਬ ਵਿੱਚ ਮੋਹਰੀ ਮੰਨੇ ਜਾਂਦੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਰੋਸ ਵਜੋਂ ਸੂਬੇ ਵਿੱਚ ਬੰਦ ਦੀ ਕਾਲ ਦਾ ਸੰਗਰੂਰ ਵਿੱਚ ਵੱਡੇ ਪੱਧਰ ਉੱਤੇ ਵਿਆਪਕ ਅਸਰ ਦੇਖਣ ਨੂੰ ਮਿਲ਼ਿਆ। ਦਵਾਈਆਂ, ਡੇਅਰੀ ਧੰਦੇ ਦੀ ਦੁਕਾਨ, ਲੈਬਾਰਟਰੀਆਂ ਆਦਿ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸੰਗਰੂਰ ਵਿੱਚ ਇਹ ਬੰਦ 100 ਫ਼ੀਸਦੀ ਸਫਲ ਰਿਹਾ।

ਅਜੀਤ ਡੈਸਕ 16-10-2026
ਸੰਗਰੂਰ,15 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਮਾਨਸਾ ਨਾਲ਼ ਸੰਬੰਧਿਤ ਅਤੇ ਪੰਜਾਬ ਵਿੱਚ ਮੋਹਰੀ ਮੰਨੇ ਜਾਂਦੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਰੋਸ ਵਜੋਂ ਸੂਬੇ ਵਿੱਚ ਬੰਦ ਦੀ ਕਾਲ ਦਾ ਸੰਗਰੂਰ ਵਿੱਚ ਵੱਡੇ ਪੱਧਰ ਉੱਤੇ ਵਿਆਪਕ ਅਸਰ ਦੇਖਣ ਨੂੰ ਮਿਲ਼ਿਆ। ਦਵਾਈਆਂ, ਡੇਅਰੀ ਧੰਦੇ ਦੀ ਦੁਕਾਨ, ਲੈਬਾਰਟਰੀਆਂ ਆਦਿ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸੰਗਰੂਰ ਵਿੱਚ ਇਹ ਬੰਦ 100 ਫ਼ੀਸਦੀ ਸਫਲ ਰਿਹਾ। ਵੱਖ-ਵੱਖ ਸਮਾਜਿਕ, ਰਾਜਨੀਤਕ, ਜਮਹੂਰੀਅਤ ਪਸੰਦ ਜਥੇਬੰਦੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਸੰਗਰੂਰ ਬਰਨਾਲਾ ਕੈਂਚੀਆਂ ਵਿੱਚ ਪ੍ਰਭਾਵਸ਼ਾਲੀ ਧਰਨਾ ਦਿੰਦਿਆਂ ਸੰਗਰੂਰ ਵਾਸੀਆਂ ਨੂੰ ਬੰਦ ਸੰਬੰਧੀ ਜਾਣੂ ਕਰਵਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ, ਸਾਬਕਾ ਚੇਅਰਮੈਨ ਡਿੱਕੀ ਜੇਜੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਦਲਬੀਰ ਸਿੰਘ) ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫ਼ਤਿਹਗੜ੍ਹ ਭਾਦਸੋਂ, ਭਾਰਤੀ ਕਿਸਾਨ ਯੂਨੀਅਨ ਡਕੌਦਾ ਬੁੱਰਗਿਲ ਦੇ ਸਤਨਾਮ ਸਿੰਘ ਕਿਲਾ ਭਰੀਆ, ਜਮਹੂਰੀ ਕਿਸਾਨ ਸਭਾ ਦੇ ਊਧਮ ਸਿੰਘ ਸੰਤੋਖਪੁਰਾ, ਬੀ.ਕੇ.ਯੂ. ਰਾਜੇਵਾਲ਼ ਦੇ ਰੋਹੀ ਸਿੰਘ ਮੰਗਵਾਲ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ, ਏਟਕ ਦੇ ਇੰਦਰਪਾਲ ਸਿੰਘ ਪੂੰਨਾਵਾਲ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਆਗੂ ਜਸਬੀਰ ਕੌਰ ਹੇੜੀਕੇ ਅਕਾਲੀ ਦਲ (ਅ) ਦੇ ਸਤਨਾਮ ਸਿੰਘ ਰੱਤੋਕੇ, ਰੋਡੋ ਸੰਘਰਸ਼ ਕਮੇਟੀ ਦੇ ਹਰਮਨਜੀਤ ਸਿੰਘ ਡਿੱਕੀ ਜੇਜੀ, ਕਿਸਾਨ ਆਗੂ ਦਰਸ਼ਕ ਕੁੰਨਰਾ, ਬਿੰਦਰ ਸ਼ਰਮਾ ਛਾਜਲੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦਾ ਕਤਲ ਕੇਵਲ ਇੱਕ ਨੌਜਵਾਨ ਦਾ ਕਤਲ ਨਹੀਂ ਹੈ ਬਲਕਿ ਉਸ ਪੰਜਾਬ ਦੀ ਨੌਜਵਾਨੀ ਦਾ ਸਿੱਧਮ ਸਿੱਧਾ ਕਤਲ ਹੈ ਜੋ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਤਹੱਈਆ ਕਰਦੀ ਹੈ। ਪੰਜਾਬ ਦੀ ‘ਆਪ’ ਸਰਕਾਰ ਨੂੰ ਘੇਰਦਿਆਂ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਾ ਘਟਿਆ ਨਹੀਂ ਬਲਕਿ ਵਧਿਆ ਹੈ। ਚਮਨਦੀਪ ਸਿੰਘ ਮਿਲਖੀ ਨੇ ਪਰਵਿੰਦਰ ਸਿੰਘ ਝੋਟੇ ਨੂੰ ਸ਼ਹੀਦ ਕਰਾਰ ਦਿੰਦਿਆਂ ਕਿਹਾ ਕਿ ਆਉਣ ਵਾਲ਼ੀ ਪੀੜ੍ਹੀ ਇਸ ਨੌਜਵਾਨ ਤੋਂ ਪ੍ਰੇਰਨਾ ਲਏਗੀ ਕਿ ਕਿਸ ਤਰ੍ਹਾਂ ਪਰਵਿੰਦਰ ਸਿੰਘ ਝੋਟਾ ਨੇ ਆਪਣੀ ਜਾਨ ਕੁਰਬਾਨ ਕਰ ਕੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਯਤਨ ਕੀਤਾ। ਪੰਜਾਬੀ ਸੈਨਾ ਦੇ ਪ੍ਰਧਾਨ ਬਲਵੰਤ ਸਿੰਘ ਜੋਗਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਤੋਂ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਰਾਜ ਵਿੱਚ ਵਿਕ ਰਹੇ ਨਸ਼ੇ ਨੂੰ ਖ਼ਤਮ ਕਰਨ ਲਈ ਡਰਾਮੇਬਾਜ਼ੀ ਕਰਨ ਦੀ ਥਾਂ ਸਹੀ ਕਦਮ ਚੁੱਕਣੇ ਪੈਣਗੇ। ਵਾਰਿਸ ਪੰਜਾਬ ਦੇ ਆਗੂਆਂ ਨੇ ਕਈ ਅਦਾਰੇ ਬੰਦ ਕਰਵਾਏ ਸੰਗਰੂਰ, ਵਾਰਿਸ ਪੰਜਾਬ ਨਾਮ ਦੀ ਰਾਜਨੀਤਕ ਜਥੇਬੰਦੀ ਦੇ ਆਗੂ ਚਮਨਦੀਪ ਸਿੰਘ ਮਿਲਖੀ, ਡਿੱਕੀ ਜੇਜੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨੋ ਜੋ ਖੁੱਲ੍ਹੀ ਓਪਨ ਗੱਡੀ ਅਤੇ ਸੈਂਕੜੇ ਬਾਇਕਾਂ ਉੱਤੇ ਸਵਾਰ ਸਨ ਸੰਗਰੂਰ ਦੇ ਬਾਜ਼ਾਰਾਂ ਅਤੇ ਬਾਹਰੀ ਇਲਾਕਿਆਂ ਵਿੱਚ ਸਵੇਰ ਤੋਂ ਘੁੰਮ ਰਹੇ ਸਨ। ਕੌਲਾ ਪਾਰਕ ਸੰਗਰੂਰ ਵਿੱਚ ਇੱਕ ਨਿੱਜੀ ਬੈਂਕ ਜਿੱਥੇ ਪ੍ਰਬੰਧਕਾਂ ਵੱਲੋਂ ਰੋਜ਼ਮਰ੍ਹਾ ਕੰਮ ਕੀਤਾ ਜਾ ਰਿਹਾ ਸੀ। ਇਸ ਬੈਂਕ ਨੂੰ ਬੰਦ ਕਰਵਾਉਣ ਲਈ ਵਾਰਿਸ ਪੰਜਾਬ ਦੇ ਆਗੂਆਂ ਦੀ ਪ੍ਰਬੰਧਕਾਂ ਨਾਲ਼ ਤਿੱਖੀ ਬਹਿਸ ਵੀ ਹੋਈ ਅੰਤ ਉਹ ਬੈਂਕ ਦੀ ਬਰਾਂਚ ਬੰਦ ਕਰਵਾਉਣ ਵਿੱਚ ਸਫਲ ਹੋਏ। ਇਸ ਤੋਂ ਇਲਾਵਾ ਹੋਰ ਮਾਲ ਜਾਂ ਸ਼ਾਪਿੰਗ ਕੰਪਲੈਕਸ ਜੋ ਖੁੱਲ੍ਹੇ ਸਨ ਵਾਰਿਸ ਪੰਜਾਬ ਨੇ ਬੰਦ ਕਰਵਾਏ। ਜਥੇਦਾਰ ਰਾਮਪੁਰਾ ਨੇ ਵੀ ਆਪਣੇ ਸਾਥੀਆਂ ਨਾਲ਼ ਬਾਜ਼ਾਰਾਂ ’ਚ ਕੀਤਾ ਮਾਰਚ ਸੰਗਰੂਰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਆਪਣੇ ਸਾਥੀਆਂ ਨਾਲ਼ ਸੰਗਰੂਰ ਦੇ ਬਾਜ਼ਾਰਾਂ ਵਿੱਚ ਮਾਰਚ ਕੀਤਾ। ਉਨ੍ਹਾਂ ਇੱਕਾ-ਦੁੱਕਾ ਉਨ੍ਹਾਂ ਦੁਕਾਨਦਾਰਾਂ ਨੂੰ ਪ੍ਰੇਰਿਤ ਕਰਵਾਉਂਦਿਆਂ ਦੁਕਾਨਾਂ ਬੰਦ ਕਰਵਾਈਆਂ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਕਾਂਗਰਸ ਪਾਰਟੀ ਨੇ ਬੰਦ ਨੂੰ ਸਫਲ ਬਣਾਉਣ ਲਈ ਆਪਣੇ ਵਰਕਰਾਂ ਨੂੰ ਕੀਤਾ ਲਾਮਬੰਦ ਸੰਗਰੂਰ, ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਰੌਕੀ ਬਾਂਸਲ, ਕੌਂਸਲਰ ਬੀਬੀ ਬਲਵੀਰ ਕੌਰ ਸੈਣੀ, ਕੌਂਸਲਰ ਨੱਥੂ ਲਾਲ ਢੀਂਗਰਾ, ਕੌਂਸਲਰ ਸੁਰਿੰਦਰ ਸਿੰਘ ਭਿੰਡਰ ਕੌਂਸਲਰ ਮਨੀ ਕਥੂਰੀਆ, ਕੌਂਸਲਰ ਜੋਤੀ ਗਾਬਾ, ਅਮਿਤ ਠਾਕੁਰ ਨੇ ਆਪਣੀ ਟੀਮ ਸਮੇਤ ਬੰਦ ਨੂੰ ਸਫਲ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਈ। ਆਪੋ-ਆਪਣੇ ਇਲਾਕਿਆਂ ਵਿਚਲੇ ਦੁਕਾਨਦਾਰਾਂ ਨੂੰ ਕਾਂਗਰਸ ਆਗੂਆਂ ਨੇ ਬੰਦ ਨੂੰ ਸਫਲ ਬਣਾਉਣ ਲਈ ਅਪੀਲ ਕੀਤੀ ਅਤੇ ਉਹ ਦੁਕਾਨਾਂ ਖ਼ੁਦ ਜਾ ਕੇ ਬੰਦ ਕਰਵਾਈਆਂ ਜਿਨ੍ਹਾਂ ਨੇ ਗਲ਼ੀ ਮੁਹੱਲਿਆਂ ਵਿੱਚ ਚੋਰੀਛੁਪੇ ਦੁਕਾਨਾਂ ਖੋਲ੍ਹੀਆਂ ਹੋਈਆਂ ਸਨ। ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਬੰਦ ਨੂੰ ਸਫਲ ਬਣਾਉਣ ਲਈ ਕੀਤਾ ਮਾਰਚ ਸੰਗਰੂਰ, (ਅਮਨਦੀਪ ਸਿੰਘ ਬਿੱਟਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੀ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਅਨਾਜ ਮੰਡੀ ਤੋਂ ਸੰਗਰੂਰ ਦੇ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਅਨਾਜ ਮੰਡੀ ਤੋਂ ਸੰਗਰੂਰ ਦੇ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਕਿਸਾਨ ਯੂਨੀਅਨ ਡਕੌਦਾ ਦੇ ਜਗਤਾਰ ਸਿੰਘ ਦੁੱਗਾਂ, ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਉੱਤੇ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਨਸ਼ੇ ਦਾ ਵਿਰੋਧ ਕਰ ਰਹੇ ਪਰਵਿੰਦਰ ਸਿੰਘ ਝੋਟੇ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਾਹ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਲੜਾਈ ਦਾ ਡਰਾਮਾ ਕਰ ਰਹੀ ਹੈ ਪਰ ਹਰ ਰੋਜ਼ ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤਾਂ ਹੋ ਰਹੀਆਂ ਹਨ। ਐਕਸ਼ਨ ਕਮੇਟੀ ਵੱਲੋਂ ਜੋ ਵੀ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ, ਉਸ ਨੂੰ ਸਫ਼ਲ ਬਣਾਇਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਸਕੱਤਰ ਜਗਤਾਰ ਸਿੰਘ ਲੱਡੀ ਨੇ ਵੀ ਸੰਬੋਧਨ ਕੀਤਾ। ਸੰਗਰੂਰ, (ਧੀਰਜ ਪਸ਼ੌਰੀਆ)- ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਵਿੱਚ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮ ਕਾਜ ਠੱਪ ਰੱਖਿਆ। ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਅਤੇ ਸਕੱਤਰ ਸੰਸਾਰ ਸਿੰਘ ਮਾਨ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਬਾਰ ਦੇ ਉਪ ਪ੍ਰਧਾਨ ਦਵਿੰਦਰ ਪਾਲ ਸਿੰਘ ਤੂਰ, ਬਲਜਿੰਦਰ ਸਿੰਘ ਕੰਬੋਜ, ਨਵੀਨ ਸ਼੍ਰੀ ਵਾਸਤਵ, ਯੋਗੇਸ਼ਵਰ ਭਾਰਦਵਾਜ, ਮਨਦੀਪ ਸਿੰਘ, ਗੌਰਵ ਗਰਗ ਲਹਿਰਾ ਗਾਗਾ, ਕੁਲਵਿੰਦਰ ਸਿੰਘ ਮਾਨ, ਅਰਸ਼ਦੀਪ ਸਿੰਘ ਸੇਖੋਂ, ਨਿਤੇਸ਼ ਗੋਇਲ, ਪਰਮਿੰਦਰ ਕੌਰ ਮੰਡੇਰ ਨੇ ਵੀ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਇਸੇ ਦੌਰਾਨ ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ ਅਤੇ ਸੁਖਜਿੰਦਰ ਸਿੰਘ ਢੀਂਡਸਾ, ਸਾਬਕਾ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਰਾਜਬੀਰ ਸਿੰਘ ਗਰੇਵਾਲ, ਬੇਅੰਤ ਸਿੰਘ ਛਾਜਲੀ, ਗੁਰਬਚਨ ਸਿੰਘ ਨਹਿਲ, ਗੁਰਿੰਦਰਪਾਲ ਕਰਤਾਰਪੁਰਾ, ਜਸਬੀਰ ਸਿੰਘ ਸਰਾਓ, ਰਣਧੀਰ ਸਿੰਘ ਭੰਗੂ, ਗੁਰਪ੍ਰੀਤ ਮਾਨ, ਐਮ.ਏ ਸ਼ਾਹ ਜੱਗਾ ਮਲੇਰਕੋਟਲਾ, ਸਾਬਕਾ ਉਪ ਪ੍ਰਧਾਨ ਜਗਮੀਤ ਸਿੰਘ, ਅਮਨਦੀਪ ਸਿੰਘ ਗਰੇਵਾਲ, ਰਣਜੀਤ ਸਿੰਘ ਦਿਓਲ, ਅਜੇਪਾਲ ਸਿੰਘ ਅਕੋਈ, ਇੰਦਰਪਾਲ ਸਿੰਘ ਧਾਂਦਲੀ, ਗੁਰਸੇਵਕ ਸਿੰਘ ਸਿੱਧੂ, ਮਨਪ੍ਰੀਤ ਸਿੰਘ ਨਮੋਲ, ਕੁਲਵਿੰਦਰ ਸਿੰਘ ਤੂਰ, ਚਮਕੌਰ ਸਿੰਘ ਲਿਟ, ਮਨਪ੍ਰੀਤ ਗਰੇਵਾਲ, ਰਣਧੀਰ ਸਿੰਘ ਮੰਨਵੀ ਨੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਸੰਗਰੂਰ, (ਧੀਰਜ ਪਸ਼ੌਰੀਆ)- ਵਿਧਾਨ ਸਭਾ ਚੋਣਾਂ 2017 ਵਿੱਚ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਸ੍ਰੀ ਦਿਨੇਸ਼ ਬਾਂਸਲ ਨੇ ਕਿਹਾ ਹੈ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਿਸੇ ਇੱਕ ਧਰਮ ਦਾ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਸ਼ਹੀਦ ਹੈ । ਉਸ ਨੇ ਦੂਜਾ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਕੁਰਬਾਨ ਕਰ ਦਿੱਤਾ। ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਇੱਕ ਬਹਾਦਰ ਯੋਧੇ ਦਾ ਕਤਲ ਬੇਹੱਦ ਦੁਖਦਾਈ ਹੈ। ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ)- ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਸਬੰਧੀ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਸੁਨਾਮ ਵਿਖੇ ਮੁਕੰਮਲ ਬੰਦ ਦੇਖਣ ਨੂੰ ਮਿਲਿਆ। ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਣ ਕਾਰਨ ਕਸਬੇ ਦੇ ਬਾਜ਼ਾਰਾਂ ਵਿੱਚ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਦੇਖਣ ਨੂੰ ਮਿਲੇ । ਆਮ ਦਿਨਾਂ ਵਿੱਚ ਲੋਕਾਂ ਦੀ ਚਹਿਲ-ਪਹਿਲ ਨਾਲ ਭਰੇ ਰਹਿਣ ਵਾਲੇ ਬਾਜ਼ਾਰਾਂ ਵਿੱਚ ਅੱਜ ਸੁੰਨਸਾਨੀ ਪਸਰੀ ਹੋਈ ਦਿਖਾਈ ਦਿੱਤੀ ਅਤੇ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਵੀ ਨਾਂ-ਮਾਤਰ ਦਿਖਾਈ ਦਿੱਤੀ। ਇਸ ਮੌਕੇ ਵਾਰਿਸ ਪੰਜਾਬ ਦੇ ਆਗੂ ਹਰਦੀਪ ਸਿੰਘ ਭਰੂਰ, ਮੋਹਨਜੀਤ ਸਿੰਘ ਸ਼ੇਰੋ ਅਤੇ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਸੁਨਾਮ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਬੰਦ ਰੱਖਣ ਉਨ੍ਹਾਂ ਇਸ ਮੌਕੇ ਤੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਲਹਿਰਾਗਾਗਾ, (ਅਸ਼ੋਕ ਗਰਗ)- ਨਸ਼ਿਆਂ ਵਿਰੁੱਧ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਅੱਜ ਲਹਿਰਾਗਾਗਾ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਅਤੇ ਸਮਾਜਿਕ ਤੇ ਧਾਰਮਿਕ ਆਗੂਆਂ ਦੇ ਸਹਿਯੋਗ ਨਾਲ ਜਾਖਲ-ਸੁਨਾਮ ਮੁੱਖ ਮਾਰਗ ’ਤੇ ਨਹਿਰ ਦੇ ਪੁਲ ਕੋਲ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ। ਇਹ ਜਾਮ ਸਵੇਰ ਤੋਂ ਸ਼ਾਮ ਤੱਕ ਜਾਰੀ ਰਿਹਾ।ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਸ਼ਹਿਰ ਅੰਦਰਲੇ ਗੈਰ-ਸਰਕਾਰੀ ਵਿੱਦਿਅਕ ਅਦਾਰੇ ਵੀ ਬੰਦ ਰਹੇ। ਮੁੱਖ ਮਾਰਗ ’ਤੇ ਧਰਨਾ ਲੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਰਾਮਪਾਲ ਸਿੰਘ ਜਲੂਰ, ਮੀਤ ਪ੍ਰਧਾਨ ਮਨਜਿੰਦਰ ਸਿੰਘ ਲਦਾਲ, ਬਿੰਦਰ ਸਿੰਘ ਲਹਿਲ ਕਲਾਂ, ਪ੍ਰੈੱਸ ਸਕੱਤਰ ਜਤਿੰਦਰ ਸਿੰਘ ਜਲੂਰ, ਜਥੇਦਾਰ ਪ੍ਰਗਟ ਸਿੰਘ ਗਾਗਾ, ਕਾਂਗਰਸੀ ਆਗੂ ਰਣਧੀਰ ਸਿੰਘ ਖਾਈ, ਗੁਰੀ ਚਹਿਲ, ਭਾਰਤੀ ਕਿਸਾਨ ਯੂਨੀਅਨ ਮਲਵਈ ਦੇ ਹਰਜਿੰਦਰ ਸਿੰਘ ਨੰਗਲਾ, ਸਾਬਕਾ ਸਰਪੰਚ ਅਜੈਬ ਸਿੰਘ ਲਦਾਲ, ਭੋਲਾ ਸਿੰਘ ਲਹਿਲ ਕਲਾਂ, ਰਣਵੀਰ ਸਿੰਘ ਦਹੇਲਾ ਅਤੇ ਕੁਲਦੀਪ ਸਿੰਘ ਨੇ ਸੰਬੋਧਨ ਕੀਤਾ। ਆਗੂਆਂ ਨੇ ਨਸ਼ਿਆਂ ਦੇ ਖ਼ਾਤਮੇ ਲਈ ਸਾਂਝੇ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਅਲਾਮਤ ਤੋਂ ਬਚਾਉਣ ਲਈ ਠੋਸ ਕਦਮ ਚੁੱਕਣੇ ਜ਼ਰੂਰੀ ਹਨ। ਲੌਂਗੋਵਾਲ, (ਵਿਨੋਦ, ਖੰਨਾ)- ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਸਬੰਧੀ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਲੌਂਗੋਵਾਲ ਵਿਖੇ ਮੁਕੰਮਲ ਬੰਦ ਰਿਹਾ। ਇਸ ਮੌਕੇ ਵੱਖ ਵੱਖ ਰਾਜਨੀਤਕ, ਸਮਾਜ ਸੇਵੀ, ਧਾਰਮਿਕ , ਕਿਸਾਨ ਜਥੇਬੰਦੀਆਂ, ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੇ ਇੱਕ ਮੰਚ ’ਤੇ ਇਕੱਠਾ ਹੋ ਕੇ ਸ਼ਹਿਰ ਵਿਚੋਂ ਦੀ ਰੋਸ ਮਾਰਚ ਕੱਢਣ ਉਪਰੰਤ ਅਤੇ ਬੱਸ ਸਟੈਂਡ ’ਤੇ ਭਰਵਾਂ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਤਨਾਮ ਸਿੰਘ ਰੱਤੋ, ਅਮਰਜੀਤ ਸਿੰਘ ਗਿੱਲ, ਭਾਜਪਾ ਆਗੂ ਵਿਜੇ ਗੋਇਲ, ਜਨਤਕ ਆਗੂ ਜੂਝਾਰ ਸਿੰਘ ਲੌਂਗੋਵਾਲ, ਬਲਵੀਰ ਚੰਦ ਲੌਂਗੋਵਾਲ, ਲਖਵੀਰ ਸਿੰਘ ਲੱਖੀ, ਕਿਸਾਨ ਆਗੂ ਚਮਕੌਰ ਸਿੰਘ, ਕਾਮਰੇਡ ਸੱਤਪਾਲ ਸਿੰਘ ਅਤੇ ਹਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਸੂਬੇ ਅੰਦਰ ਨਸ਼ਿਆਂ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਫ਼ੇਲ੍ਹ ਸਿੱਧ ਹੋਈ ਹੈ। ਇਸ ਦੌਰਾਨ ਕਸਬੇ ਦੇ ਬਾਜ਼ਾਰਾਂ ਵਿੱਚ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਦੇਖਣ ਨੂੰ ਮਿਲੇ । ਇਸ ਮੌਕੇ ਅਦਾਕਾਰ ਜੱਸੀ ਲੌਂਗੋਵਾਲੀਆ, ਕਮਲਜੀਤ ਸਿੰਘ ਵਿੱਕੀ, ਅਕਾਲੀ ਆਗੂ ਕਮਲ ਬਰਾੜ, ਇਸਵਿੰਦਰ ਸਿੰਘ ਬਿੰਦੀ, ਕੌਂਸਲਰ ਗੁਰਮੇਲ ਸਿੰਘ ਚੋਟੀਆ, ਜਸਵਿੰਦਰ ਸਿੰਘ ਲਿਬੜਾ, ਕਾਲਾ ਮਿੱਤਲ, ਸੰਜੇ ਸੈਨ, ਸਰਪੰਚ ਸੁਖਵਿੰਦਰ ਸਿੰਘ ਚਹਿਲ ਸਰਕਲ ਪ੍ਰਧਾਨ, ਭਾਈ ਸਤਿਗੁਰ ਸਿੰਘ ਸ਼ੇਰੋਂ ਗ੍ਰੰਥੀ, ਅੰਮ੍ਰਿਤ ਲਾਲ ਗਿਆਨੀ, ਜਗਸੀਰ ਸਿੰਘ ਗਾਂਧੀ ਅਤੇ ਵੈਦ ਮਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਅਹਿਮਦਗੜ੍ਹ, (ਰਣਧੀਰ ਸਿੰਘ ਮਹੌਲੀ)- ਅਹਿਮਦਗੜ੍ਹ ਵਿੱਚ ਬੰਦ ਨੂੰ ਪੂਰਨ ਸਹਿਯੋਗ ਮਿਲਿਆ ਅਤੇ ਸਾਰਾ ਬਾਜ਼ਾਰ ਬੰਦ ਰਿਹਾ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਲੁਧਿਆਣਾ-ਮਲੇਰਕੋਟਲਾ ਹਾਈਵੇ ਉੱਤੇ ਵੀ ਜਾਮ ਲਗਾ ਕੇ ਆਵਾਜਾਈ ਮੁਕੰਮਲ ਬੰਦ ਕੀਤੀ ਗਈ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਕੁਲਵੰਤ ਸਿੰਘ ਸੋਹਲ, ਅਵਤਾਰ ਸਿੰਘ ਜੱਸਲ, ਮਾ ਬਲਵੀਰ ਸਿੰਘ ਧਲੇਰ, ਮਾ ਪਰਮਜੀਤ ਸਿੰਘ ਜਵੰਦਾ, ਮਾਸਟਰ ਕੁਲਦੀਪ ਸਿੰਘ ਨਿਰਭੈ ਸਿੰਘ ਅਮਰਪੁਰਾ, ਸੁਪਰਡੈਂਟ ਮਨੋਜ ਗਰਗ, ਪਵਨ ਸ਼ਰਮਾ, ਇੰਦਰ ਸਿੰਘ ਘਟੌੜਾ, ਜਸਵਿੰਦਰ ਸਿੰਘ ਜੱਸੀ, ਜੀਵਨ ਵਰਮਾ, ਸਾਬਕਾ ਚੇਅਰਮੈਨ ਨਿਰਮਲ ਸਿੰਘ ਬੌੜਹਾਈ, ਯੂਥ ਆਗੂ ਹਰਪ੍ਰੀਤ ਸਿੰਘ ਬੌੜਹਾਈ, ਸਾਬਕਾ ਸਰਪੰਚ ਅਜਮਲ ਖਾਨ ਦਹਲੀਜ, ਦਰਬਾਰਾ ਸਿੰਘ ਮਹੇਰਨਾ, ਮਹਾ ਸਿੰਘ ਜਿੱਤਵਾਲ, ਕੌਂਸਲਰ ਅਮਨ ਅਫਰੀਦੀ, ਮਾ ਰਜੇਸ਼ ਸ਼ਰਮਾ, ਪਵਨ ਸ਼ਰਮਾ ਆਦਿ ਆਗੂਆਂ ਨੇ ਧਰਨੇ ਵਿੱਚ ਸ਼ਮੂਲੀਅਤ ਕਰਦੇ ਹੋਏ ਆਪ ਸਰਕਾਰ ਦੀ ਸਖਤ ਨੁਕਤਾਚੀਨੀ ਕੀਤੀ। ਅਹਿਮਦਗੜ੍ਹ, (ਰਵਿੰਦਰ ਪੁਰੀ)- ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵਲੋਂ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਵਿਰੁੱਧ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਇੱਥੇ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ ਅਤੇ ਸ਼ਹਿਰ ਦੇ ਸਾਰੇ ਹੀ ਬਾਜ਼ਾਰਾਂ ਵਿੱਚ ਪੂਰੀ ਤਰ੍ਹਾਂ ਸਨਾਟਾ ਛਾਇਆ ਰਿਹਾ। ਇਸ ਤੋਂ ਇਲਾਵਾ ਸ਼ਹਿਰ ਨਾਲ ਲੰਘਦੇ ਸਟੇਟ ਹਾਈਵੇਜ ਲੁਧਿਆਣਾ ਮਲੇਰਕੋਟਲਾ ਸੜਕ ਤੇ ਜੰਗੇੜਾ ਨਹਿਰ ਪੁਲ ਤੇ ਵੱਖ-ਵੱਖ ਜਥੇਬੰਦੀਆਂ ਨੇ ਸਵੇਰੇ ਹੀ ਧਰਨਾ ਦੇ ਕੇ ਲੁਧਿਆਣਾ ਨੂੰ ਆਉਣ ਵਾਲਾ ਵੱਖ ਵੱਖ ਰਾਜਾਂ ਤੋਂ ਸਾਰਾ ਟਰੈਫ਼ਿਕ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ। ਜਿੱਥੇ ਦੋਨੇਂ ਪਾਸੇ ਕਈ ਕਿੱਲੋਮੀਟਰ ਲੰਬੀਆਂ ਕਤਾਰਾਂ ਲੱਗ ਗਈਆਂ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਅਕਾਲੀ ਦਲ ਵਾਰਿਸ ਪੰਜਾਬ ਦੇ, ਭਾਰਤੀ ਕਿਸਾਨ ਯੂਨੀਅਨ ਆਜ਼ਾਦ ਵੱਖ-ਵੱਖ ਨਿਹੰਗ ਜਥੇਬੰਦੀਆਂ ਅਤੇ ਹੋਰ ਕਈ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਵਿੱਚ ਸ਼ਾਮਿਲ ਹੋ ਕੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ। ਇਸ ਮੌਕੇ ਜਥੇਦਾਰ ਪਰਮਜੀਤ ਸਿੰਘ, ਬਲਵੀਰ ਸਿੰਘ, ਨਿਹਾਲ ਸਿੰਘ ਖ਼ਾਲਸਾ, ਜਗਦੀਸ਼ ਸਿੰਘ ਡੀ.ਸੀ. ਬਲਾਕ ਪ੍ਰਧਾਨ, ਬਾਬਾ ਗਗਨਦੀਪ ਸਿੰਘ ਨਿਰਮਲੇ, ਗੁਰਮੇਲ ਸਿੰਘ ਅਹਿਮਦਗੜ੍ਹ ਛੰਨਾ, ਅਮਨ ਅਫਰੀਦੀ, ਗੁਰਦੀਪ ਸਿੰਘ ਸਾਬਕਾ ਸਰਪੰਚ ਛੰਨਾ, ਕੁਲਦੀਪ ਸਿੰਘ ਪੰਚ, ਨੰਬਰਦਾਰ ਗੁਰਮੇਲ ਸਿੰਘ, ਸਾਬਕਾ ਇੰਟੇਕ ਪ੍ਰਧਾਨ ਪਰਮੇਸ਼ਵਰ ਪਾਲ ਆਦਿ ਹਾਜ਼ਰ ਸਨ। ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ)- ਬੀਤੇ ਦਿਨ ਨਸਾ ਵਿਰੋਧੀ ਫੋਰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਅਹਿਮਦਗੜ੍ਹ ਦੇ ਬਾਜ਼ਾਰ ਪੂਰੀ ਨਾਲ ਬੰਦ ਰਹੇ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸਾਰੇ ਬਾਜ਼ਾਰਾਂ ਦੇ ਦੁਕਾਨਦਾਰਾਂ ਵਲੋਂ ਬੰਦ ਦਾ ਸਮਰਥਨ ਕਰਦਿਆਂ ਆਪਣੀਆਂ ਦੁਕਾਨਾਂ ਬਿਲਕੁਲ ਹੀ ਬੰਦ ਰੱਖੀਆਂ ਗਈਆਂ। ਇੱਥੋਂ ਤੱਕ ਕਿ ਦਵਾਈਆਂ ਦੀਆਂ ਦੁਕਾਨਾਂ ਵਾਲਿਆਂ ਵਲੋਂ ਵੀ ਸਮਰਥਨ ਕਰਦਿਆਂ ਆਪਣੀਆਂ ਦੁਕਾਨਾਂ ਬਿਲਕੁਲ ਬੰਦ ਰੱਖੀਆਂ ਗਈਆਂ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਦੀ ਮੁਸਤੈਦੀ ਨਾਲ ਬਾਜ਼ਾਰਾਂ ਦੀ ਗਸ਼ਤ ਕੀਤੀ ਗਈ ਅਤੇ ਕੁੱਝ ਜਥੇਬੰਦੀਆਂ ਵਲੋਂ ਸ਼ਹਿਰ ਅੰਦਰ ਰੋਸ ਮੁਜਾਹਰਾ ਵੀ ਕੀਤਾ ਗਿਆ। ਸੁਨਾਮ ਊਧਮ ਸਿੰਘ ਵਾਲਾ, (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਐਕਸ਼ਨ ਕਮੇਟੀ ਦੇ ਸੱਦੇ ’ਤੇ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਚੱਠਾ ਦੀ ਅਗਵਾਈ ਵਿਚ ਸਥਾਨਕ ਆਈ.ਟੀ.ਆਈ ਚੌਂਕ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਰਣ ਸਿੰਘ ਚੱਠਾ, ਕੇਵਲ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਵਿਚ ਹਰ ਪਾਸੇ ਨਸ਼ਿਆਂ ਦਾ ਬੋਲਬਾਲਾ ਹੈ। ਪਰਵਿੰਦਰ ਸਿੰਘ ਝੋਟਾ ਪਿਛਲੇ ਲੰਮੇ ਸਮੇਂ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਿਹਾ ਸੀ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਿਹਾ ਸੀ ਪਰ ਇਸੇ ਗੱਲ ਨੂੰ ਲੈ ਕੇ ਨਸ਼ਾ ਕਾਰੋਬਾਰੀਆਂ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ ਅਤੇ ਮਾਨਸਾ ਦੇ ਇੱਕ ਨਸ਼ਿਆਂ ਦੇ ਧੰਦੇ ਨਾਲ ਜੁੜੇ ਹੋਏ ਕੈਮਿਸਟ ਅਸ਼ਵਨੀ ਸ਼ਰਮਾ ਨੇ ਉਸ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮੌਕੇ ਕਸ਼ਮੀਰ ਸਿੰਘ ਉਗਰਾਹਾਂ, ਹਰੀ ਸਿੰਘ ਚੱਠੇ ਨਨਹੇੜਾ, ਦਰਸ਼ਨ ਸਿੰਘ ਮਹਿਲਾਂ, ਜੱਗੀ ਸਿੰਘ ਗੰਢੂਆਂ, ਕਰਮ ਸਿੰਘ ਨਮੋਲ, ਗੁਰਮੇਲ ਸਿੰਘ ਸ਼ਾਹਪੁਰ ਕਲ੍ਹਾਂ, ਭਗਵੰਤ ਸਿੰਘ ਮੈਦੇਵਾਸ, ਹਰਬੰਸ ਸਿੰਘ ਖਡਿਆਲ, ਦਰਸ਼ਨ ਸਿੰਘ ਛਾਜਲਾ ਅਤੇ ਮਲਕੀਤ ਸਿੰਘ ਬੇਲਾ ਆਦਿ ਮੌਜੂਦ ਸਨ। ਅਮਰਗੜ੍ਹ, (ਜਤਿੰਦਰ ਮੰਨਵੀ)- ਪੰਜਾਬ ਬੰਦ ਦੇ ਸੱਦੇ ਤਹਿਤ ਮਾਲੇਰਕੋਟਲਾ-ਖੰਨਾ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਆਗੂਆਂ ਅਤੇ ਲੋਕਾਂ ਨੇ ਰੁੜਕੀ ਕਲਾਂ ਵਿਖੇ ਇਕੱਠੇ ਹੋ ਕੇ ਰੋਸ ਪ੍ਰਗਟਾਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀ, ਸਾਬਕਾ ਸਰਪੰਚ ਰਾਮ ਸਿੰਘ, ਗੁਰਿੰਦਰ ਸਿੰਘ ਬੁਲਾਪੁਰ, ਜੱਗਾ ਹੁਸੈਨਪੁਰਾ, ਹਰਦਮ ਸਿੰਘ ਲਸੋਈ, ਕਰਮਜੀਤ ਲਸੋਈ, ਗੁਰਦੀਪ ਲਸੋਈ, ਰੁੜਕੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ, ਮਿੱਡਾ ਰੁੜਕੀ ਕਲਾਂ, ਰਛਪਾਲ ਸਿੰਘ ਰਾਏਪੁਰ, ਗੁਰੀ ਨੰਗਲ, ਅਵਤਾਰ ਸਿੰਘ ਝੱਲ, ਲਾਡੀ ਲਾਂਗੜੀਆਂ, ਰਾਜਵੀਰ ਧੀਰੋਮਾਜਰਾ, ਅੰਮ੍ਰਿਤਪਾਲ ਧੀਰੋਮਾਜਰਾ, ਬਲਵਿੰਦਰ ਸਿੰਘ ਬਾਗੜੀਆਂ, ਸੰਜੇ ਬਾਗੜੀਆਂ, ਬਿੱਟੂ ਬਾਗੜੀਆਂ, ਹਰਵੀਰ ਸਿੰਘ ਜਾਗੋਵਾਲ, ਬੀਕੇਯੂ ਆਗੂ ਸਤਨਾਮ ਕੌਰ ਸੋਹੀ, ਬੀਬੀ ਸੁਖਦੀਪ ਕੌਰ, ਬਿੰਦਰ ਬੁਲਾਪੁਰ, ਗੁਰਤਰਨ ਸਿੰਘ ਬਿੱਲੂ ਮੰਨਵੀ, ਰਾਗੀ ਉਜਾਗਰ ਸਿੰਘ, ਬਬਲੂ ਮੰਨਵੀ ਅਤੇ ਅਵਤਾਰ ਸਿੰਘ ਮੰਨਵੀ ਸਮੇਤ ਹੋਰ ਵਿਅਕਤੀ ਹਾਜ਼ਰ ਸਨ। ਲਹਿਰਾਗਾਗਾ, (ਪ੍ਰਵੀਨ ਖੋਖਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਵੱਖ-ਵੱਖ ਸੰਘਰਸ਼ਸ਼ੀਲ ਸਮਾਜਿਕ, ਧਾਰਮਿਕ ਜਥੇਬੰਦੀਆਂ ਵਲੋਂ ਜਾਖਲ-ਸੁਨਾਮ ਮੁੱਖ ਮਾਰਗ ’ਤੇ ਨਹਿਰ ਦੇ ਪੁਲ ਕੋਲ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਰਾਮਪਾਲ ਸਿੰਘ ਜਲੂਰ, ਮੀਤ ਪ੍ਰਧਾਨ ਮਨਿੰਦਰ ਸਿੰਘ ਲਦਾਲ, ਬਿੰਦਰ ਸਿੰਘ ਲਹਿਲ ਕਲਾਂ, ਪ੍ਰੈੱਸ ਸਕੱਤਰ ਜਤਿੰਦਰ ਸਿੰਘ ਜਲੂਰ, ਜਥੇਦਾਰ ਪ੍ਰਗਟ ਸਿੰਘ ਗਾਗਾ, ਕਾਂਗਰਸੀ ਆਗੂ ਰਣਧੀਰ ਸਿੰਘ ਖਾਈ, ਗੁਰੀ ਚਹਿਲ, ਭਾਰਤੀ ਕਿਸਾਨ ਯੂਨੀਅਨ ਮਲਵਈ ਦੇ ਹਰਜਿੰਦਰ ਸਿੰਘ ਨੰਗਲਾ, ਸਾਬਕਾ ਸਰਪੰਚ ਅਜੈਬ ਸਿੰਘ ਲਦਾਲ, ਭੋਲਾ ਸਿੰਘ ਲਹਿਲ ਕਲਾਂ, ਰਣਵੀਰ ਸਿੰਘ ਦੇਹਲਾ, ਸੁਖਦੇਵ ਸਿੰਘ ਚੋਟੀਆਂ ਬਲਦੇਵ ਸਿੰਘ ਨਿਮਰ, ਗੁਰਨਾਮ ਸਿੰਘ ਨੰਬਰਦਾਰ, ਕੁਲਦੀਪ ਸਿੰਘ ਨੇ ਸੰਬੋਧਨ ਕੀਤਾ। ਚੀਮਾ ਮੰਡੀ, (ਗੁਰਜੀਤ ਸਿੰਘ ਚਹਿਲ)- ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਤਹਿਤ ਅੱਜ ਚੀਮਾ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬਾਜ਼ਾਰ ਬੰਦ ਰਹੇ। ਬੰਦ ਦਾ ਅਸਰ ਇਲਾਕੇ ਵਿੱਚ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ ਅਤੇ ਆਮ ਦਿਨਾਂ ਦੇ ਮੁਕਾਬਲੇ ਬਾਜ਼ਾਰਾਂ ’ਚ ਚਹਿਲ-ਪਹਿਲ ਘੱਟ ਰਹੀ। ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਰਹਿਣ ਕਾਰਨ ਕਾਰੋਬਾਰੀ ਸਰਗਰਮੀਆਂ ਪ੍ਰਭਾਵਿਤ ਹੋਈਆਂ। ਇਸ ਮੌਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪ ਸਰਕਾਰ ’ਚ ਪੰਜਾਬ ’ਚ ਅਮਨ ਅਤੇ ਸ਼ਾਂਤੀ ਨਾਂਅ ਦੀ ਕੋਈ ਚੀਜ਼ ਨਹੀ ਰਹੀ ਕਿਉਂਕਿ ਹਰ ਰੋਜ਼ ਨਿੱਤ ਨਵੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ । ਲਹਿਰਾਗਾਗਾ, (ਅਸ਼ੋਕ ਗਰਗ, ਪ੍ਰਵੀਨ ਖੋਖਰ)- ਇਨਸਾਫ਼ ਕਮੇਟੀ ਦੇ ਸੱਦੇ ’ਤੇ ਅੱਜ ਲਹਿਰਾਗਾਗਾ ਸ਼ਹਿਰ ਮੁਕੰਮਲ ਬੰਦ ਰਿਹਾ। ਇਸ ਮੌਕੇ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਵਲੋਂ ਐੱਸ.ਡੀ.ਐੱਮ. ਦਫ਼ਤਰ ਲਹਿਰਾਗਾਗਾ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਖਾਈ , ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ ਹਥੋਆ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁਟਾਲ, ਨੌਜਵਾਨ ਭਾਰਤ ਸਭਾ ਦੇ ਸਿਮਰਨਜੀਤ ਸਿੰਘ ਭੁਟਾਲ, ਡੀ.ਟੀ.ਐੱਫ. ਦੇ ਮਨੋਜ ਕੁਮਾਰ ਤੇ ਮਨਜੀਤ ਸਿੰਘ, ਡੀ.ਐੱਮ.ਐੱਫ. ਦੇ ਮੇਘ ਰਾਜ ਚੋਟੀਆਂ ਅਤੇ ਲੋਕ ਚੇਤਨਾ ਮੰਚ ਦੇ ਗੁਰਚਰਨ ਸਿੰਘ ਨੇ ਦੋਸ਼ ਲਾਇਆ ਕਿ ਇਹ ਘਟਨਾ ਪੁਲਿਸ, ਸਿਆਸੀ ਆਗੂਆਂ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਦਾ ਨਤੀਜਾ ਹੈ। ਬਲਵਿੰਦਰ ਸਿੰਘ ਬੀਕੇਯੂ ਰਾਜੇਵਾਲ, ਜਗਦੇਵ ਸਿੰਘ ਕੁੱਲ ਹਿੰਦ ਕਿਸਾਨ ਸਭਾ, ਸੁਖਜਿੰਦਰ ਸਿੰਘ ਲੋਕ ਚੇਤਨਾ ਮੰਚ, ਹਰੀ ਸਿੰਘ ਜਮਹੂਰੀ ਕਿਸਾਨ ਸਭਾ, ਲਛਮਣ ਸਿੰਘ ਅਲੀਸ਼ੇਰ ਕੁੱਲ ਹਿੰਦ ਕਿਸਾਨ ਫੈਡਰੇਸ਼ਨ, ਬਲਵਿੰਦਰ ਸਿੰਘ ਖੰਡੇਬਾਦ ਕੁੱਲ ਹਿੰਦ ਕਿਸਾਨ ਸਭਾ ਅਤੇ ਪੂਰਨ ਸਿੰਘ ਖਾਈ ਪੰਜਾਬ ਇੰਪਲਾਈ ਫੈਡਰੇਸ਼ਨ ਨੇ ਦੋਸ਼ ਲਾਇਆ ਕਿ ਪੁਲਿਸ ਛੋਟੇ ਨਸ਼ਾ ਵਿਕਰੇਤਾਵਾਂ ਖ਼ਿਲਾਫ਼ ਕਾਰਵਾਈ ਕਰਦੀ ਹੈ, ਪਰ ਵੱਡੇ ਤਸਕਰਾਂ ਵਿਰੁੱਧ ਢੁਕਵੀਂ ਕਾਰਵਾਈ ਨਹੀਂ ਹੋ ਰਹੀ। ਕਸ਼ਮੀਰ ਸਿੰਘ ਬਾਵਾ, ਪਾਲ ਖਾਈ, ਨਰੰਜਣ ਸਿੰਘ ਪੀ.ਐੱਸ.ਪੀ.ਐੱਲ. ਆਗੂ ਅਤੇ ਸੁਖਵਿੰਦਰ ਸਿੰਘ ਮੰਗੂ ਸਫ਼ਾਈ ਸੇਵਕ ਯੂਨੀਅਨ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਅਤੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ। ਧਰਨੇ ਵਿੱਚ ਰਾਮ ਸਿੰਘ ਖਾਈ, ਸੁਰੇਸ਼ ਕੁਮਾਰ, ਹਰਪ੍ਰੀਤ ਸ਼ਰਮਾ, ਸੇਬੀ ਖੰਡੇਬਾਦ, ਬੱਲਾ ਸਿੰਘ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਸਨ। ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ)- ਸਮਾਜ ਸੇਵੀ ਪਰਵਿੰਦਰ ਝੋਟੇ ਦੀ ਹੱਤਿਆ ਉਪਰੰਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨ ਲਈ ਦਿੱਤੇ ਗਏ ਬੰਦ ਦੇ ਸੱਦੇ ਵਿੱਚ ਗੁਰਮਤਿ ਸੁਸਾਇਟੀ ਨਿਰਮਲ ਅਸ਼ਰਮ ਜੰਡਾਲੀ ਦੇ ਮੁੱਖ ਪ੍ਰਬੰਧਕ ਗਿਆਨੀ ਗਗਨਦੀਪ ਸਿੰਘ ਨਿਰਮਲੇ ਵੱਲੋਂ ਵੱਖ-ਵੱਖ ਸਿਆਸੀ ਧਾਰਮਿਕ, ਸਮਾਜਿਕ, ਕਿਸਾਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਗੇੜਾ ਪੁਲ ਤੇ ਲਗਾਏ ਧਰਨੇ ਵਿੱਚ ਸਹਿਯੋਗ ਦਿੰਦੇ ਹੋਏ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਗਈ। ਅਹਿਮਦਗੜ੍ਹ,(ਰਣਧੀਰ ਸਿੰਘ ਮਹੌਲੀ)- ਪੰਜਾਬ ਬੰਦ ਦੇ ਸੱਦੇ ’ਤੇ ਦਿੱਤੇ ਗਏ ਧਰਨੇ ਨੂੰ ਕਾਂਗਰਸ ਪਾਰਟੀ ਦੀ ਹਲਕਾ ਅਮਰਗੜ੍ਹ ਤੋਂ ਸਰਗਰਮ ਆਗੂ ਬੀਬੀ ਅਮਨਦੀਪ ਕੌਰ ਖੰਗੂੜਾ ਵਲੋਂ ਪੂਰਨ ਹਮਾਇਤ ਦਿੰਦੇ ਹੋਏ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਅਤੇ ਝੋਟੇ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦੇਣ ਦੇ ਸੱਦੇ ’ਤੇ ਦਿੱਤੇ ਬੰਦ ਦਾ ਕਾਂਗਰਸੀ ਆਗੂਆਂ ਅਤੇ ਵਰਕਰਾਂ ਸਮੇਤ ਪੂਰਨ ਸਮਰਥਨ ਕੀਤਾ ਗਿਆ। ਬੀਬੀ ਖੰਗੂੜਾ ਨੇ ਕਿਹਾ ਪੰਜਾਬ ਦੀ ਆਪ ਸਰਕਾਰ ਹਰ ਫ਼ਰੰਟ ਤੇ ਪੂਰੀ ਤਰਾਂ ਫ਼ੇਲ੍ਹ ਹੋ ਚੁੱਕੀ ਹੈ ਅਤੇ ਨਸ਼ਿਆਂ ਦੇ ਸੌਦਾਗਰਾਂ ਦੀ ਪੁਸ਼ਤ ਪਨਾਹੀ ਕਰਦੀ ਹੋਈ ਨਸ਼ਿਆਂ ਖ਼ਿਲਾਫ਼ ਲੜਨ ਵਾਲਿਆਂ ਨੂੰ ਮਰਵਾਉਂਦੀ ਨਜ਼ਰ ਆ ਰਹੀ ਹੈ। ਮੂਨਕ, (ਪ੍ਰਵੀਨ ਮਦਾਨ, ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)- ਮਾਨਸਾ ਦੇ ਨੌਜਵਾਨ ਸੋਸ਼ਲ ਵਰਕਰ ਨਸ਼ਾ ਰੋਕਣ ਲਈ ਸਰਗਰਮ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਪੰਜਾਬ ਭਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮੂਨਕ ਵਿਖੇ ਭਰਵਾਂ ਹੁੰਗਾਰਾ ਮਿਲਿਆ। ਬੰਦ ਦੇ ਸੱਦੇ ਤਹਿਤ ਸ਼ਹਿਰ ਦੇ ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ, ਜਦਕਿ ਪ੍ਰਾਈਵੇਟ ਸਕੂਲ ਅਤੇ ਕਾਲਜ ਵੀ ਬੰਦ ਰੱਖੇ ਗਏ।ਇਸ ਦੌਰਾਨ ਮੂਨਕ ਦੇ ਬੈਰੀਅਲ ਚੌਕ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੀ ਸਟੇਜ ਲਗਾਈ ਗਈ, ਪੰਜਾਬ ਬੰਦ ਦੇ ਸੱਦੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਨਿਹੰਗ ਜਥੇਬੰਦੀਆਂ, ਵੱਖ-ਵੱਖ ਸਿਆਸੀ ਪਾਰਟੀਆਂ, ਡੀ.ਟੀ.ਐਫ. ਅਤੇ ਹੋਰ ਜਥੇਬੰਦੀਆਂ ਵੱਲੋਂ ਹਮਾਇਤ ਕੀਤੀ ਗਈ। ਇਸ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹਿਰ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੁਖਦੇਵ ਸਿੰਘ ਕੜੈਲ, ਬਲਾਕ ਆਗ ਰਿੰਕੂ ਮੂਨਕ, ਭੁਰਾ ਸਿੰਘ ਸਲੇਮਗੜ੍ਹ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਲਖਵਿੰਦਰ ਸਿੰਘ ਡੂਡੀਆਂ, ਹਰਭਗਵਾਨ ਸਿੰਘ ਸੂਬਾ ਆਗੂ ਖੇਤ ਮਜ਼ਦੂਰ ਯੂਨੀਅਨ, ਗਗਨ ਮੂਨਕ, ਰਿੰਕੂ ਮੂਨਕ, ਰਾਜ ਸੈਣੀ ਡੈਮੋਕ੍ਰੇਟਿਕ ਟੀਚਰ ਯੂਨੀਅਨ, ਮੰਚ ਸੰਚਾਲਕ ਬਲਵਿੰਦਰ ਸਿੰਘ ਮਨਿਆਣਾ ਮੇਜ਼ਰ ਸਿੰਘ ਸੂਰਜਣ ਭੈਣੀ, ਪ੍ਰੇਮ ਬੋਲਾ ਮੂਨਕ, ਬਲੌਰ ਸਿੰਘ ਬਾਗੜੀ, ਸੁਖਚੈਨ ਸਿੰਘ ਦੇਹਲਾ, ਹਰਪਾਲ ਸਿੰਘ, ਨਿਹੰਗ ਜਥੇਬੰਦੀ ਤੋਂ ਬਾਬਾ ਗੁਰਮੇਲ ਸਿੰਘ ਭੁਟਾਲ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਤੋਂ ਗੁਰਸੇਵਕ ਸਿੰਘ ਮਨਿਆਣਾ, ਜਥੇਦਾਰ ਜੁਗਰਾਜ ਸਿੰਘ ਭੁਟਾਲ, ਕ੍ਰਿਸ਼ਨ ਗਿੱਲ ਬੁਸੈਹਰਾ, ਐਡਵੋਕੇਟ ਬਲਜਿੰਦਰ ਸਿੰਘ ਭੱਠਲ, ਮਲਕੀਤ ਸਿੰਘ ਸੈਣੀ, ਹਰਮੇਲ ਸਿੰਘ ਭਾਠੂਆਂ ਅਤੇ ਸੰਬੋਧਨ ਕੀਤਾ। (ਬਾਕੀ ਸਫਾ 7 ’ਤੇ) ਧੂਰੀ, (ਲਖਵੀਰ ਸਿੰਘ ਧਾਂਦਰਾ)- ਮਾਨਸਾ ਵਿਖੇ ਵਾਪਰੇ ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਦੇ ਰੋਸ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਧੂਰੀ ਦੇ ਕਾਰਕੁਨਾਂ ਵਲੋਂ ਸਥਾਨਕ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮ੍ਰਿਤਕ ਲਈ ਇਨਸਾਫ਼ ਦੀ ਪੁਰਜ਼ੋਰ ਮੰਗ ਕੀਤੀ ਅਤੇ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਇਸ ਰੋਸ ਧਰਨੇ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਹਲਕਾ ਧੂਰੀ ਤੋਂ ਪ੍ਰਮੁੱਖ ਆਗੂ ਪ੍ਰੋਫੈਸਰ ਓਕਾਰ ਸਿੰਘ ਸਿੱਧੂ, ਬਰਜੇਸ਼ਵਰ ਗੋਇਲ, ਭੂਪੇਸ਼ ਜਿੰਦਲ ਅਤੇ ਪਰਮਜੀਤ ਸਿੰਘ ਭਿੰਦੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਰਹੇ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਿਨ-ਦਿਹਾੜੇ ਅਜਿਹੇ ਭਿਆਨਕ ਕਤਲ ਹੋਣਾ ਸੂਬੇ ਵਿੱਚ ਜੰਗਲ ਰਾਜ ਦੀ ਪ੍ਰਤੱਖ ਮਿਸਾਲ ਹੈ, ਜਿੱਥੇ ਆਮ ਨਾਗਰਿਕਾਂ ਅਤੇ ਸਮਾਜ ਸੇਵਕਾਂ ਦੀ ਜਾਨ-ਮਾਲ ਦੀ ਕੋਈ ਸੁਰੱਖਿਆ ਨਹੀਂ ਰਹੀ ਅਤੇ ਨਸ਼ੇ ਖਿਲਾਫ਼ ਬੋਲਣ ਵਾਲੇ ਵਿਅਕਤੀਆਂ ਨੂੰ ਚੁਣ ਚੁਣ ਕੇ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਮਾਮਲੇ ਦੀ ਇਸ ਗੰਭੀਰ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਸੁਨਾਮ ਊਧਮ ਸਿੰਘ ਵਾਲਾ, (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿਚ ਅਨਾਜ ਮੰਡੀ ਸੁਨਾਮ ਵਿਖੇ ਇਕੱਠੇ ਹੋਣ ਉਪਰੰਤ ਨਸ਼ਿਆਂ ਖਿਲਾਫ ਲੜ ਰਹੇ ਮਾਨਸਾ ਦੇ ਸੋਸ਼ਲ ਵਰਕਰ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਨੂੰ ਲੈਕੇ ਰੋਸ ਮਾਰਚ ਕੀਤਾ ਗਿਆ। ਇਸ ਸਮੇ ਪੁਲਿਸ ਗੁੰਡਾ ਸਿਆਸੀ ਗੱਠਜੋੜ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ।ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਨਹੀਂ ਬਲਕਿ ਪੰਜਾਬ ਵਿੱਚ ਪੁਲਿਸ ਗੁੰਡਾ ਰਾਜ ਚੱਲ ਰਿਹਾ ਹੈ। ਨਸ਼ਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਨੌਜਵਾਨ ਚਿੱਟੇ ਨਾਲ ਮਰ ਰਹੇ ਹਨ ਪਰ ਪੰਜਾਬ ਸਰਕਾਰ ਗੂੜੀ ਨੀਂਦ ਸੁੱਤੀ ਪਈ ਹੈ। ਇਸ ਸਮੇ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਦੀ ਸਖਤ ਨਿਖੇਦੀ ਕੀਤੀ ਗਈ ।ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਤੋਂ ਇਲਾਵਾ ਬਲਾਕ ਆਗੂ ਰਾਮਸਰਨ ਸਿੰਘ ਉਗਰਾਹਾ, ਸੁਖਪਾਲ ਸਿੰਘ ਮਾਣਕ ਕਣਕਵਾਲ,ਪਾਲ ਸਿੰਘ ਦੌਲਾ ਸਿੰਘ ਵਾਲਾ, ਯਾਦਵਿੰਦਰ ਸਿੰਘ ਚੱਠੇ ਨਕਟੇ, ਜੀਤ ਸਿੰਘ ਗੰਢੂਆਂ ,ਬਲਜੀਤ ਸਿੰ4 ਮਾਡਲ ਟਾਊਨ, ਗੁਰਤੇਜ ਸਿੰਘ ਮੈਦੇਵਾਸ ਲੋਕ ਮੋਰਚਾ ਤੋਂ ਦਰਸ਼ਨ ਸਿੰਘ, ਕਾਲਾ ਸੁਨਾਮ ਅਤੇ ਮਨਜੀਤ ਕੌਰ ਤੋਲਾਵਾਲ ਆਦਿ ਮੌਜੂਦ ਸਨ। ਚੀਮਾ ਮੰਡੀ, (ਗੁਰਜੀਤ ਸਿੰਘ ਚਹਿਲ) - ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਕਾਇਮ ਹੋਈ ਕਮੇਟੀ ਦੇ ਅੱਜ ‘ਪੰਜਾਬ ਬੰਦ’ ਦੇ ਸੱਦੇ +ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਚੀਮਾਂ ਮੰਡੀ ਵਿਖੇ ਸੁਨਾਮ ਬਠਿੰਡਾ ਰੋਡ ਨੂੰ ਪੂਰਨ ਤੌਰ +ਤੇ ਬੰਦ ਕਰਕੇ ਵੱਡੀ ਗਿਣਤੀ ਹਾਜ਼ਰ ਮਾਵਾਂ ਭੈਣਾਂ ਕਿਸਾਨ ਮਜ਼ਦੂਰ ਦੁਕਾਨਦਾਰ ਭਰਾਵਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਨਾ ਹੋਕੇ ਯੁੱਧ ਨੌਜਵਾਨਾਂ ਵਿਰੁੱਧ ਹੋ ਨਿੱਬੜਿਆ ਹੈ। ਜਿਸ ਤਰ੍ਹਾਂ ਦਿਨ ਦਿਹਾੜੇ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਹੇ ਪਰਵਿੰਦਰ ਝੋਟਾ ਨੂੰ ਇੱਕ ਨਸ਼ਾ ਵੇਚਣ ਵਾਲੇ ਦੁਕਾਨਦਾਰ ਵੱਲੋਂ ਆਪਣੀ ਪਿਸਤੌਲ ਨਾਲ ਸ਼ਰੇਆਮ ਬਾਜ਼ਾਰ ਵਿੱਚ ਗੋਲੀ ਮਾਰੀ ਗਈ।ਇਸ ਤੋਂ ਸਾਫ ਇਹ ਗੱਲ ਜੱਗ ਜਾਹਿਰ ਹੋਈ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਵੱਡਾ ਕਾਰੋਬਾਰ ਸਰਕਾਰ ਪੁਲਿਸ +ਤੇ ਨਸ਼ੇ ਦੇ ਸੌਦਾਗਰਾਂ ਦੀ ਮਿਲੀਭੁਗਤ ਨਾਲ ਸ਼ਰੇਆਮ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ +ਤੇ ਸੂਬਾ ਔਰਤ ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਰਵਿੰਦਰ ਝੋਟਾ ਨੂੰ ਇਨਸਾਫ਼ ਦੇਣ ਤੋਂ ਭੱਜ ਰਹੀ ਹੈ। ਕਿਉਂਕਿ ਪੰਜਾਬ ਨੂੰ ਪੁਲਿਸ ਸਟੇਟ ਬਣਾ ਚੁੱਕੀ ਸਰਕਾਰ ਧੱਕੇ ਨਾਲ ਪੁਲਿਸ ਜ਼ਬਰ ਕਰਕੇ ਨਾਲ ਪਰਵਿੰਦਰ ਝੋਟਾ ਦੇ ਮਾਮਲੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ।ਜਿਸ ਗੱਲ ਦਾ ਸਾਫ਼ ਪਤਾ ਅੱਜ ਦੇ ਪੰਜਾਬ ਬੰਦ ਦੌਰਾਨ ਕਈ ਥਾਵਾਂ +ਤੇ ਪਰਵਿੰਦਰ ਝੋਟਾ ਲਈ ਇਨਸਾਫ਼ ਮੰਗਦੇ ਲੋਕਾਂ ਨੂੰ ਸੜਕਾਂ ਉੱਪਰੋਂ ਘੜੀਸ ਕੇ ਧੱਕੇ ਨਾਲ਼ ਜ਼ਬਰੀ ਗ੍ਰਿਫ਼ਤਾਰ ਕੀਤਾ ਗਿਆ। ਪਰ ਪੰਜਾਬ ਦੇ ਲੋਕਾ ਦਾ ਵੱਡੀ ਗਿਣਤੀ ਸੜਕਾਂ ਉੱਪਰ ਨਿੱਕਲਣਾ +ਤੇ ਆਪ ਮੁਹਾਰੇ ਪੰਜਾਬ ਬੰਦ ਹੋਣਾ ਸਰਕਾਰ ਨੂੰ ਕੰਧ +ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ +ਤੇ ਪਰਵਿੰਦਰ ਸਿੰਘ ਨੂੰ ਇਨਸਾਫ਼ ਦੀ ਮੰਗ ਕਰ ਰਹੀ ਕਮੇਟੀ ਦੀਆਂ ਸਾਰੀਆਂ ਮੰਗਾਂ ਨੂੰ ਤੁਰੰਤ ਮੰਨੇ।ਅੱਜ ਦੇ ਬੰਦ ਦੇ ਪ੍ਰੋਗਰਾਮ ਨੂੰ ਜ਼ਿਲ੍ਹਾ ਆਗੂ ਜਸਵੀਰ ਮੈਦੇਵਾਸ,ਸੰਤ ਰਾਮ ਛਾਜਲੀ, ਹੈਪੀ ਨਮੋਲ, ਬਲਾਕ ਆਗੂ ਬਲਵਿੰਦਰ ਚੀਮਾਂ, ਮਿੱਠੂ ਸਿੰਘ ਤੁੰਗਾਂ, ਬੂਟਾ ਸਿੰਘ, ਗੁਰਦੀਪ ਮੰਡੇਰ ਖੁਰਦ, ਮਤਵਾਲ ਨਮੋਲ, ਗੁਰਚਰਨ ਸਿੰਘ,ਆਦਿ ਨੇ ਸੰਬੋਧਨ ਕੀਤਾ । ਛਾਜਲੀ, (ਅਜਾਇਬ ਸਿੰਘ ਨੀਲੋਵਾਲ)- ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਪਿੰਡ ਛਾਜਲੀ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸਵੇਰ ਤੋਂ ਹੀ ਪਿੰਡ ਛਾਜਲੀ ਦਾ ਮੁੱਖ ਬਾਜ਼ਾਰ, ਦੁਕਾਨਾਂ, ਰੇਹੜੀਆਂ ਅਤੇ ਕਰਿਆਨਾ ਸਟੋਰ ਪੂਰੀ ਤਰ੍ਹਾਂ ਬੰਦ ਰਹੇ। ਨੇੜਲੇ ਪਿੰਡਾਂ ਵਿੱਚ ਵੀ ਦੁਕਾਨਦਾਰਾਂ ਨੇ ਆਪਣੀ ਮਰਜ਼ੀ ਨਾਲ ਦੁਕਾਨਾਂ ਬੰਦ ਰੱਖ ਕੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕੀਤਾ। ਇਸ ਦੌਰਾਨ ਥਾਣਾ ਛਾਜਲੀ ਦੇ ਐੱਸਐੱਚਓ ਕਮਲਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਇਲਾਕੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਸੰਦੌੜ, (ਜਸਵੀਰ ਸਿੰਘ ਜੱਸੀ)- ਪਰਮਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਦਿੱਤੀ ਬੰਦ ਦੀ ਕਾਲ ਨੂੰ ਸਮਰਥਨ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਇਸ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਥਾਣਾ ਸੰਦੌੜ ਦੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਥਾਣਾ ਸੰਦੌੜ ਦੇ ਐਸ.ਐਚ.ਓ. ਸਈਅਦ ਸਕੀਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਤਾਇਨਾਤ ਕੀਤਾ ਗਿਆ, ਤਾਂ ਜੋ ਬੰਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਪੁਲਿਸ ਵੱਲੋਂ ਸਥਿਤੀ ’ਤੇ ਨਜ਼ਰ ਰੱਖਦਿਆਂ ਸੁਰੱਖਿਆ ਪ੍ਰਬੰਧ ਮਜ਼ਬੂਤ ਰੱਖੇ ਗਏ। ਦਿੜ੍ਹਬਾ ਮੰਡੀ, (ਜਸਵੀਰ ਸਿੰਘ ਔਜਲਾ)- ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਦਿੜ੍ਹਬਾ ਇਲਾਕੇ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨਿਆਂ ਦੌਰਾਨ ਹਾਈਵੇ ਦੇ ਓਵਰਬਰਿਜ ਹੇਠ ਵੱਖ-ਵੱਖ ਸਟੇਜਾਂ ਲਗਾਈਆਂ ਗਈਆਂ । ਸਾਰੀਆਂ ਧਿਰਾਂ ਨੂੰ ਇਕ ਮੰਚ ’ਤੇ ਲਿਆਉਣ ਲਈ ਨਿਹੰਗ ਸਿੰਘਾਂ ਵੱਲੋਂ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਹਿਮਤੀ ਨਹੀਂ ਬਣ ਸਕੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਨੇ ਨਿਹੰਗ ਸਿੰਘਾ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਬਾਬਾ ਜੀ ਜਥੇਬੰਦੀ ਦੀ ਸਟੇਜ ’ਤੇ ਕੋਈ ਵੀ ਰਾਜਸੀ ਆਗੂ ਨਹੀਂ ਚੜ੍ਹ ਸਕਦਾ, ਕਿਉਂਕਿ ਜਥੇਬੰਦੀ ਰਾਜਸੀ ਪਾਰਟੀਆਂ ਤੋਂ ਦੂਰ ਰਹਿ ਕੇ ਸੰਘਰਸ਼ ਕਰਦੀ ਹੈ। ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਭਵਾਨੀਗੜ੍ਹ ਵਿਖੇ ਬਠਿੰਡਾ- ਚੰਡੀਗੜ੍ਹ ਮੁੱਖ ਸੜਕ ਤੇ ਵੱਖ - ਵੱਖ ਜਥੇਬੰਦੀਆਂ ਨੇ ਸੜਕ ਜਾਮ ਕਰਕੇ ਮੌਜੂਦਾ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ, ਹਰਵਿੰਦਰ ਸਿੰਘ ਕਾਕੜਾ, ਰਵਿੰਦਰ ਸਿੰਘ ਠੇਕੇਦਾਰ, ਗੋਲਡੀ ਤੂਰ, ਸੋਮਾ ਬਹਿਲਾ, ਧਰਵਿੰਦਰ ਸਿੰਘ ਦੁੱਲਟ, ਗਮਦੂਰ ਸਿੰਘ ਧਾਲੀਵਾਲ, ਭਰਪੂਰ ਸਿੰਘ ਫੱਗੂਵਾਲਾ, ਇਕਬਾਲ ਜੀਤ ਸਿੰਘ ਪੂਨੀਆਂ, ਜਤਿੰਦਰ ਸਿੰਘ ਵਿੱਕੀ, ਅਜੈਬ ਸਿੰਘ ਰੇਤਗੜ੍ਹ, ਸੁਖਜਿੰਦਰ ਸਿੰਘ ਰੀਟੂ, ਗੁਰਮੀਤ ਸਿੰਘ ਜੈਲਦਾਰ , ਗਰਵਿੰਦਰ ਸਿੰਘ ਭੜ੍ਹੋ, ਡਾ. ਗੁਰਚਰਨ ਸਿੰਘ ਪੰਨਵਾਂ , ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪ੍ਰਕਾਸ਼ ਚੰਦ ਗਰਗ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਝਨੇੜੀ, ਮਾਨ ਦਲ ਦੇ ਆਗੂ ਗੁਰਨੈਬ ਸਿੰਘ ਰਾਮਪੁਰਾ , ਸੁਖਵਿੰਦਰ ਸਿੰਘ ਬਲਿਆਲ, ਅਵਤਾਰ ਸਿੰਘ ਬਲਿਆਲ, ਛੱਜੂ ਸਿੰਘ ਮਾਝੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕਸ਼ਮੀਰ ਸਿੰਘ ਘਰਾਚੋਂ ਜ਼ਿਲ੍ਹਾ ਜਨਰਲ ਸਕੱਤਰ, ਡਾ. ਬਲਜਿੰਦਰ ਸਿੰਘ ਸੰਘਰੇੜੀ, ਕੁਲਵਿੰਦਰ ਸਿੰਘ ਮਾਝਾ ਬਲਾਕ ਪ੍ਰਧਾਨ, ਅਮਰੀਕ ਸਿੰਘ ਘਰਾਚੋਂ, ਜਸਵਿੰਦਰ ਸਿੰਘ ਕਪਿਆਲ, ਮਾਸਟਰ ਗਿਆਨ ਸਿੰਘ, ਮੁਕੇਸ਼ ਮਲੌਦ ਆਗੂ ਜਮੀਨ ਪ੍ਰਾਪਤੀ ਸੰਘਰਸ਼, ਕਰਮਜੀਤ ਸਿੰਘ ਜੈਲਦਾਰ, ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ, ਕਾਂਗਰਸ ਦੇ ਆਗੂ ਗੁਰਪ੍ਰੀਤ ਸਿੰਘ ਕੰਧੋਲਾ, ਦਰਸ਼ਨ ਜੱਜ , ਸੁਖਵੀਰ ਸਿੰਘ ਕਪਿਆਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲਵਿੰਦਰ ਸਿੰਘ ਘਨੌੜ, ਰਘਬੀਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾਂ, ਚਮਕੌਰ ਸਿੰਘ ਬਲਿਆਲ, ਅਮਨ ਦਿਊਲ ਆਗੂ ਇਸਤਰੀ ਜਾਗ੍ਰਤੀ ਮੰਚ ਪੈਨਸ਼ਨਰ ਯੂਨੀਅਨ ਦੇ ਆਗੂ ਕੇਵਲ ਸਿੰਘ ਮਾਝਾ ਅਧਿਆਪਕ ਆਗੂ ਰਘਬੀਰ ਸਿੰਘ ਭਵਾਨੀਗੜ੍ਹ, ਕੁਲਵੰਤ ਸਿੰਘ ਖਨੌਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਆਗੂਆਂ ਨੇ ਪਰਵਿੰਦਰ ਸਿੰਘ ਝੋਟਾ ਨੂੰ ਦਵਾਈ ਵਿਕਰੇਤਾ ਵਲੋਂ ਮਾਰ ਦੇਣ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਸੰਦੌੜ, (ਗੁਰਪ੍ਰੀਤ ਸਿੰਘ ਚੀਮਾ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਅੱਜ ਪੰਜਾਬ ਬੰਦ ਦਾ ਸਮਰਥਨ ਕੀਤਾ ਗਿਆ। ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਕੱਤਰ ਡਾ. ਸੁਰਾਜਦੀਨ ਕੰਗਣਵਾਲ, ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਬੋਪਾਰਾਏ ਅਤੇ ਚੇਅਰਮੈਨ ਡਾ. ਹਰਦੀਪ ਕੁਮਾਰ ਬਬਲਾ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਪਿਛਲੇ ਕਾਫੀ ਸਮੇਂ ਤੋਂ ਮਾਨਸਾ ਜ਼ਿਲ੍ਹੇ ਵਿੱਚ ਨਸ਼ਾ ਰੋਕੂ ਮੁਹਿੰਮ ਬਹੁਤ ਵਧੀਆ ਢੰਗ ਨਾਲ ਚਲਾ ਰਿਹਾ ਸੀ ਅਤੇ ਨੌਜਵਾਨ ਧੀਆਂ-ਪੁੱਤਾਂ ਨੂੰ ਇਸ ਦਲਦਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ।ਉਹਨਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਉਸਦਾ ਇਹ ਕੰਮ ਰਾਸ ਨਹੀਂ ਆ ਰਿਹਾ ਸੀ। ਇਸ ਸਮੇ ਡਾ ਸਤਨਾਮ ਸਿੰਘ ਡਾ ਬਹਾਦਰ ਸਿੰਘ, ਡਾ ਲਾਭ ਸਿੰਘ, ਡਾ. ਜਸਵੰਤ ਸਿੰਘ, ਡਾ ਪ੍ਰਗਟ ਸਿੰਘ, ਡਾ ਸੁਰਾਜ ਚੱਕ , ਡਾ. ਰਜਿੰਦਰ ਸਿੰਘ, ਡਾ. ਉਤਮ ਸਿੰਘ, ਡਾ. ਜਗਦੀਪ ਸਿੰਘ ਅਤੇ ਡਾ ਜਗਰੂਪ ਸਿੰਘ ਆਦਿ ਹਾਜ਼ਰ ਸਨ। ਖਨੌਰੀ, (ਬਲਵਿੰਦਰ ਸਿੰਘ ਥਿੰਦ) – ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਸੰਘਰਸ਼ ਕਮੇਟੀ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਖਨੌਰੀ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਸਟੂਡੈਂਟਸ ਫੈਡਰੇਸ਼ਨ ਸੈਫ਼ੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਰੋਸ ਮਾਰਚ ਕੱਢਿਆ ਅਤੇ ਬੱਸ ਸਟੈਂਡ ਚੌਕ ਵਿਖੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਖਨੌਰੀ ਇਕਾਈ ਦੇ ਪ੍ਰਧਾਨ ਜਗਪਾਲ ਸਿੰਘ ਕਾਲਾ ਬਹਿਣੀਵਾਲ, ਸਟੂਡੈਂਟਸ ਫੈਡਰੇਸ਼ਨ ਸੈਫ਼ੀ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਤਾਊ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼ਹਿਰੀ ਇੰਚਾਰਜ ਹਰਪ੍ਰੀਤ ਸਿੰਘ ਹੈਪੀ ਚੋਪੜਾ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਸਿੱਧੂਪੁਰ, ਏਕਤਾ ਆਜ਼ਾਦ, ਖੋਸਾ ਸਮੇਤ ਹੋਰ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਖਨੌਰੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਰੋਸ ਮਾਰਚ ਸ਼ੁਰੂ ਕੀਤਾ। ਇਹ ਮਾਰਚ ਪਾਤੜਾਂ ਰੋਡ, ਕੈਥਲ ਰੋਡ ਅਤੇ ਨਰਵਾਣਾ ਰੋਡ ਤੋਂ ਹੁੰਦਾ ਹੋਇਆ ਬੱਸ ਸਟੈਂਡ ਚੌਕ ਵਿਖੇ ਪਹੁੰਚਿਆ। ਇਸ ਦੌਰਾਨ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਵੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੋ. ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਗੁਰਨੇ ਸਮੇਤ ਵੱਖ-ਵੱਖ ਆਗੂਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ। ਸ਼ੇਰਪੁਰ, (ਦਰਸ਼ਨ ਸਿੰਘ ਖੇੜੀ, ਮੇਘ ਰਾਜ਼ ਜੋਸ਼ੀ)- ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਯੋਧੇ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਮਾਮਲੇ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਸ਼ੇਰਪੁਰ ਪੂਰਨ ਤੌਰ ਤੇ ਬੰਦ ਰਿਹਾ।ਸਵੇਰ ਤੋਂ ਹੀ ਸ਼ੇਰਪੁਰ ਦੀਆਂ ਸਾਰੀਆਂ ਦੁਕਾਨਾਂ, ਬਾਜ਼ਾਰ ਅਤੇ ਵਪਾਰਕ ਅਦਾਰੇ ਪੂਰਨ ਤੌਰ ਤੇ ਬੰਦ ਰਹੇ। ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਤੇ ਸ਼ੇਰਪੁਰ ਦੀ ਅਗਵਾਈ ਹੇਠ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਕਾਤਰੋ ਚੌਂਕ ਸ਼ੇਰਪੁਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਤੇ ਸਟੇਜ ਸੰਚਾਲਨ ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਵੱਲੋਂ ਕੀਤਾ ਗਿਆ।ਵਪਾਰ ਮੰਡਲ ਸ਼ੇਰਪੁਰ ਵੱਲੋਂ ਬਜਾਰ ਵਿੱਚ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰੱਖਕੇ ਬੰਦ ਦਾ ਸਮਰਥਨ ਕੀਤਾ ਗਿਆ।ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਬਾਬਾ ਮਨਪ੍ਰੀਤ ਸਿੰਘ ਆਲੀਪੁਰ ਖਾਲਸਾ, ਕਾਂਗਰਸੀ ਆਗੂ ਬਨੀ ਖਹਿਰਾ, ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਭਾਜਪਾ ਆਗੂ ਵਿੱਕੀ ਪਰੋਚਾ, ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਨਰਿੰਦਰਪਾਲ ਸਿੰਘ ਛੰਨਾ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੁਰਜੰਟ ਸਿੰਘ ਕੱਟੂ, ਸਾਬਕਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖ਼ਾਲਸਾ, ਉੱਘੇ ਸਮਾਜਸੇਵੀ ਭਾਨ ਸਿੰਘ ਜੱਸੀ ਪੇਧਨੀ, ਵਾਰਿਸ ਪੰਜਾਬ ਦੇ ਹਰਜੀਤ ਸਿੰਘ ਖਿਆਲੀ, ਸਿੱਖ ਪ੍ਰਚਾਰਕ ਬਾਬਾ ਗੁਰਵਿੰਦਰ ਸਿੰਘ ਖੇੜੀ, ਨਰਿੰਦਰ ਸਿੰਘ ਕਾਲਾਬੂਲਾ, ਕਿਸਾਨ ਆਗੂ ਕਰਮਜੀਤ ਸਿੰਘ ਛੰਨਾ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਬਸਪਾ ਆਗੂ ਦਰਸ਼ਨ ਸਿੰਘ ਬਾਜਵਾ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਯੋਧੇ ਦਾ ਕਤਲ ਬਹੁਤ ਹੀ ਨਿੰਦਣਯੋਗ ਹੈ ਅਤੇ ਉਨ੍ਹਾ ਕਿਹਾ ਕਿ ਮਾਮਲੇ ਵਿੱਚ ਸ਼ਾਮਲ ਹੋਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪਰਵਿੰਦਰ ਸਿੰਘ ਝੋਟੇ ਤੇ ਗੋਲੀ ਚਲਾਉਣ ਵਾਲੇ ਅਸ਼ਵਨੀ ਸ਼ਰਮਾਂ ਨੂੰ ਫਾਂਸੀ ਦੇਣ ਅਤੇ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਦੇ ਅਸ਼ਤੀਫੇ ਦੀ ਮੰਗ ਕੀਤੀ। ਇਸ ਮੌਕੇ ਧਰਨੇ ਵਿੱਚ ਗੋਪੀ ਗਰੇਵਾਲ, ਵਪਾਰ ਮੰਡਲ ਦੇ ਪ੍ਰਧਾਨ ਮਨਦੀਪ ਸਿੰਘ ਖੀਪਲ, ਆੜਤੀਆ ਨਛੱਤਰ ਸਿੰਘ ਖੇੜੀ, ਸੂਬੇਦਾਰ ਮਲਕੀਤ ਸਿੰਘ ਖੇੜੀ, ਜਗਰੂਪ ਸਿੰਘ ਖੇੜੀ, ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰਗੜ੍ਹ, ਗ਼ਰੀਬ ਸਿੰਘ ਛੰਨਾਂ, ਡਾਕਟਰ ਹਰਦੀਪ ਸਿੰਘ ਰੰਧਾਵਾ ਮਾਹਮਦਪੁਰ, ਡਾਕਟਰ ਨਾਇਬ ਸਿੰਘ ਖੇੜੀ, ਚਰਨ ਸਿੰਘ ਜਵੰਦਾ, ਰੂਪ ਸਿੰਘ ਜਵੰਦਾ, ਕਿਸਾਨ ਆਗੂ ਗਗਨਦੀਪ ਸਿੰਘ ਛੰਨਾਂ, ਡਾਕਟਰ ਰਣਜੀਤ ਸਿੰਘ ਟਿੱਬਾ , ਮਨਜੀਤ ਸਿੰਘ ਧਾਮੀ, ਕਰਮਜੀਤ ਸਿੰਘ ਗੰਡੇਵਾਲ, ਜਰਨੈਲ ਸਿੰਘ ਖੇੜੀ, ਡਾਕਟਰ ਸੋਮਾ ਸਿੰਘ ਗੰਡੇਵਾਲ, ਭੁਪਿੰਦਰ ਸਿੰਘ ਧੀਮਾਨ, ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ, ਗੁਰਨਾਮ ਸਿੰਘ ਸ਼ੇਰਪੁਰ, ਦਲਵੀਰ ਸਿੰਘ ਗਰੇਵਾਲ, ਗੋਪੀ ਗਰੇਵਾਲ, ਬੀਬੀ ਜਸਵਿੰਦਰ ਕੌਰ ਕੁਰੜ, ਸਰਪੰਚ ਰਣਜੀਤ ਸਿੰਘ ਕਾਲਾਬੂਲਾ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਸੁਨਾਮ ਊਧਮ ਸਿੰਘ ਵਾਲਾ, (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਮਾਨਸਾ ਸ਼ਹਿਰ ਦੇ ਨਸ਼ਿਆਂ ਖਿਲਾਫ ਲੜਾਈ ਲੜ ਰਹੇ ਸੋਸ਼ਲ ਵਰਕਰ ਅਤੇ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਭੜਕੇ ਇਲਾਕੇ ਦੇ ਇਨਸਾਫ ਪਸੰਦ ਲੋਕਾਂ ਵਲੋਂ ਸਥਾਨਕ ਮਾਤਾ ਮੋਦੀ ਚੌਂਕ ਵਿਖੇ ਡਾਕਟਰ ਅਮਰੀਕ ਸਿੰਘ ਅਮਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਅਤੇ ਨਸ਼ਿਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਸਮੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਦੇ ਅਸਤੀਫੇ ਸਮੇਤ ਨਸ਼ਾ ਤਸਕਰਾਂ ਦੀ ਸੀ ਬੀ ਆਈ ਜਾਂਚ ਦੀ ਮੰਗ ਕਰਦਿਆਂ ਕਿਹਾ ਪਰਵਿੰਦਰ ਸਿੰਘ ਝੋਟਾ ਵਲੋਂ ਪਿਛਲੇ ਲੰਮੇ ਸਮੇ ਤੋਂ ਨੌਜਵਾਨੀ ਨੂੰ ਬਚਾਉਣ ਲਈ ਮੁਹਿੰਮ ਵਿੱਢੀ ਹੋਈ ਸੀ ਅਤੇ ਨਸ਼ਿਆਂ ਖਿਲਾਫ ਬੇਝਿਜਕ ਹੋਕੇ ਲੜਾਈ ਲੜ ਰਿਹਾ ਸੀ ਪਰ ਨਸ਼ਾ ਕਾਰੋਬਾਰੀਆਂ ਦੇ ਨਾਲ ਹੀ ਕੁਝ ਪੁਲਿਸ ਅਧਿਕਾਰੀ ਵੀ ਪਰਵਿੰਦਰ ਸਿੰਘ ਝੋਟਾ ਦੀ ਮੁਹਿੰਮ ਤੋਂ ਔਖੇ ਸਨ। ਜਿਸ ਨੂੰ ਲੈਕੇ ਪਰਵਿੰਦਰ ਸਿੰਘ ਝੋਟਾ ਨੂੰ ਜਾਣ ਬੁੱਝਕੇ ਮਰਵਾਇਆ ਗਿਆ ਹੈ ਪਰ ਜਦੋਂ ਤੱਕ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ ਨਹੀ ਮਿਲਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਰਨੈਲ ਸਿੰਘ ਜਖੇਪਲ, ਚਰਨਜੀਤ ਸਿੰਘ ਜਖੇਪਲ, ਕਾ ਧਰਮਪਾਲ ਸਿੰਘ ਸੁਨਾਮ, ਸ਼ਪਿੰਦਰ ਕੁਮਾਰ ਭਾਰਦਵਾਜ, ਗੁਲਜਾਰ ਸਿੰਘ ਉਗਰਾਹਾਂ, ਗੁਰਮੇਲ ਸਿੰਘ ਉਗਰਾਹਾਂ, ਨਰਿੰਦਰ ਸਿੰਘ, ਬੇਅੰਤ ਸਿੰਘ, ਸੇਵਾ ਸਿੰਘ ਚੱਠਾ, ਬੱਗਾ ਸਿੰਘ ਅਤੇ ਹਾਕਮ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਲਹਿਰਾਗਾਗਾ ਦੇ ਅੰਡਰਪਾਸ ’ਚ ਭਰਿਆ ਬਰਸਾਤੀ ਪਾਣੀ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਦੀ ਅਗਵਾਈ ’ਚ ਸੂਬਾ ਵਿਕਾਸ ਦੀ ਨਵੀਂ ਪੁਲਾਂਘ ਪੁੱਟ ਰਿਹਾ- ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।