27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਕਿਸਾਨਾਂ ਵਲੋਂ ਫ਼ਰੀਦਕੋਟ ’ਚ ਪਰਿਵਾਰਾਂ ਸਮੇਤ 29 ਨੂੰ ਸੂਬਾ ਪੱਧਰੀ ਇਕੱਠ ਕਰਨ ਦਾ ਐਲਾਨ

ਸੁਨਾਮ ਊਧਮ ਸਿੰਘ ਵਾਲਾ, 26 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੁਖਸੀਸ਼ ਸਿੰਘ ਬਾਲਦ ਕਲ੍ਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ। ਜਿਸ ਵਿਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਅਜੀਤ ਡੈਸਕ 27-08-2026
ਸੁਨਾਮ ਊਧਮ ਸਿੰਘ ਵਾਲਾ, 26 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੁਖਸੀਸ਼ ਸਿੰਘ ਬਾਲਦ ਕਲ੍ਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ।ਜਿਸ ਵਿਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।ਮੀਟਿੰਗ ਨੂੰ ਸੰਬੋਧਿਨ ਕਰਦਿਆਂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਖੇਤੀਬਾੜੀ ਵਿਕਾਸ ਬੈਂਕ (ਲੈਂਡ ਮਾਰਗੇਜ਼ ਬੈਂਕ) ਵਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ 30 ਮਾਰਚ ਤੋਂ ਸੂਬਾ ਭਰ ਵਿਚ ਬੈਂਕਾਂ ਅੱਗੇ ਧਰਨੇ ਦੇ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਿਖੇ 30 ਮਾਰਚ ਤੋਂ ਅਤੇ 12 ਹੋਰ ਜ਼ਿਲ੍ਹਿਆਂ ਵਿੱਚ 11 ਮਈ ਤੋਂ ਬੈਂਕ ਬੰਦ ਕਰਵਾਕੇ ਪੱਕੇ ਧਰਨੇ ਚੱਲ ਰਹੇ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਦਾ ਘਿਰਾਓ ਕਰਨ ਤੋਂ ਬਾਅਦ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਦੌਰਾਨ ਪਿੰਡ ਹਰੀ ਨੌਂ ਦੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ੇ ਦੇ ਚੈਕ ਦੇਣ, ਸਰਕਾਰੀ ਨੌਕਰੀ ਦੀ ਸਿਫ਼ਾਰਸ਼ ਕਰਨ, ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਖ਼ਾਲਸਾ ਏਡ ਵੱਲੋਂ ਲੈਣ ਅਤੇ ਕਥਿਤ ਘਪਲੇਬਾਜ਼ ਮੈਨੇਜਰ ਤੇ ਏਜੰਟ ਖ਼ਿਲਾਫ਼ ਪਰਚੇ ਦਰਜ ਕਰਨ ਆਦਿ ਮੰਗਾਂ ਮੰਨੀਆਂ ਗਈਆਂ ਸਨ ਪਰ ਕਿਸਾਨਾਂ ਦੀਆਂ ਮੁੱਖ ਮੰਗਾਂ ਅਜੇ ਵੀ ਲਟਕ ਰਹੀਆਂ ਹਨ। ਜਿੰਨ੍ਹਾਂ ਵਿਚ ਕਿਸਾਨਾਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਲਏ ਗਏ ਖ਼ਾਲੀ ਚੈਕ ਵਾਪਸ ਕਰਨ ਅਤੇ ਕਮਰਸ਼ੀਅਲ ਬੈਂਕਾਂ ਦੀ ਤਰਜ਼ ’ਤੇ ਓ.ਟੀ.ਐਸ. (ਇਕਮੁਸ਼ਤ ਨਿਪਟਾਰਾ) ਸਕੀਮ ਲਾਗੂ ਕਰਨਾ ਮੁੱਖ ਤੌਰ ’ਤੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਵਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਵੀ ਸਰਕਾਰ ਵੱਲੋਂ ਇੰਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ 14 ਅਗਸਤ ਨੂੰ ਫ਼ਰੀਦਕੋਟ ਮੋਰਚੇ ’ਤੇ ਪੁਲਿਸ ਜਬਰ ਜਰੀਏ ਧਰਨਾ ਚੁਕਵਾਉਣ ਦੀ ਕੋਸ਼ਿਸ਼ ਦੇ ਵਿਰੋਧ ਵਿਚ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇੰਨ੍ਹਾਂ ਮੀਟਿੰਗਾਂ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਹੈ ਕਿ 29 ਅਗਸਤ ਨੂੰ ਫ਼ਰੀਦਕੋਟ ਵਿਖੇ ਪੰਜਾਬ ਭਰ ਤੋਂ ਕਿਸਾਨ ਪਰਿਵਾਰਾਂ ਸਮੇਤ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਅਗਲੇ ਤਿੱਖੇ ਸੰਘਰਸ਼ ਤੇ ਮਾਰਚ ਦਾ ਐਲਾਨ ਕੀਤਾ ਜਾਵੇਗਾ।ਉਨ੍ਹਾਂ ਕਿਸਾਨਾਂ ਨੂੰ ਐਮ.ਐਸ.ਪੀ. ਗਾਰੰਟੀ ਕਾਨੂੰਨ, ਸਵਾਮੀਨਾਥਨ ਰਿਪੋਰਟ ਲਾਗੂ ਕਰਨ, ਭਾਰਤ-ਅਮਰੀਕਾ ਖੇਤੀ ਸਮਝੌਤਿਆਂ ਅਤੇ ਜ਼ਮੀਨਾਂ ਦੀ ਨਿਸ਼ਾਨਦੇਹੀ ਤੇ ਡਰੋਨ ਸਰਵੇਖਣਾਂ ਰਾਹੀਂ ਜ਼ਮੀਨਾਂ ਖੋਹਣ ਦੀਆਂ ਨੀਤੀਆਂ ਖ਼ਿਲਾਫ਼ ਸੁਚੇਤ ਰਹਿਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ 29 ਅਗਸਤ ਦੇ ਫ਼ਰੀਦਕੋਟ ਮੋਰਚੇ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਕੇਵਲ ਸਿੰਘ ਜਵੰਧਾ, ਭੂਰਾ ਸਿੰਘ ਸਲੇਮਗੜ੍ਹ, ਕਰਮਜੀਤ ਸਿੰਘ ਬਾਲਦ ਕਲਾਂ, ਰਾਮਫਲ ਸਿੰਘ ਜਲੂਰ, ਜਤਿੰਦਰ ਸਿੰਘ ਜਲੂਰ, ਕਸ਼ਮੀਰ ਸਿੰਘ ਉਗਰਾਹਾਂ, ਗੁਰਦੇਵ ਸਿੰਘ ਖਡਿਆਲ, ਮੇਜਰ ਸਿੰਘ ਸੁਰਜਨ ਭੈਣੀ ,ਕਰਮ ਸਿੰਘ ਨਮੋਲ ਅਤੇ ਬਿੰਦਰ ਲੇਹਲ ਕਲਾਂ, ਭੋਲਾ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਅੱਜ ਦੀ ਮਹਾਂ ਹੜਤਾਲ ’ਚ ਸ਼ਾਮਿਲ ਹੋਵੇਗੀ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਅਗਲੀ ਖ਼ਬਰ ਪਿੰਡ ਭਾਠੂਆਂ ਵਿਖੇ ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।