ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ, ਮੋਟਰਸਾਈਕਲ ਨੂੰ ਲੱਗੀ ਅੱਗ
ਭਵਾਨੀਗੜ੍ਹ, 10 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਕਾਲਾਝਾੜ ਟੋਲ ਪਲਾਜ਼ਾ ’ਤੇ ਲੰਘੀ ਦੇਰ ਰਾਤ ਇਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਹ ਵੀ ਲੱਗਿਆ ਕਿ ਹਾਦਸਾ ਗ੍ਰਸਤ ਕਾਰ ਵਿਚੋਂ ਭਾਰੀ ਮਾਤਰਾ ਵਿਚ ਭੁੱਕੀ ਅਤੇ ਜਾਅਲੀ ਨੰਬਰ ਪਲੇਟਾਂ ਵੀ ਮਿਲੀਆਂ ਹਨ, ਜਿਸ ’ਤੇ ਪੁਲਿਸ ਵਲੋਂ ਕਾਰ ਸਵਾਰਾਂ ’ਤੇ 2 ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਭਵਾਨੀਗੜ੍ਹ, 10 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਕਾਲਾਝਾੜ ਟੋਲ ਪਲਾਜ਼ਾ ’ਤੇ ਲੰਘੀ ਦੇਰ ਰਾਤ ਇਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਹ ਵੀ ਲੱਗਿਆ ਕਿ ਹਾਦਸਾ ਗ੍ਰਸਤ ਕਾਰ ਵਿਚੋਂ ਭਾਰੀ ਮਾਤਰਾ ਵਿਚ ਭੁੱਕੀ ਅਤੇ ਜਾਅਲੀ ਨੰਬਰ ਪਲੇਟਾਂ ਵੀ ਮਿਲੀਆਂ ਹਨ, ਜਿਸ ’ਤੇ ਪੁਲਿਸ ਵਲੋਂ ਕਾਰ ਸਵਾਰਾਂ ’ਤੇ 2 ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। ਜਾਣਕਾਰੀ ਦਿੰਦਿਆਂ ਟੋਲ ਪਲਾਜ਼ਾ ’ਤੇ ਕੰਮ ਕਰਦੇ ਜਗਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨਦਾਮਪੁਰ ਦਾ ਵਾਸੀ ਨਰਿੰਦਰ ਸਿੰਘ ਨਿੰਦੀ ਪੁੱਤਰ ਕਰਨੈਲ ਸਿੰਘ, ਜੋ ਲੰਘੀ ਰਾਤ ਆਪਣੀ ਡਿਊਟੀ ’ਤੇ ਆ ਰਿਹਾ ਸੀ, ਜਦੋਂ ਆਸਰਾ ਕਾਲਜ ਦੇ ਗੇਟ ਲੰਘ ਕੇ ਅੱਗੇ ਆਇਆ ਤਾਂ ਉਸ ਦਾ ਇਕ ਕਾਰ ਨਾਲ ਹਾਦਸਾ ਹੋ ਗਿਆ, ਜਿਸ ਵਿਚ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਨੂੰ ਮੌਕੇ ਤੋਂ ਰਾਜਿੰਦਰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਉਸ ਸਮੇਂ ਟੋਲ ਪਲਾਜ਼ਾ ’ਤੇ ਡਿਊਟੀ ਦੇ ਰਹੇ ਸਨ। ਉਨ੍ਹਾਂ ਨੂੰ ਮੋਟਰਸਾਈਕਲ ਨੂੰ ਅੱਗ ਲੱਗਣ ਵਾਰੇ ਪਤਾ ਲੱਗਿਆ, ਉਹ ਬੂਥ ਛੱਡ ਕੇ ਜਦੋਂ ਮੋਟਰਸਾਈਕਲ ਕੋਲ ਪਹੁੰਚੇ ਤਾਂ ਉਥੇ ਇਕੱਠੇ ਹੋਏ ਲੋਕਾਂ ’ਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਟੋਲ ਪਲਾਜ਼ਾ ’ਤੇ ਕੰਮ ਕਰਦਾ ਨਰਿੰਦਰ ਸਿੰਘ ਨਿੰਦੀ ਹੈ , ਉਨ੍ਹਾਂ ਮੌਕੇ ਤੋਂ ਟੋਲ ਪਲਾਜ਼ਾ ਦੀ ਐਬੂਲੈਂਸ ਵਿਚ ਹਸਪਤਾਲ ਪਹੁੰਚਾਇਆ। ਇਸ ਸਬੰਧੀ ਕਾਲਾਝਾੜ ਚੌਂਕੀ ਦੇ ਇੰਚਾਰਜ਼ ਸਤਵੰਤ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਸਬੰਧੀ ਜਾਣਕਾਰੀ ਮਿਲੀ ਤਾਂ ਪੁਲਿਸ ਮੌਕੇ ’ਤੇ ਪਹੁੰਚੀ, ਤਾਂ ਪਤਾ ਲੱਗਿਆ ਕਿ ਮੋਟਰਸਾਈਕਲ ਸਵਾਰ ਨਰਿੰਦਰ ਸਿੰਘ ਨਿੰਦੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਦੋਂ ਹਾਦਸਾ ਗ੍ਰਸਤ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 90 ਕਿਲੋ ਭੁੱਕੀ , ਜਾਅਲੀ ਨੰਬਰ ਪਲੇਟਾਂ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਰ ਸਵਾਰ ਜੋ ਮੌਕੇ ਤੋਂ ਫ਼ਰਾਰ ਹੋ ਗਏ ’ਤੇ 2 ਵੱਖ-ਵੱਖ ਮਾਮਲੇ ਦਰਜ਼ ਕਰਦਿਆਂ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਰ ਪੂਰੀ ਤਰ੍ਹਾਂ ਟੁੱਟ ਗਈ ਹੈ, ਕਾਰ ਦੀ ਪਹਿਚਾਣ ਸਬੰਧੀ ਵੀ ਕਾਰਵਾਈ ਚੱਲ ਰਹੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ, ਕਿ ਕਾਰ ਵਿਚ ਕਰੀਬ 4 ਲੱਖ ਰੁਪਏ ਦੀ ਨਕਦੀ ਵੀ ਸੀ, ਪਰ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।