ਸੰਗਰੂਰ, 7 ਮਈ (ਦਮਨਜੀਤ ਸਿੰਘ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਕਮੇਟੀ ਦੀ ਮੀਟਿੰਗ ਗੁਰਚਰਨ ਸਿੰਘ ਘਰਾਚੋ ਦੀ ਪ੍ਰਧਾਨਗੀ ਹੇਠ ਸਥਾਨਕ ਗਦਰ ਮੈਮੋਰੀਅਲ ਭਵਨ ਵਿਖੇ ਹੋਈ | ਮੀਟਿੰਗ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ ਅਤੇ ਦਲਿਤਾਂ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ | ਜਿਸ ਸਬੰਧੀ ਪੰਚਾਇਤੀ ਜ਼ਮੀਨ ਵਿਚੋਂ ਤੀਸਰਾ ਹਿੱਸਾ ਪੱਕੇ ਤੌਰ 'ਤੇ ਲੈਣ, ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕੀ ਹੱਕ ਲੈਣ, ਨਜੂਲ ਜ਼ਮੀਨ ਦੀ ਮਾਲਕੀ ਹੱਕ ਲੈਣ, ਸੰਘਰਸ਼ ਦਰਮਿਆਨ ਕਰੇ ਝੂਠੇ ਪਰਚੇ ਰੱਦ ਕਰਨ ਅਤੇ ਇਸ ਤੋਂ ਬਿਨਾਂ ਵੱਖ-ਵੱਖ ਪਿੰਡ ਜਿਵੇਂ ਪਿੰਡ ਸ਼ਾਦੀਹਰੀ, ਮਡੋਰ ਅਤੇ ਸੇਖਾਂ ਦੇ ਜ਼ਮੀਨੀ ਵਿਵਾਦ ਨੂੰ ਹੱਲ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਲਗਾਤਾਰ ਚਾਰ ਸਾਲ ਤੋਂ ਵਾਰ ਵਾਰ ਲਾਰੇ ਲੱਪੇ ਲਾਏ ਜਾ ਰਹੇ ਹਨ | ਸਰਕਾਰ ਤੇ ਪ੍ਰਸ਼ਾਸਨ ਵਲੋਂ ਮੰਗਾ ਨੂੰ ਹੱਲ ਕਰਨ ਲਈ ਕੋਈ ਸੁਹਿਰਦ ਯਤਨ ਨਹੀਂ ਕੀਤੇ ਜਾ ਰਹੇ ਜਿਸ ਤੋਂ ਅੱਕ ਕੇ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਜ਼ਮੀਨ, ਰੁਜ਼ਗਾਰ, ਦਿਹਾੜੀ, ਕਰਜ਼ਾ ਮੁਆਫ਼ੀ ਆਦਿ ਬੁਨਿਆਦੀ ਮੰਗਾ ਲਈ 25 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਇਕ ਮਈ ਨੂੰ ਪੰਜਾਬ ਸਰਕਾਰ ਵਲੋਂ ਬਜਟ ਵਿਚ ਮਿਨੀਮਮ ਵੇਜ 'ਚ ਕੀਤਾ ਵਾਧਾ ਨਾ ਕਾਫੀ ਕਰਾਰ ਦਿੱਤਾ ਇਸ ਨੂੰ ਮਜ਼ਦੂਰਾਂ ਨਾਲ ਕੀਤਾ ਕੋਝਾਂ ਮਜ਼ਾਕ ਕਰਾਰ ਦਿੰਦਿਆਂ ਆਗੂਆਂ ਵਲੋਂ ਦੱਸਿਆ ਗਿਆ ਕਿ ਐਕਸ਼ਨ ਦੀ ਤਿਆਰੀ ਲਈ ਵੱਖ ਵੱਖ ਪਿੰਡਾਂ ਵਿਚ ਰੈਲੀਆਂ, ਮੀਟਿੰਗਾਂ, ਰੋਸ ਮੁਜ਼ਾਹਰੇ ਮਾਰਚ ਅਤੇ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਤੇ 25 ਮਈ ਨੂੰ ਪੰਜਾਬ ਦੇ ਸੈਂਕੜੇ ਪਿੰਡਾਂ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਦਲਿਤ ਮਜ਼ਦੂਰ ਆਪਣੀਆਂ ਹੱਕੀ ਮੰਗਾ ਦਾ ਪ੍ਰਦਰਸ਼ਨ ਕਰਨਗੇ | ਇਸ ਮੌਕੇ ਜਨਰਲ ਸਕੱਤਰ ਗੁਰਵਿੰਦਰ ਬੌੜਾ, ਧਰਮਵੀਰ ਹਰੀਗੜ੍ਹ, ਗੁਰਚਰਨ ਸਿੰਘ ਘਰਾਚੋਂ, ਜਸਬੀਰ ਕੌਰ ਹੇੜੀਕੇ, ਸ਼ਿੰਗਾਰਾ ਸਿੰਘ ਹੇੜੀਕੇ ਅਤੇ ਬੂਟਾ ਸਿੰਘ ਸੇਖਾ ਆਦਿ ਮੌਜੂਦ ਸਨ |