ਅਹਿਮਦਗੜ੍ਹ, 7 ਮਈ (ਰਵਿੰਦਰ ਪੁਰੀ)-ਸ਼ਹਿਰ ਦੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰ ਕੇ 50 ਬਿਸਤਰਿਆਂ ਦਾ ਬਣਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਯਤਨਾਂ 'ਚ ਲੱਗੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਇਹ ਯੋਜਨਾ ਹੁਣ ਸਿਰੇ ਚੜ੍ਹਨ ਕੰਢੇ ਹੈ | ਅੱਜ ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਐਸ ਵਿਰਾਜ ਸ਼ਿਆਮਕਰਨ ਤਿੜਕੇ ਨੇ ਜ਼ਿਲ੍ਹੇ ਦੇ ਸਾਰੇ ਸੰਬੰਧਿਤ ਅਧਿਕਾਰੀਆਂ ਦੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਨਗਰ ਕੌਂਸਲ, ਪੁਰਾਣੀ ਤਹਿਸੀਲ ਤੇ ਪਸ਼ੂ ਹਸਪਤਾਲ ਵਾਲੀ ਥਾਂ ਦਾ ਮੁਆਇਨਾ ਕੀਤਾ | ਇਸ ਮੌਕੇ ਤੇ ਵਿਸ਼ੇਸ਼ ਕਰ ਕੇ ਪਹੁੰਚੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਸ਼ਹਿਰ ਦੇ ਲੋਕਾਂ ਦੀ ਇਸ ਪੁਰਜ਼ੋਰ ਮੰਗ ਬਾਰੇ ਵਿਸਥਾਰ ਨਾਲ ਡਿਪਟੀ ਕਮਿਸ਼ਨਰ ਨਾਲ ਵਾਰਤਾਲਾਪ ਕੀਤੀ | ਡਿਪਟੀ ਕਮਿਸ਼ਨਰ ਨੇ ਵੀ ਮੌਕਾ ਦੇਖਣ ਬਾਅਦ ਇਸ ਪ੍ਰੋਜੈਕਟ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕਰਨ ਦਾ ਯਕੀਨ ਦਵਾਇਆ | ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਗੱਜਣਮਾਜਰਾ ਨੇ ਇਸ ਪ੍ਰੋਜੈਕਟ ਦੀ ਸਾਰੀ ਰੂਪ ਰੇਖਾ ਤਿਆਰ ਕਰ ਕੇ ਮੁੱਖ ਮੰਤਰੀ ਪੰਜਾਬ ਪਾਸੋਂ ਪ੍ਰਵਾਨਗੀ ਲੈ ਲਈ ਹੈ ਅਤੇ ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੀ ਬਿਲਡਿੰਗ ਨਾਲ ਨਗਰ ਕੌਂਸਲ ਦਫ਼ਤਰ ਤੇ ਪਸ਼ੂ ਹਸਪਤਾਲ ਵਾਲੀ ਥਾਂ ਮਿਲਾ ਲਈ ਜਾਵੇਗੀ ਅਤੇ ਨਗਰ ਕੌਂਸਲ ਦਾ ਦਫ਼ਤਰ ਪੁਰਾਣੀ ਤਹਿਸੀਲ 'ਚ ਲਿਆਇਆ ਜਾਵੇਗਾ | ਇੱਥੇ ਇਹ ਵੀ ਜ਼ਿਕਰਯੋਗ ਆ ਕਿ ਜੇਕਰ ਇਹ ਪ੍ਰੋਜੈਕਟ ਸਿਰੇ ਚੜ੍ਹ ਜਾਂਦਾ ਹੈ ਤਾਂ ਇਹ ਸ਼ਹਿਰ ਅਤੇ ਇਲਾਕੇ ਲਈ ਵੱਡੀ ਸਹੂਲਤ ਹੋਵੇਗੀ ਜਿਸ ਦਾ ਸ਼ਹਿਰ ਦੇ ਸਮੂਹ ਲੋਕਾਂ ਵੱਲੋਂ ਭਰਵਾਂ ਸਵਾਗਤ ਵੀ ਹੋਵੇਗਾ | ਇਸ ਮੌਕੇ ਚੇਅਰਮੈਨ ਕਮਲਜੀਤ ਸਿੰਘ ਉੱਭੀ, ਨਗਰ ਕੌਂਸਲ ਦੇ ਪ੍ਰਧਾਨ ਵਿੱਕੀ ਸ਼ਰਮਾ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਬਿੱਲੂ ਮਾਜਰੀ, ਰਿਸ਼ੀ ਜੋਸ਼ੀ, ਜਗਤਾਰ ਸਿੰਘ ਚੀਮਾ, ਬੱਬੂ ਪੰਡਿਤ, ਐਸ.ਡੀ.ਐਮ. ਹਰਬੰਸ ਸਿੰਘ, ਸਿਵਲ ਸਰਜਨ ਪ੍ਰਦੀਪ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਜਗਜੀਤ ਸਿੰਘ ਐਸ.ਐਮ.ਓ. ਡਾਕਟਰ ਜੋਤੀ ਹਿੰਦ, ਈ.ਓ ਚੰਦਰ ਪ੍ਰਕਾਸ਼ ਵਧਵਾ ਆਦਿ ਹਾਜ਼ਰ ਸਨ |