ਸੰਗਰੂਰ, 7 ਮਈ (ਧੀਰਜ ਪਸ਼ੌਰੀਆ) - ਭਵਾਨੀਗੜ੍ਹ ਟਰੱਕ ਯੂਨੀਅਨ ਜੋ ਪਿਛਲੇ ਸਮੇਂ ਤੋਂ ਲਗਾਤਾਰ ਵਿਵਾਦਾਂ ਅਤੇ ਚਰਚਾਵਾਂ ਵਿਚ ਚੱਲ ਰਹੀ ਹੈ ਨੇ ਜਿੱਥੇ ਸੰਗਰੂਰ ਦੀ ਰਾਜਨੀਤੀ ਨੂੰ ਗਰਮਾਈ ਰੱਖਿਆ ਹੋਇਆ ਹੈ ਉੱਥੇ ਇਸ ਟਰੱਕ ਯੂਨੀਅਨ ਦੇ ਵਿਵਾਦ ਨੇ ਕਈ ਅਧਿਕਾਰੀਆਂ ਦੀਆਂ ਕੁਰਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ | ਇਸ ਵਿਵਾਦ ਦੇ ਵਿਧਾਨ ਸਭਾ ਹਲਕੇ ਦੀ ਰਾਜਨੀਤੀ ਤੇ ਕੀ ਪ੍ਰਭਾਵ ਪੈਣਗੇ ਇਹ ਫਿਲਹਾਲ ਭਵਿੱਖ ਦੇ ਗਰਭ ਵਿਚ ਛੁਪਿਆ ਹੋਇਆ ਹੈ ਕਿਉਂਕਿ ਕਈ ਰਾਜਨੀਤਿਕ ਆਗੂ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਬੰਦ ਟਰੱਕ ਅਪਰੇਟਰਾਂ ਨਾਲ ਮੁਲਾਕਾਤਾਂ ਕਰ ਰਹੇ ਹਨ | ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਟਰੱਕ ਯੂਨੀਅਨ ਵਿਵਾਦ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਆਗੂ ਦੋ ਧੜਿਆਂ ਵਿਚ ਵੰਡ ਗਏ ਸਨ ਅਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪੁਲਿਸ ਦੀ ਕਾਰਵਾਈ ਤੇ ਸਖ਼ਤ ਇਤਰਾਜ਼ ਕੀਤੇ ਸਨ | ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਪੰਜਾਬ ਦੀ ਪੂਰੀ ਸਰਕਾਰ ਅਤੇ ਵਿਧਾਇਕ, ਬਾਗੀ ਹੋਏ ਰਾਜ ਸਭਾ ਮੈਂਬਰਾਂ ਦੇ ਮੁੱਦੇ ਨੂੰ ਲੈ ਕੇ ਦਿੱਲੀ ਗਏ ਸਨ ਉਸ ਦਿਨ ਟਰੱਕ ਯੂਨੀਅਨ ਭਵਾਨੀਗੜ੍ਹ ਦਾ ਵਿਵਾਦ ਦਿੱਲੀ ਦਰਬਾਰ ਵਿਚ ਵੀ ਉੱਠਿਆ ਸੀ ਜਿੱਥੋਂ ਵੱਜੀ ਘੰਟੀ ਨੇ ਸੰਗਰੂਰ ਦੇ ਅਧਿਕਾਰੀਆਂ ਦੀਆਂ ਕੁਰਸੀਆਂ ਨੂੰ ਹਿਲਾ ਕੇ ਰੱਖ ਦਿੱਤਾ | ਜ਼ਿਲੇ੍ਹ ਦੇ ਵੱਡੇ ਅਧਿਕਾਰੀਆਂ ਦੀਆਂ ਕੁਰਸੀਆਂ ਹਿੱਲਣ ਤੋਂ ਬਾਅਦ ਆਮ ਲੋਕ ਇਸ ਨੂੰ ਨਾਰੀ ਸ਼ਕਤੀ ਦਾ ਕਮਾਲ ਦੱਸ ਰਹੇ ਹਨ |