17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ 'ਚ ਹੋ ਰਹੀ ਲੁੱਟ ਦਾ ਮੁੱਦਾ ਗਰਮਾਇਆ

ਅਜੀਤ ਡੈਸਕ 16-04-2026
?ਸੰਗਰੂਰ, 15 ਅਪ੍ਰੈਲ (ਧੀਰਜ ਪਸ਼ੌਰੀਆ) - ਸੰਗਰੂਰ ਦੇ ਉੱਘੇ ਸਮਾਜ ਚਿੰਤਕ ਅਤੇ ਸਮਾਜ ਸੇਵੀ ਜਤਿੰਦਰ ਕੁਮਾਰ ਕਾਲੜਾ ਅਤੇ ਐਡਵੋਕੇਟ ਕਮਲ ਆਨੰਦ (ਆਰ.ਟੀ.ਆਈ. ਐਕਟਿਵਿਸਟ) ਵੱਲੋਂ ਭਾਰਤ ਵਿੱਚ ਜੀਵਨ ਰੱਖਿਅਕ ਦਵਾਈਆਂ, ਖਾਸ ਕਰ ਕੇ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਅਤੇ ਕਾਰਪੋਰੇਟ ਹਸਪਤਾਲਾਂ ਦੀ ਕਥਿਤ 'ਲੁੱਟ' ਵਿਰੁੱਧ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ | ਇਸ ਸਬੰਧੀ ਉਨ੍ਹਾਂ ਨੇ ਭਾਰਤ ਦੀ ਸੰਸਦੀ ਸਥਾਈ ਕਮੇਟੀ (ਸਿਹਤ ਅਤੇ ਪਰਿਵਾਰ ਭਲਾਈ) ਨੂੰ ਇੱਕ ਰਸਮੀ ਸ਼ਿਕਾਇਤ ਭੇਜ ਕੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ | ਸ਼ਿਕਾਇਤ ਵਿੱਚ ਤੱਥਾਂ ਸਹਿਤ ਦੱਸਿਆ ਗਿਆ ਹੈ ਕਿ ਕਿਵੇਂ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਦਵਾਈਆਂ ਦੀ ਅਸਲ ਲਾਗਤ ਨਾਲੋਂ ਕਈ ਗੁਣਾ ਵੱਧ ਐਮ.ਆਰ.ਪੀ. ਛਾਪ ਕੇ ਆਮ ਜਨਤਾ ਦੀ ਜੇਬ 'ਤੇ ਡਾਕਾ ਮਾਰਿਆ ਜਾ ਰਿਹਾ ਹੈ | ਇਸ ਮੌਕੇ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਕਿਹਾ, ਇਹ ਕੋਈ ਵਪਾਰਕ ਮੁਨਾਫ਼ਾ ਨਹੀਂ ਸਗੋਂ ਮਾਨਵਤਾ ਵਿਰੁੱਧ ਅਪਰਾਧ ਹੈ | ਜਦੋਂ ਕੋਈ ਮਰੀਜ਼ ਨਿੱਜੀ ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਤਾਂ ਉਸ ਨੂੰ ਮਜਬੂਰਨ ਹਸਪਤਾਲ ਦੇ ਅੰਦਰਲੇ ਮੈਡੀਕਲ ਸਟੋਰ ਤੋਂ ਹੀ ਦਵਾਈ ਲੈਣੀ ਪੈਂਦੀ ਹੈ | ਹਸਪਤਾਲ ਇਹਨਾਂ ਦਵਾਈਆਂ 'ਤੇ ਸੈਂਕੜੇ ਗੁਣਾ ਮੁਨਾਫ਼ਾ ਕਮਾ ਰਹੇ ਹਨ, ਜਦੋਂ ਕਿ ਗਰੀਬ ਅਤੇ ਮੱਧ ਵਰਗੀ ਪਰਿਵਾਰ ਇਲਾਜ ਦੇ ਖਰਚੇ ਹੇਠ ਦਬ ਕੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦਵਾਈਆਂ ਦੇ ਵਪਾਰਕ ਮਾਰਜਿਨ ਤੇ ਤੁਰੰਤ ਕੈਪ (ਸੀਮਾ) ਲਗਾਈ ਜਾਵੇ | ਉਨ੍ਹਾਂ ਕਾਨੂੰਨੀ ਪੱਖ ਰੱਖਦਿਆਂ ਕਿਹਾ, 'ਸੰਵਿਧਾਨ ਅਨੁਸਾਰ ਹਰ ਨਾਗਰਿਕ ਨੂੰ ਸਿਹਤ ਸਹੂਲਤਾਂ ਦਾ ਅਧਿਕਾਰ ਹੈ, ਪਰ ਮੌਜੂਦਾ 'ਟਰੇਡ ਜੈਨਰਿਕ' ਸਿਸਟਮ ਇਸ ਅਧਿਕਾਰ ਦੀ ਉਲੰਘਣਾ ਹੈ | ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਦਾ ਗੱਠਜੋੜ ਸਿਰਫ਼ ਉਹੀ ਦਵਾਈਆਂ ਸਟਾਕ ਕਰਦਾ ਹੈ ਜਿਸ ਵਿੱਚ ਸਭ ਤੋਂ ਵੱਧ ਕਮਿਸ਼ਨ ਹੋਵੇ | ਅਸੀਂ ਸੰਸਦੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ (ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ) ਦੇ ਅਧਿਕਾਰੀਆਂ ਨੂੰ ਤਲਬ ਕੀਤਾ ਜਾਵੇ ਅਤੇ ਦਵਾਈਆਂ ਦੀ ਛਪੀ ਕੀਮਤ ਨੂੰ ਅਸਲ ਕੀਮਤ ਤੋਂ ਸਿਰਫ਼ 30%-50% ਤੱਕ ਹੀ ਸੀਮਿਤ ਰੱਖਣ ਲਈ ਨਵਾਂ ਕਾਨੂੰਨ ਬਣਾਇਆ ਜਾਵੇ |
ਸਿਹਤ ਮੰਤਰੀ ਨੂੰ ਵੀ ਭੇਜੀ ਕਾਪੀ: - ਇਸ ਸ਼ਿਕਾਇਤ ਦੀ ਇੱਕ ਕਾਪੀ ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੂੰ ਵੀ ਭੇਜੀ ਗਈ ਹੈ | ਦੋਵਾਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ 'ਤੇ ਤੁਰੰਤ ਕਾਰਵਾਈ ਨਾ ਕੀਤੀ, ਤਾਂ ਉਹ ਇਸ ਮੁੱਦੇ ਨੂੰ ਜਨਤਕ ਲਹਿਰ ਬਣਾਉਣਗੇ ਤਾਂ ਜੋ ਭਾਰਤ ਦੇ ਕਿਸੇ ਵੀ ਕੈਂਸਰ ਮਰੀਜ਼ ਨੂੰ ਪੈਸੇ ਦੀ ਘਾਟ ਕਾਰਨ ਦਮ ਨਾ ਤੋੜਨਾ ਪਵੇ |
ਪਿਛਲੀ ਖ਼ਬਰ ਬਲਾਕ ਸੰਮਤੀ ਦਿੜ੍ਹਬਾ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੀ ਤਾਜਪੋਸ਼ੀ ਅਗਲੀ ਖ਼ਬਰ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਸੰਦੌੜ ਅਤੇ ਕੁਠਾਲਾ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।