ਮਾਲੇਰਕੋਟਲਾ, 1 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਅਗਲੀ ਵਿਧਾਨ ਸਭਾ ਚੋਣ ਦੌਰਾਨ ਤਿੰਨ ਜ਼ਿਲਿ੍ਹਆਂ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੀਆਂ 10 ਵਿਧਾਨ ਸਭਾ ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈਆਂ ਜਾਣਗੀਆਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਅਰਵਿੰਦ ਖੰਨਾ ਨੇ ਮਲੇਰਕੋਟਲਾ ਵਿਖੇ ਗੱਲਬਾਤ ਦੌਰਾਨ ਕੀਤਾ | ਜਿੱਥੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੇ ਪਰਿਵਾਰਿਕ ਸਮਾਗਮ ਮੌਕੇ ਪਹੁੰਚੇ ਸਨ | ਸਮਾਗਮ ਦੌਰਾਨ ਜ਼ਿਲ੍ਹਾ ਸੰਗਰੂਰ ਤੇ ਮਾਲੇਰਕੋਟਲਾ ਦੀ ਪੁਰਾਣੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕੱਤਰ ਹੋਈ | ਅਰਵਿੰਦ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕੇ ਲੋਕ ਆਮ ਆਦਮੀ ਦੀ ਸਰਕਾਰ ਤੋਂ ਅੱਕ ਤੇ ਥੱਕ ਚੁੱਕੇ ਹਨ ਇਸ ਲਈ ਅਗਲੀ ਵਿਧਾਨ ਸਭਾ ਚੋਣ ਮੌਕੇ ਸਰਕਾਰ ਬਦਲਣ ਦਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਰੈਲੀਆਂ 'ਚ ਹੁੰਦੇ ਇਕੱਠ ਤੇ ਨੌਜਵਾਨਾਂ ਨਾਲ ਸੋਸ਼ਲ ਮੀਡੀਆ ਤੇ ਸੁਖਬੀਰ ਬਾਦਲ ਦੀ ਹਰਮਨ ਪਿਆਰਤਾ ਨੇ ਇਹ ਸਾਬਤ ਕਰ ਦਿੱਤਾ ਹੈ ਕੇ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੋਵੇਗੀ | ਸ਼੍ਰੀ ਖੰਨਾ ਨੇ ਇਹ ਦਾਅਵਾ ਕੀਤਾ ਕੇ ਅਕਾਲੀ ਦਲ ਦੇ ਭਗੌੜੇ ਆਗੂਆਂ ਬਿਨਾਂ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੀ ਸਿਆਸਤ ਵਿਚ ਨਿਖਾਰ ਆਇਆ ਹੈ | ਪੰਜਾਬ ਅੰਦਰ ਪਾਰਟੀ ਲਈ ਨੌਜਵਾਨਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਤੋਂ ਸਮੁੱਚੇ ਪੰਜਾਬੀ ਪ੍ਰਭਾਵਿਤ ਹਨ | ਉਨ੍ਹਾਂ ਦੇ ਲਗਾਤਾਰ 16 ਘੰਟੇ ਕੰਮ ਕਰਨ ਦੀ ਬਦੌਲਤ ਅਕਾਲੀ ਦਲ ਲੋਕਾਂ ਦੀ ਕਚਹਿਰੀ ਅੰਦਰ ਮੁੜ ਤੋਂ ਸੁਰਜੀਤ ਹੋ ਰਿਹਾ ਹੈ | ਇਸ ਮੌਕੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ, ਵਿਨਰਜੀਤ ਸਿੰਘ ਗੋਲਡੀ, ਗਗਨਦੀਪ ਸਿੰਘ ਖੰਡੇਵਾਦ, ਰਣਜੀਤ ਸਿੰਘ ਕਾਤਰੋਂ, ਤੇਜਿੰਦਰ ਸਿੰਘ ਸੰਘਰੇੜੀ, ਹਲਕਾ ਅਮਰਗੜ੍ਹ ਤੋਂ ਸਤਵੀਰ ਸਿੰਘ ਸ਼ੀਰਾ ਬਨਭੌਰਾ, ਭੀਮ ਵੜੈਚ, ਜਥੇਦਾਰ ਤਰਲੋਚਨ ਸਿੰਘ ਧਲੇਰ ਸਣੇ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ |