ਸੰਗਰੂਰ, 1 ਅਪ੍ਰੈਲ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਦੇ ਨਾਂਅ ਇੱਕ ਮੰਗ ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੰੂ ਸੌਂਪਿਆ ਗਿਆ | ਮੰਗ ਪੱਤਰ ਸੌਂਪਣ ਉਪਰੰਤ ਗੱਲਬਾਤ ਕਰਦਿਆਂ ਸਰਜੀਵਨ ਜਿੰਦਲ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਕੁੱਝ ਅਣਪਛਾਤੇ ਲੋਕਾਂ ਵੱਲੋਂ ਤੋੜ ਫੋੜ ਕਰ ਕੇ ਕੀਤੀ ਗਈ ਬੇਅਦਬੀ ਦੇ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਸਬੰਧੀ ਸੰਗਰੂਰ ਪ੍ਰਸ਼ਾਸਨ ਰਾਂਹੀ ਪੰਜਾਬ ਦੇ ਰਾਜਪਾਲ ਨੰੂ ਮੰਗ ਪੱਤਰ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਾਣਕਾਰੀ ਮੁਤਾਬਕ ਕੁੱਝ ਸਮਾਜ ਵਿਰੋਧੀ ਲੋਕਾਂ ਵੱਲੋਂ ਬਾਬਾ ਸਾਹਿਬ ਦੀ ਮੂਰਤੀ ਦਾ ਚਿਹਰਾ ਤੋੜਿਆ ਗਿਆ ਅਤੇ ਸੁਰੱਖਿਆ ਲਈ ਲੱਗੇ ਕੱਚ ਅਤੇ ਲਾਈਟਾਂ ਦੀ ਵੀ ਤੋੜ ਫੋੜ ਕੀਤੀ ਗਈ ਜਿੱਥੋਂ ਇਹ ਸਿੱਧ ਹੁੰਦਾ ਹੈ ਕਿ ਇਹ ਘਟਨਾ ਇੱਕ ਬੜੀ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਘਟੀ ਹੈ | ਸੀਨੀਅਰ ਭਾਜਪਾ ਆਗੂ ਅਤੇ ਸਪੋਰਟਸ ਸੈੱਲ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਸੀਨੀਅਰ ਆਗੂ ਕਰਮ ਲਹਿਲ ਨੇ ਕਿਹਾ ਕਿ ਇਸ ਘਟਨਾ ਨਾਲ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਦੇ ਕਾਨੰੂਨ ਪਸੰਦ ਲੋਕਾਂ ਵਿੱਚ ਗ਼ੁੱਸੇ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਜਿੱਥੇ ਸਮਾਜ ਵਿੱਚ ਤਣਾਉ ਦਾ ਮਾਹੌਲ ਬਣਦਾ ਹੈ ਉੱਥੇ ਹੀ ਆਮ ਲੋਕਾਂ ਅੰਦਰ ਡਰ ਵੀ ਪੈਦਾ ਹੋ ਰਿਹਾ ਹੈ | ਸੀਨੀਅਰ ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਅਜਿਹੀ ਮੰਦਭਾਗੀ ਘਟਨਾ ਦੀ ਕਿਸੇ ਵੱਖਵਾਦੀ ਤੱਤਵ ਵੱਲੋਂ ਜ਼ਿੰਮੇਵਾਰੀ ਲਏ ਜਾਣ ਕਾਰਨ ਇਹ ਮਾਮਲਾ ਸਿਰਫ਼ ਬਾਬਾ ਸਾਹਿਬ ਦੀ ਮੂਰਤੀ ਦੀ ਤੋੜ ਫੋੜ ਦਾ ਨਹੀਂ ਸਗੋਂ ਪੰਜਾਬ ਰਾਜ ਵਿੱਚ ਅਮਨ ਅਤੇ ਕਾਨੰੂਨ ਦੀ ਸਥਿਤੀ ਨੰੂ ਲਾਂਬੂ ਲਾਉਣ ਦੀ ਕੋਸ਼ਿਸ਼ ਹੈ ਜਿਸ ਨਾਲ ਸਮਾਜ ਅੰਦਰ ਅਮਨ ਕਾਨੰੂਨ ਲਈ ਗੰਭੀਰ ਖ਼ਤਰਾ ਬਣ ਜਾਂਦਾ ਹੈ | ਭਾਜਪਾ ਆਗੂਆਂ ਨੇ ਕਿਹਾ ਕਿ ਹੁਣ ਭਾਵੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਸਬੰਧੀ ਮੁਕੱਦਮਾ ਦਰਜ਼ ਕਰ ਕੇ ਇਲਾਕੇ ਅੰਦਰ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ ਪਰ ਅਜਿਹੀਆਂ ਘਟਨਾਵਾਂ ਦਾ ਮੁੜ-ਮੁੜ ਹੋਣਾ ਪੰਜਾਬ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਕਮਜ਼ੋਰੀ ਨੰੂ ਦਰਸਾਉਂਦਾ ਹੈ | ਇਸ ਮੌਕੇ ਪ੍ਰਦੀਪ ਗਰਗ, ਓਾਕਾਰ ਸਿੰਘ ਸਿੱਧੂ, ਵਾਸਦੇਵ ਆਰੀਆ, ਡਾ: ਭਗਵਾਨ ਸਿੰਘ, ਵਿਜੈ ਸਾਹਨੀ, ਨਿਰਭੈ ਸਿੰਘ ਛੰਨਾ, ਸੁਰੇਸ਼ ਬੇਦੀ, ਰੀਨਾ ਪਰੋਚਾ, ਆਵਾ ਸਿੰਘ, ਬਿ੍ਜੇਸ਼ਵਰ ਗੋਇਲ, ਨਰਪਿੰਦਰ ਸਿੰਘ, ਸੁਰਜੀਤ ਸਿੰਘ, ਸੁਰਜੀਤ ਸਿੰਘ ਰੰਧਾਵਾ, ਅੰਕੂਰ ਜਿੰਦਲ, ਜਗਮੋਹਨ, ਸੰਜੀਵ ਕੁਮਾਰ ਲੱਕੀ, ਸੁਰਿੰਦਰ ਸ਼ਰਮਾ, ਰਜਿੰਦਰ ਸਿੰਘ, ਜਗਦੇਵ ਸ਼ਰਮਾ, ਇੰਦਰਜੀਤ ਸਿੰਘ ਅਤੇ ਪਰਮਜੀਤ ਕੌਰ ਆਦਿ ਮੌਜੂਦ ਸਨ |