21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਐੱਫ.ਸੀ.ਆਈ. ਦੇ ਗੁਦਾਮਾਂ ਵਿਚੋਂ ਪਿਛਲੇ ਸਾਲਾਂ ਦੇ ਚੌਲ ਨਾ ਚੁੱਕੇ ਜਾਣ ਕਾਰਨ ਰੁਕ-ਰੁਕ ਕੇ ਹੋ ਰਹੀ ਹੈ ਝੋਨੇ ਦੀ ਮਿਲਿੰਗ

ਅਜੀਤ ਡੈਸਕ 01-04-2026
ਸੰਗਰੂਰ, 31 ਮਾਰਚ (ਧੀਰਜ ਪਸ਼ੋਰੀਆ)-ਐਫ.ਸੀ.ਆਈ. ਦੇ ਨਿਯਮਾਂ ਮੁਤਾਬਕ ਸਾਲ 2025-26 ਦੇ ਝੋਨੇ ਦੀ ਮੀਲਿੰਗ ਦਾ ਕੰਮ 31 ਮਾਰਚ ਤੱਕ ਮੁਕੰਮਲ ਹੋ ਜਾਣਾ ਸੀ ਪਰ ਅੱਜ 31 ਮਾਰਚ ਤੱਕ ਸਿਰਫ਼ 40 ਪ੍ਰਤੀਸ਼ਤ ਝੋਨੇ ਦੀ ਮੀਲਿੰਗ ਹੀ ਹੋ ਸਕੀ ਹੈ | ਇਹ ਪ੍ਰਗਟਾਵਾ ਕਰਦਿਆਂ ਲੋਕਲ ਸ਼ੈਲਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਗੁਦਾਮਾਂ ਵਿੱਚੋਂ ਪਿਛਲੇ ਸਾਲਾਂ ਦਾ ਚੌਲ ਨਹੀਂ ਚੁੱਕਿਆ ਜਾ ਰਿਹਾ ਹੈ, ਨਤੀਜਣ ਨਵੇਂ ਸੀਜ਼ਨ ਦੇ ਚੌਲ ਲੱਗਣ ਲਈ ਇਨ੍ਹਾਂ ਗੁਦਾਮਾਂ ਵਿੱਚ ਜਗ੍ਹਾ ਨਹੀਂ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਚੌਲ ਚੁੱਕ ਕੇ ਜਾਣ ਦੀ ਰਫ਼ਤਾਰ ਬਹੁਤ ਧੀਮੀ ਹੈ | ਇਸ ਕਾਰਨ ਸ਼ੈਲਰਾਂ ਵਿੱਚ ਪਏ 2025-26 ਦੇ ਝੋਨੇ ਦੀ ਮੀਲਿੰਗ ਰੁਕ-ਰੁਕ ਕੇ ਹੋ ਰਹੀ ਹੈ ਜਿਸ ਦਾ ਖ਼ਮਿਆਜ਼ਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ | ਜਿਸ ਮੀਲਿੰਗ ਦੇ ਸੀਜ਼ਨ ਨੇ 31 ਮਾਰਚ ਤੱਕ ਮੁਕੰਮਲ ਹੋ ਜਾਣਾ ਹੁੰਦਾ ਹੈ, ਉਸ ਸੀਜ਼ਨ ਦੇ ਕਰੀਬ ਇੱਕ ਸਾਲ ਚੱਲਣ ਕਾਰਨ ਸ਼ੈਲਰਾਂ ਦਾ ਖਰਚਾ ਵਧ ਜਾਂਦਾ ਹੈ | ਇਸ ਦੇ ਨਾਲ ਹੀ ਲੰਮਾ ਸਮਾਂ ਖੁੱਲੇ੍ਹ ਵਿੱਚ ਪਏ ਰਹੇ ਕਾਰਨ ਝੋਨੇ ਦਾ ਜਿੱਥੇ ਵਜ਼ਨ ਘਟਦਾ ਹੈ ਉਥੇ ਉਹ ਬਦਰੰਗ ਵੀ ਹੋ ਜਾਂਦਾ ਹੈ ਜਿਸ ਦਾ ਸਾਰਾ ਖ਼ਮਿਆਜ਼ਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ | ਇਹੀ ਕਾਰਨ ਹੈ ਕਿ ਪੰਜਾਬ ਦਾ ਸ਼ੈਲਰ ਉਦਯੋਗ ਲਗਾਤਾਰ ਬਰਬਾਦੀ ਵੱਲ ਵਧ ਰਿਹਾ ਹੈ | ਸ਼ੈਲਰ ਉਦਯੋਗ ਜੋ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅੱਜ ਹੌਲੀ ਹੌਲੀ ਉਸ ਨੂੰ ਤਾਲੇ ਲੱਗਣ ਜਾ ਰਹੇ ਹਨ | ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਇਹ ਸਭ ਕੁੱਝ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਗੁਦਾਮਾਂ ਵਿੱਚੋਂ ਚੌਲ ਨਾ ਚੁੱਕੇ ਜਾਣ ਕਾਰਨ ਹੋ ਰਿਹਾ ਹੈ ਜਦ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਉੱਥੋਂ ਦੀ ਸਰਕਾਰ ਸ਼ੈਲਰ ਮਾਲਕਾਂ ਦੀ ਪੈਰਵੀ ਕਰਦੀ ਹੈ ਪਰ ਸਾਡੇ ਸੂਬੇ ਪੰਜਾਬ ਦੀ ਸਰਕਾਰ ਪੈਰਵੀ ਕਰਨਾ ਤਾਂ ਦੂਰ ਦੀ ਗੱਲ ਸ਼ੈਲਰ ਵਾਲਿਆਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ | ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨਾਂ ਤੋਂ ਮੰਗ ਕੀਤੀ ਕਿ ਪੰਜਾਬ ਦੇ ਗੁਦਾਮਾਂ ਵਿੱਚ ਪਏ ਚੌਲ ਨੂੰ ਚੁੱਕੇ ਜਾਣ ਦੀ ਰਫ਼ਤਾਰ ਨੂੰ ਵਧਾਇਆ ਜਾਵੇ | ਇਨ੍ਹਾਂ ਵਿਚਾਰਾਂ ਦੀ ਦਿਨੇਸ਼ ਗੋਇਲ ਬਬਲੂ, ਜੋਗਿੰਦਰ ਕੁਮਾਰ ਨਿਕਾ, ਪਰਮਜੀਤ ਸ਼ਰਮਾ, ਕਾਮਲ ਨਰੇਸ਼ ਮਿੱਤਲ ਰਾਜੀਵ ਗਰਗ ਰੈਂਪੂ, ਕਿ੍ਸ਼ਨ ਬਾਂਸਲ ਬੱਬੂ, ਨਰਿੰਦਰ ਸਿੰਘ, ਭਿੰਦਰ ਸਿੰਘ, ਗੁਰਮੇਲ ਸਿੰਘ ਬਡਰੁੱਖਾਂ, ਸੌਰਵ ਗੋਇਲ, ਅੰਕਰ ਅੰਮਿ੍ਤ, ਜਤਿੰਦਰ ਪੋਂਪਾ, ਅੰਕਿਤ, ਕਾਲਾ ਗੁਪਤਾ, ਗੋਰਾ, ਆਸੂ, ਗਗਨ ਘਾਬਦਾਂ, ਅਸ਼ਵਨੀ ਜੋਨੀ, ਗੋਰੀ, ਮਿੰਕੂ, ਜੋਨੀ ਅਨਮੋਲ, ਹਰਪ੍ਰੀਤ ਸਿੰਘ ਢੀਂਡਸਾ, ਭੋਲਾ ਸਿੰਘ, ਰਾਜੇਸ਼ ਪਾਲ, ਦੀਪਕ ਰਾਜੂ, ਗੁਰਚੇਤ ਸਿੰਘ, ਤਰਸੇਮ ਜਿੰਦਲ ਅਤੇ ਹੋਰਨਾਂ ਨੇ ਪਰੋੜ੍ਹਤਾ ਕੀਤੀ ਹੈ |

ਪਿਛਲੀ ਖ਼ਬਰ ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਝੰਡਾ ਮਾਰਚ ਅਗਲੀ ਖ਼ਬਰ ਭੇਦਭਰੀ ਹਾਲਤ 'ਚ ਨੌਜਵਾਨ ਦੀ ਲਾਸ਼ ਝਾੜੀਆਂ 'ਚੋਂ ਮਿਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।