19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਗਿਰਵੀ ਪਿਆ ਸੋਨਾ ਛੁਡਵਾਉਣ ਦੇ ਨਾਂਅ ਉੱਤੇ ਮਾਰੀ 1,74,915 ਰੁਪਏ ਦੀ ਠੱਗੀ

ਅਜੀਤ ਡੈਸਕ 19-02-2026
ਸੰਗਰੂਰ, 18 ਫਰਵਰੀ (ਅਮਨਦੀਪ ਸਿੰਘ ਬਿੱਟਾ) - ਗਿਰਵੀ ਪਏ ਗੋਲਡ ਨੂੰ ਛੁਡਵਾਉਣ ਦੇ ਨਾਮ ਉੱਤੇ 1 ਲੱਖ ਚੁਹੱਤਰ ਹਜ਼ਾਰ ਨੌਂ ਸੌ ਪੰਦਰਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਇੱਕ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ.ਐੱਚ.ਓ. ਸਿਟੀ ਇੰਸਪੈਕਟਰ ਗੁਲਾਬ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਕਰਵਾਈ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ | ਪੀੜਤ ਜਗਰੂਪ ਸਿੰਘ (ਨੰਦ ਜੁਵੈਲਰਜ) ਛੋਟਾ ਚੌਕ ਨਾਭਾ ਗੇਟ ਸੰਗਰੂਰ ਵਲੋਂ ਇਹ ਮੁਕੱਦਮਾ ਚਮਕੌਰ ਸਿੰਘ ਵਾਸੀ ਮੰਗਵਾਲ ਖ਼ਿਲਾਫ਼ ਦਰਜ ਕਰਵਾਇਆ ਗਿਆ ਹੈ | ਜਗਰੂਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਚਮਕੌਰ ਸਿੰਘ ਨੇ ਉਸ ਨਾਲ ਮਥੂਟ ਫਾਈਨਾਂਸ ਨਾਲ ਜੁੜੇ ਗੋਲਡ ਲੋਨ ਭਾਵ ਗੋਲਡ ਛੁਡਵਾਉਣ ਦੇ ਨਾਮ ਉੱਤੇ ਧੋਖਾਧੜੀ ਕੀਤੀ ਹੈ | ਇਸ ਸਾਰੇ ਸੌਦੇ ਵਿਚ ਧਨਵਿੰਦਰ ਸਿੰਘ ਨਿਵਾਸੀ ਆਫ਼ੀਸਰ ਕਲੋਨੀ (ਦਰਮਿਆਨੇ ਵਿਅਕਤੀ) ਵਜੋਂ ਸ਼ਾਮਲ ਹੋਣ ਦੀ ਗੱਲ ਕਰਦਿਆਂ ਜਗਰੂਪ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਨੇ ਉਸ ਨੂੰ ਕਿਹਾ ਕਿ ਉਸ ਦਾ ਗੋਲਡ ਮਥੂਟ ਫਾਈਨਾਂਸ ਵਿਚ ਸੋਨਾ ਗਿਰਵੀ ਪਿਆ ਹੈ ਅਤੇ ਉਸ ਦੇ ਲੋਨ ਉੱਤੇ ਵਿਆਜ ਲੱਗ ਰਿਹਾ ਹੈ | ਚਮਕੌਰ ਸਿੰਘ ਨੇ ਉਸ ਨੂੰ ਕਿਹਾ ਕਿ ਜੇ ਉਹ ਰਕਮ ਦਾ ਇੰਤਜ਼ਾਮ ਕਰ ਦੇਵੇ ਤਾਂ ਗੋਲਡ ਛੁਡਵਾ ਕੇ ਜਗਰੂਪ ਸਿੰਘ ਨੂੰ ਦੇ ਦੇਵੇਗਾ | ਧਨਵਿੰਦਰ ਸਿੰਘ ਜੋ ਕਿ ਜਗਰੂਪ ਸਿੰਘ ਦਾ ਲਗ-ਪਗ 25 ਸਾਲਾਂ ਤੋਂ ਜਾਣੂ ਸੀ, ਨੇ ਇਸ ਸੌਦੇ ਦੀ ਪੂਰੀ ਜ਼ਿੰਮੇਵਾਰੀ ਲਈ ਜਿਸ ਕਾਰਨ ਪੀੜਤ ਨੇ ਉਸ ਉੱਤੇ ਵਿਸ਼ਵਾਸ ਕੀਤਾ | ਉਨ੍ਹਾਂ ਦੇ ਕਹਿਣ ਉੱਤੇ ਜਗਰੂਪ ਸਿੰਘ ਨੇ 19 ਜਨਵਰੀ 2026 ਨੂੰ 1 ਲੱਖ 45 ਹਜ਼ਾਰ ਰੁਪਏ ਆਰ.ਟੀ.ਐਸ. ਰਾਹੀਂ, 29000 ਰੁਪਏ ਨਕਦ ਚਮਕੌਰ ਸਿੰਘ ਨੂੰ ਦਿੱਤੇ ਅਤੇ ਫਾਈਲ ਚਾਰਜ, ਵਿਆਜ ਅਤੇ ਹੋਰ ਖ਼ਰਚਿਆਂ ਦੇ ਨਾਮ ਉੱਤੇ 1915 ਰੁਪਏ ਹੋਰ ਅਦਾ ਕੀਤੇ | ਇਸ ਤਰ੍ਹਾਂ ਇਹ ਕੁੱਲ ਰਕਮ 1,74,915 ਰੁਪਏ (ਇੱਕ ਲੱਖ ਚੁਹੱਤਰ ਹਜ਼ਾਰ ਨੌਂ ਸੌ ਪੰਦਰਾਂ ਰੁਪਏ) ਦਿੱਤੀ ਗਈ | ਇੰਨੀਂ ਰਕਮ ਦੇਣ ਦੇ ਬਾਵਜੂਦ ਜਗਰੂਪ ਸਿੰਘ ਨੂੰ ਨਾ ਤਾਂ ਗੋਲਡ ਦਿੱਤਾ ਗਿਆ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ ਗਈ | ਹੁਣ ਜਦ ਜਗਰੂਪ ਸਿੰਘ ਨੇ ਚਮਕੌਰ ਸਿੰਘ ਤੋਂ ਰਕਮ ਵਾਪਸ ਦੇਣ ਦੀ ਮੰਗ ਕੀਤੀ ਤਾਂ ਉਸ ਨੇ ਟਾਲਮਟੋਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਧਰਵਿੰਦਰ ਸਿੰਘ ਜਿਸ ਨੇ ਜ਼ਿੰਮੇਵਾਰੀ ਲਈ ਸੀ, ਹੁਣ ਕਿਸੇ ਪ੍ਰਕਾਰ ਦੀ ਜ਼ਿੰਮੇਵਾਰੀ ਤੋਂ ਇਨਕਾਰ ਕਰ ਰਿਹਾ ਹੈ | ਜਗਰੂਪ ਸਿੰਘ ਵਲੋਂ ਦਿੱਤੀ ਦਰਖਾਸਤ ਦੀ ਜਾਂਚ ਉਪ ਕਪਤਾਨ ਪੁਲਿਸ ਹੋਮੋਸਾਈਡ ਅਤੇ ਫਰਾਂਸਿਕ ਸੰਗਰੂਰ ਵਲੋਂ ਕੀਤੀ ਗਈ | ਪੁਲਿਸ ਅਧਿਕਾਰੀ ਨੇ ਜਾਂਚ ਵਿਚ ਪਾਇਆ ਕਿ ਚਮਕੌਰ ਸਿੰਘ ਨੇ ਕੀਤੇ ਵਾਅਦੇ ਅਨੁਸਾਰ ਜਗਰੂਪ ਸਿੰਘ ਨੂੰ ਸੋਨਾ ਨਹੀਂ ਦਿੱਤਾ ਅਤੇ ਨਾ ਹੀ 1,74,915 ਰੁਪਏ ਵਾਪਸ ਕੀਤੇ | ਪੁਲਿਸ ਅਧਿਕਾਰੀ ਵਲੋਂ ਜਾਂਚ ਉਪਰੰਤ ਥਾਣਾ ਸਿਟੀ ਸੰਗਰੂਰ ਵਿਖੇ ਚਮਕੌਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੀ ਕਰਵਾਈ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਲੜਕੀਆਂ ਦੇ ਸਕੂਲ ਬਾਹਰ ਨੌਜਵਾਨਾਂ ਦੀਆਂ ਹਰਕਤਾਂ ਨਾਲ ਮਾਹੌਲ ਤਣਾਅਪੂਰਨ, ਪ੍ਰਸ਼ਾਸਨ ਖ਼ਿਲਾਫ਼ ਰੋਸ <br/> ਅਗਲੀ ਖ਼ਬਰ ਬੀਕੇਯੂ ਰਾਜੇਵਾਲ ਨੇ ਕੀਤੀ ਜ਼ਿਲ੍ਹਾ ਪੱਧਰੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।