ਸੁਨਾਮ ਊਧਮ ਸਿੰਘ ਵਾਲਾ, 18 ਫਰਵਰੀ (ਰੁਪਿੰਦਰ ਸਿੰਘ ਸੱਗੂ) - ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਬਲਾਕ ਸੁਨਾਮ ਦੀਆਂ ਪਿੰਡ ਇਕਾਈਆਂ ਪਿੰਡ ਚੱਠਾ ਨਨਹੇੜਾ, ਖਡਿਆਲ, ਰਾਮਗੜ੍ਹ ਜਵੰਧਾਂ, ਮਹਿਲਾ, ਨਮੋਲ ਛਾਜਲਾ, ਮੇਦੇਵਾਸ, ਭੈਣੀ, ਗੰਢੂਆਂ, ਜਖੇਪਲ, ਕਣਕਵਾਲ ਭੰਗੂਆਂ, ਉਗਰਾਹਾਂ, ਸ਼ਾਹਪੁਰ ਕਲਾਂ, ਸ਼ੇਰੋਂ ਆਦਿ ਵਲੋਂ ਭਾਰਤ ਅਮਰੀਕਾ ਵਿਚਕਾਰ ਹੋ ਰਹੇ ਵਪਾਰ ਸਮਝੌਤੇ ਬਾਰੇ ਦੋਵੇਂ ਸਰਕਾਰਾਂ ਵਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਈਸਟ ਇੰਡੀਆ ਕੰਪਨੀ ਵਲੋਂ ਭਾਰਤ ਅੰਦਰ ਉਸ ਸਮੇਂ ਦੇ ਸ਼ਾਸਕ ਤੋਂ ਸਿਰਫ਼ ਭਾਰਤ ਵਿਚ ਵਪਾਰ ਕਰਨ ਲਈ ਇਜਾਜ਼ਤ ਲੈ ਕੇ ਪੂਰੇ ਦੇਸ਼ ਨੂੰ ਗ਼ੁਲਾਮ ਕੀਤਾ ਗਿਆ ਸੀ ਅਤੇ ਉਸ ਈਸਟ ਇੰਡੀਆ ਕੰਪਨੀ ਦੀ ਗ਼ੁਲਾਮੀ ਤੋ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਲੱਖਾਂ ਮਰਜੀਵੜਿਆਂ ਨੂੰ ਆਪਣੀਆਂ ਸ਼ਹਾਦਤਾਂ ਦੇਣੀਆਂ ਪਈਆਂ ਅਤੇ ਦੇਸ਼ ਨੂੰ ਉਸ ਸਮੇਂ ਦੇ ਸ਼ਾਸਕਾਂ ਵਲੋਂ ਕੀਤੀ ਗਈ ਦੇਸ਼ ਮਾਰੂ ਸੰਧੀ ਦੀ ਵੱਡੀ ਕੀਮਤ ਚੁਕਾਉਣੀ ਪਈ ਸੀ ਉਸੇ ਰਸਤੇ ਉੱਤੇ ਫਿਰ ਤੋਂ ਭਾਜਪਾ ਦੀ ਸਰਕਾਰ ਵਲੋਂ ਦੇਸ਼ ਨੂੰ ਤੋਰਨ ਲਈ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਫਿਰ ਤੋਂ ਦੇਸ਼ ਨੂੰ ਗ਼ੁਲਾਮ ਬਣਾਉਣ ਵਾਸਤੇ ਤੇ ਕਿਸਾਨੀ ਦਾ ਲੱਕ ਤੋੜਨ ਲਈ ਕਿਸਾਨ ਮਾਰੂ ਅਤੇ ਦੇਸ਼ ਮਾਰੂ ਸੰਧੀ ਰਾਤ ਦੇ ਹਨੇਰੇ ਵਿਚ ਕੀਤੀ ਗਈ ਹੈ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਉਸ ਦੇਸ਼ ਮਾਰੂ ਸੰਧੀ ਉੱਪਰ ਪਰਦਾ ਪਾਉਣ ਲਈ ਭਾਜਪਾ ਦੇ ਮੰਤਰੀਆਂ ਅਤੇ ਉਸ ਦੇ ਆਈਟੀ ਸੈਲ ਵਲੋਂ ਅਮਰੀਕਾ ਦੀ ਬੋਲੀ ਬੋਲਦੇ ਹੋਏ ਭਾਰਤ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਅਤੇ ਉਸ ਦੇਸ਼ ਮਾਰੂ ਫ਼ੈਸਲੇ ਨੂੰ ਲਾਗੂ ਹੋਣ ਤੋ ਰੋਕਣ ਲਈ ਕਿਸਾਨਾਂ ਵਲੋਂ ਦੇਸ਼ ਵਾਸੀਆਂ ਨੂੰ ਜਾਗਰੂਕ ਕਰਦੇ ਹੋਏ ਹਰ ਇੱਕ ਅੰਦੋਲਨ ਲੜਿਆ ਜਾਵੇਗਾ | ਬਲਾਕ ਪ੍ਰਧਾਨ ਕੇਵਲ ਸਿੰਘ ਜਵੰਧਾ ਨੇ ਕਿਹਾ ਕਿ ਦੇਸ਼ ਦੇ ਲੋਕ ਆਪਣੇ ਮਨਾਂ ਚੋਂ ਇਹ ਭੁਲੇਖਾ ਕੱਢ ਦੇਣ ਕਿ ਇਸ ਸਮਝੌਤੇ ਦਾ ਨੁਕਸਾਨ ਸਿਰਫ਼ ਕਿਸਾਨਾਂ ਨੂੰ ਹੋਵੇਗਾ, ਬਲਕਿ ਇਹ ਸਮਝੌਤਾ ਹਰ ਅਨਾਜ ਖਾਣ ਵਾਲੇ ਵਿਅਕਤੀ ਲਈ ਖ਼ਤਰਨਾਕ ਤੇ ਮਾਰੂ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਆਪਣੇ ਕਿਸਾਨਾਂ ਤੋਂ ਖੇਤਾਂ ਵਿਚ ਜੀਐਮ ਅਨਾਜ ਪੈਦਾ ਕਰਵਾ ਕੇ ਭਾਰਤ ਵਿਚ ਭੇਜਿਆ ਜਾਵੇਗਾ ਜਿਸ ਦੇ ਬਹੁਤ ਮਾੜੇ ਪ੍ਰਭਾਵ ਮਨੁੱਖ ਦੀ ਸਿਹਤ ਤੇ ਪੈਣਗੇ ਤੇ ਉਹ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆਉਣਗੇ | ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਨਾਜ ਖਾਣ ਵਾਲਾ ਹਰ ਵਿਅਕਤੀ ਇਸ ਸਮਝੌਤੇ ਦਾ ਡਟ ਕੇ ਵਿਰੋਧ ਕਰੇ | ਇਸ ਮੌਕੇ ਕਸ਼ਮੀਰ ਸਿੰਘ ਉਗਰਾਹਾਂ, ਦਲੇਲ ਸਿੰਘ ਚੱਠਾ, ਹਰੀ ਸਿੰਘ ਚੱਠਾ, ਹਰਬੰਸ ਸਿੰਘ ਖਡਿਆਲ, ਹਰਜਿੰਦਰ ਸਿੰਘ ਮਹਿਲਾ, ਕਰਮ ਸਿੰਘ ਨਮੋਲ, ਕੁਲਦੀਪ ਸਿੰਘ ਛਾਜਲਾ, ਜੱਗੀ ਸਿੰਘ ਗੰਢੂਆਂ, ਮਲਕੀਤ ਸਿੰਘ ਗੰਢੂਆਂ, ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਜਗਤਾਰ ਸਿੰਘ ਕਣਕਵਾਲ ਭੰਗੂਆਂ, ਨਸੀਬ ਸਿੰਘ ਜਖੇਪਲ, ਭਗਵੰਤ ਸਿੰਘ ਮੈਦੇਵਾਸ, ਅਮਨਦੀਪ ਸਿੰਘ ਸ਼ੇਰੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |