ਸੰਦੌੜ, 29 ਜਨਵਰੀ (ਜਸਵੀਰ ਸਿੰਘ ਜੱਸੀ)-ਵੱਡੇ ਘੱਲੂਘਾਰੇ ਦੇ 35 ਹਜ਼ਾਰ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸੱਤ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ 22 ਜਨਵਰੀ ਤੋਂ 28 ਤੱਕ ਗੁਰਦੁਆਰਾ ਧੰਨ ਧੰਨ ਬਾਬੇ ਸਿੰਘ ਸ਼ਹੀਦ ਪਿੰਡ ਅਬਦੁੱਲਾਪੁਰ ਚੁਹਾਣੇ ਵਿਖੇ ਕਰਵਾਇਆ | ਜਾਣਕਾਰੀ ਦਿੰਦੇ ਹੋਏ ਬਾਬਾ ਕੁਲਵਿੰਦਰ ਸਿੰਘ ਚੁਹਾਣੇ ਨੇ ਦੱਸਿਆ ਸਮਾਗਮ ਦੀ ਅਰੰਭਤਾ ਮੌਕੇ ਨਗਰ ਕੀਰਤਨ ਦੇ ਰੂਪ ਵਿਚ ਪੂਰੇ ਨਗਰ ਦੀ ਪਰਿਕਰਮਾ ਕੀਤੀ ਉਪਰੰਤ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦਾ ਆਰੰਭਤਾ ਹੋਈ, ਹਰ ਰੋਜ਼ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਸੱਤ ਦਿਨ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ, ਉਨ੍ਹਾਂ ਕਿਹਾ ਕਿ 26 ਜਨਵਰੀ ਵਾਲੇ ਦਿਨ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ, ਜਿਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜ ਪਿਆਰਿਆ ਵਲੋਂ ਅੰਮਿ੍ਤ ਸੰਚਾਰ ਕਰਵਾਉਣ ਦੀ ਸੇਵਾ ਨਿਭਾਈ | ਇਸ ਦੌਰਾਨ 41 ਦੇ ਕਰੀਬ ਸੰਗਤਾਂ ਨੇ ਅੰਮਿ੍ਤ ਛਕਿਆ | ਨਾਲ ਹੀ ਬੱਚਿਆਂ ਨੂੰ ਬਾਣੀ ਬਾਣੇ ਨਾਲ ਜੋੜਨ ਲਈ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਸਹਿਯੋਗ ਨਾਲ ਲੰਮੇ ਕੇਸ ਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ | ਸਮਾਪਤੀ ਸਮਾਗਮ ਮੌਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਗਗਨਦੀਪ ਸਿੰਘ ਨਿਰਮਲੇ, ਭਾਈ ਚਰਨਪ੍ਰੀਤ ਸਿੰਘ ਮੋਹੋਰਾਣਾ, ਭਾਈ ਸੁਖਬੀਰ ਸਿੰਘ ਫਲੌਡ ਦੋਵੇਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਬਾਬਾ ਰਾਜਨਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਭਾਈ ਜਸਵੀਰ ਸਿੰਘ ਮਾਣਕੀ, ਭਾਈ ਗੁਰਵਿੰਦਰ ਸਿੰਘ ਗੰਢੂਆਂ, ਭਾਈ ਚਰਨਪ੍ਰੀਤ ਸਿੰਘ ਡਾਬਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਢਾਡੀ ਭਾਈ ਮਨਜੀਤ ਸਿੰਘ ਲੁਧਿਆਣਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਇਸ ਮੌਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਬਾਣੀ ਬਾਣੇ ਨਾਲ ਜੋੜਨ ਲਈ ਅੰਮਿ੍ਤ ਛਕ ਕੇ ਗੁਰੂ ਲੜ ਲੱਗਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖੁਰਦ, ਮਲੇਸ਼ੀਆ ਇੰਚਾਰਜ ਸਰਬਜੀਤ ਸਿੰਘ ਮਲੇਸ਼ੀਆ ਤੋਂ ਇਲਾਵਾ ਗੁਰਦੁਆਰਾ ਧੰਨ ਧੰਨ ਬਾਬੇ ਸਿੰਘ ਸ਼ਹੀਦ ਪਿੰਡ ਅਬਦੁੱਲਾਪੁਰ ਚੁਹਾਣੇ ਦੀ ਪ੍ਰਬੰਧਕ ਕਮੇਟੀ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |