ਸੰਦੌੜ, 22 ਜਨਵਰੀ (ਜਸਵੀਰ ਸਿੰਘ ਜੱਸੀ)- ਵੱਡੇ ਘੱਲੂਘਾਰੇ ਦੇ 35 ਹਜ਼ਾਰ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸੱਤ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ 22 ਜਨਵਰੀ ਤੋਂ 28 ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੀ ਅਰੰਭਤਾ ਗੁਰਦੁਆਰਾ ਬਾਬੇ ਸਿੰਘ ਸ਼ਹੀਦ ਪਿੰਡ ਅਬਦੁੱਲਾਪੁਰ ਚੁਹਾਣੇ ਤੋਂ ਨਗਰ ਕੀਰਤਨ ਸਜਾ ਕੇ ਕੀਤੀ ਗਈ | ਇਸ ਮੌਕੇ ਬਾਬਾ ਕੁਲਵਿੰਦਰ ਸਿੰਘ ਚੁਹਾਣੇ ਨੇ ਜਾਣਕਾਰੀ ਦਿੰਦੇ ਦੱਸਿਆ ਹਰ ਸਾਲ ਦੀ ਤਰ੍ਹਾਂ ਸਮਾਗਮ ਦੀ ਅਰੰਭਤਾ ਮੌਕੇ ਨਗਰ ਕੀਰਤਨ ਦੇ ਰੂਪ 'ਚ ਪੂਰੇ ਨਗਰ ਦੀ ਪਰਿਕਰਮਾ ਕੀਤੀ ਜਾਂਦੀ ਹੈ | ਉਪਰੰਤ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਆਰੰਭਤਾ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਹਰ ਰੋਜ਼ ਸ਼ਾਮ 7 ਵਜੇ ਤੋਂ 10 ਵਜੇ ਹਰ ਰੋਜ਼ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਸੱਤ ਦਿਨ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ | 26 ਜਨਵਰੀ ਵਾਲੇ ਦਿਨ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੀ ਪੰਜ ਪਿਆਰੇ ਸਾਹਿਬਾਨ ਦਾ ਸਨਮਾਨ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ ਵਲੋਂ ਕੀਤਾ ਗਿਆ | ਇਸ ਮੌਕੇ ਬਾਬੇ ਸਿੰਘ ਸ਼ਹੀਦ ਸੇਵਾ ਐਂਡ ਵੈਲਫੇਅਰ ਸੁਸਾਇਟੀ, ਨਗਰ ਪੰਚਾਇਤ, ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਕਲੱਬਾਂ, ਇਲਾਕੇ ਦੇ ਪੰਚ, ਸਰਪੰਚ ਅਤੇ ਵੱਡੀ ਗਿਣਤੀ ਵਿਚ ਸਮੂਹ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ |