18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਟਰੈਫ਼ਿਕ ਸਮੱਸਿਆ ਸੰਬੰਧੀ ਅਹਿਮਦਗੜ੍ਹ ਨਗਰ ਕੌਂਸਲ ਅਧਿਕਾਰੀ ਤੇ ਟਰੈਫ਼ਿਕ ਪੁਲਿਸ ਸੁੱਤੀਕੁੰਭ ਕਰਨੀ ਨੀਂਦ <br/>

ਅਹਿਮਦਗੜ੍ਹ ਦੇ ਪੁਰਾਣਾ ਬੱਸ ਅੱਡਾ ਰੋਡ ਅਤੇ ਰਾਇਕੋਟ ਰੋਡ 'ਤੇ ਨਾਜਾਇਜ਼ ਸਬਜ਼ੀ /ਫਲ ਵਾਲੀਆਂ ਰੇਹੜੀਆਂ ਤੇ ਸੜਕ 'ਤੇ ਵਾਹਨਾਂ ਦਾ ਜਾਮ | ਤਸਵੀਰ: ਸੁਖਜੀਤ ਸਿੰਘ ਖੇੜਾ <br/> 22-01-2026
ਅਹਿਮਦਗੜ੍ਹ, 21 ਜਨਵਰੀ (ਸੁਖਜੀਤ ਸਿੰਘ ਖੇੜਾ) ਬਹੁਤ ਲੰਮਾ ਸਮਾਂ ਸ਼ਹਿਰ ਵਾਸੀਆਂ ਤੇ ਇਲਾਕੇ ਦੇ ਲੋਕਾਂ ਨੂੰ ਇਸ ਸ਼ਹਿਰ ਦੇ ਅਕਸਰ ਲੰਮਾ-ਲੰਮਾ ਸਮਾਂ ਬੰਦ ਹੀ ਰਹਿਣ ਵਾਲੇ ਰੇਲਵੇ ਫਾਟਕਾਂ ਦਾ ਦੁੱਖ ਹੰਢਾਉਣ ਬਾਅਦ ਇਸ ਸ਼ਹਿਰ ਦੇ ਲੋਕਾਂ ਨੂੰ ਰੇਲਵੇ ਪੁਲ ਨਸੀਬ ਹੋਇਆ | ਜਿਸ ਦੇ ਬਣਨ ਨਾਲ ਹੀ ਅਹਿਮਦਗੜ੍ਹ ਛਪਾਰ ਰੋਡ ਬਹੁਤ ਜ਼ਿਆਦਾ ਆਵਾਜਾਈ ਦਾ ਮਾਰਗ ਹੋ ਗਿਆ ਕਿਉਂਕਿ ਡੇਹਲੋਂ, ਰਾੜਾ ਸਾਹਿਬ, ਪਾਇਲ ਵਲੋਂ ਰਾਏਕੋਟ, ਲੋਹਟਬੱਦੀ, ਸ਼ੇਰਪੁਰ ਨੂੰ ਜਾਣ ਵਾਲੇ ਬਹੁਤ ਸਾਰੇ ਲੋਕ ਅਹਿਮਦਗੜ੍ਹ ਵਿੱਚ ਦੀ ਹੀ ਜਾਣ ਨੂੰ ਤਰਜ਼ੀਹ ਦਿੰਦੇ ਹਨ ਤੇ ਭਾਰੀ ਵਾਹਨ/ਟਰੱਕਾਂ ਵਾਲੇ ਵੀ ਵੱਡੀ ਗਿਣਤੀ ਵਿੱਚ ਇਸ ਰਸਤੇ ਦਾ ਹੀ ਇਸਤੇਮਾਲ ਕਰਦੇ ਹਨ | ਦੁੱਖ ਦੀ ਗੱਲ ਹੈ ਕਿ ਬਹੁਤ ਵਾਰੀ ਖ਼ਬਰਾਂ ਪ੍ਰਕਾਸ਼ਿਤ ਹੋਣ ਉਪਰੰਤ ਵੀ ਸ਼ਹਿਰ ਦੇ ਪੁਰਾਣੇ ਬੱਸ ਅੱਡਾ ਰੋਡ ਅਤੇ ਰਾਏਕੋਟ ਅੱਡਾ ਛਪਾਰ ਰੋਡ ਨੇ ਸਬਜ਼ੀ ਮੰਡੀ ਦਾ ਰੂਪ ਧਾਰਿਆ ਹੋਇਆ ਹੈ | ਦਿਨ ਚੜ੍ਹਦਿਆਂ ਹੀ ਪ੍ਰਵਾਸੀ ਮਜ਼ਦੂਰ ਸਬਜ਼ੀ ਵਾਲੀਆਂ ਰੇਹੜੀਆਂ ਇਸ ਸਥਾਨ 'ਤੇ ਦੁਕਾਨਾਂ ਮੂਹਰੇ ਲਗਾ ਕੇ ਦਿਨ ਭਰ ਬੜੀ ਟੋਹਰ ਨਾਲ ਸਬਜ਼ੀਆਂ ਤੇ ਫਲ ਵੇਚਦੇ ਹਨ | ਦੱਬਵੀਂ ਸੁਰ ਵਿੱਚ ਸਥਾਨਿਕ ਲੋਕਾਂ ਦਾ ਇਹ ਵੀ ਕਹਿਣਾ ਹੈ, ਕਿ ਰਾਏਕੋਟ ਅੱਡੇ ਵਿੱਚ ਸਥਿਤ ਦੁਕਾਨਾਂ ਵਾਲੇ ਸਬਜ਼ੀਆਂ ਵਾਲਿਆਂ ਤੋਂ ਉਨ੍ਹਾਂ ਦੀ ਦੁਕਾਨ ਅੱਗੇ ਖੜ੍ਹ ਕੇ ਸਬਜ਼ੀ ਵੇਚਣ ਦਾ ਦਿਨ ਭਰ ਦਾ ਕਿਰਾਇਆ ਵੀ ਵਸੂਲ ਕਰਦੇ ਹਨ | ਪਿੰਡਾਂ ਚੋਂ ਆਉਣ ਵਾਲੇ ਬਹੁ ਗਿਣਤੀ ਵਾਹਨਾਂ 'ਚ ਆਉਣ ਵਾਲੇ ਲੋਕ ਖ਼ਰੀਦਦਾਰੀ ਕਰਨ ਸਮੇਂ ਵਾਹਨਾਂ ਨੂੰ ਗਲਤ ਤਰੀਕੇ ਨਾਲ ਸੜਕ 'ਤੇ ਹੀ ਪਾਰਕ ਕਰਦੇ ਹਨ | ਜਿਸ ਕਾਰਨ ਅਹਿਮ ਆਵਾਜਾਈ ਮਾਰਗ ਵਾਲੀ ਇਸ ਸੜਕ 'ਤੇ ਰੋਜ਼ਾਨਾ ਹੀ ਲੰਮਾ- ਲੰਮਾ ਸਮਾਂ ਟਰੈਫ਼ਿਕ ਜਾਮ ਰਹਿੰਦਾ ਹੈ ਤੇ ਟਰੈਫ਼ਿਕ ਪੁਲਿਸ ਦੇ ਅਧਿਕਾਰੀ ਇਸ ਵੱਲ ਕਦੇ ਤੁਰੰਤ ਧਿਆਨ ਨਹੀਂ ਦਿੰਦੇ, ਜਿਸ ਕਾਰਨ ਲੋਕਾਂ ਨੂੰ ਲੰਮਾ ਸਮਾਂ ਖੱਜਲ ਖ਼ੁਆਰੀ ਦਾ ਸ਼ਿਕਾਰ ਹੋਣਾ ਪੈਂਦਾ ਹੈ | ਇਸ ਆਵਾਜਾਈ ਵਾਲੇ ਸਥਾਨ ਨੂੰ ਸੁਚਾਰੂ ਬਣਾਉਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਦੇ ਵੀ ਸਬਜ਼ੀ ਵਾਲੀਆਂ ਰੇਹੜੀਆਂ ਵਾਲਿਆਂ ਨੂੰ ਹਟਾਉਣ ਲਈ ਯਤਨ ਨਹੀਂ ਕੀਤੇ ਜਾਂਦੇ, ਜਿਸ ਕਾਰਨ ਆਏ ਦਿਨ ਇਸ ਥਾਂ ਤੇ ਸਬਜ਼ੀ ਵੇਚਣ ਵਾਲੇ ਵਿਅਕਤੀਆਂ ਦੀ ਗਿਣਤੀ ਵੱਧ ਰਹੀ ਹੈ | ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਲਗਾਇਆ ਹੋਇਆ ਹੈ, ਸੜਕ ਦਾ ਥਾਂ ਰੁਕਿਆ ਹੋਣ ਕਾਰਨ ਵੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ | ਸਥਾਨਿਕ ਲੋਕਾਂ ਦੀ ਨਗਰ ਕੌਂਸਲ ਅਧਿਕਾਰੀਆਂ ਨੂੰ ਅਪੀਲ ਹੈ ਇਸ ਮਸਲੇ ਦੇ ਹੱਲ ਲਈ ਸਬਜ਼ੀ ਮੰਡੀ ਸ਼ਹਿਰ ਦੇ ਕਿਸੇ ਨਿਸ਼ਚਿਤ ਥਾਂ 'ਤੇ ਬਣਾ ਦੇਣੀ ਚਾਹੀਦੀ ਹੈ | ਹਰ ਸਾਲ 26 ਜਨਵਰੀ ਤੋਂ ਕਈ ਦਿਨ ਚਲਦਾ ਬਿਨਾਂ ਮਨਜ਼ੂਰੀ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਸੇਲ ਮੇਲਾ ਵੀ ਇਨਾ ਭਰਦਾ ਹੈ ਕਿ ਇੱਥੇ ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ ਤੇ ਇੱਕ ਆਮ ਲੰਘਣ ਵਾਲਾ ਪੈਦਲ ਵੀ ਨਹੀਂ ਲੰਘ ਸਕਦਾ | ਸਾਰੇ ਹੀ ਸ਼ਹਿਰ ਤੋਂ , ਦੂਰੋਂ ਅਤੇ ਬਾਹਰੋਂ ਆ ਕੇ ਬਿਨ੍ਹਾਂ ਮਨਜ਼ੂਰੀ ਤੋਂ ਸਮਾਨ ਵੇਚਣ ਲਈ ਸੇਲਾਂ ਲਾਉਣ ਵਾਲਿਆਂ ਨੂੰ ਦੁਕਾਨਦਾਰ ਆਪਣੀ ਦੁਕਾਨ ਅੱਗੇ ਖੜਨ ਲਈ ਪ੍ਰਤੀ ਦਿਹਾੜੀ ਮੋਟੇ ਪੈਸੇ ਲੈਂਦੇ ਹਨ |

ਪਿਛਲੀ ਖ਼ਬਰ ਆਪਣੀ ਹੋਣੀ ਉੱਤੇ ਝੂਰ ਰਿਹੈ ਸੰਗਰੂਰ ਲਾਗੇ ਬਣਿਆ ਪੀ.ਜੀ.ਆਈ. ਕੇਂਦਰ ਅਗਲੀ ਖ਼ਬਰ ਮਲੇਰਕੋਟਲਾ ਪੁਲਿਸ ਨੇ ਆਪ੍ਰੇਸ਼ਨ 'ਪ੍ਰਹਾਰ' ਤਹਿਤ ਕੀਤੀ ਵੱਡੀ ਕਾਰਵਾਈ - ਜ਼ਿਲ੍ਹਾ ਪੁਲਿਸ ਮੁਖੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।