ਮੋਗਾ, 2 ਅਕਤੂਬਰ (ਅਸ਼ੋਕ ਬਾਂਸਲ)-ਪੀ.ਐਮ. ਜਵਾਹਰ ਨਵੋਦਿਆ ਸਕੂਲ ਲੁਹਾਰਾ ਵਿਚ ਸਿਵਲ ਹਸਪਤਾਲ ਮੋਗਾ ਅਤੇ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਕੂਲ ਦੇ ਸਟਾਫ ਵਲੋਂ ਖੂਨਦਾਨ ਕੀਤਾ ਗਿਆ। ਇਹ ਕੈਂਪ ਨਰਸ ਹਰਪ੍ਰੀਤ ਕੌਰ ਦੀ ਦੇਖ ਰੇਖ ਹੇਠ ਕੀਤਾ ਗਿਆ। ਇਸ ਮੌਕੇ ਵਿਦਿਆਲਿਆ ਦੇ 10 ਸਟਾਫ ਮੈਂਬਰਾਂ ਵਲੋਂ ਖੂਨਦਾਨ ਕੀਤਾ ਗਿਆ। ਸਕੂਲ ਦੇ ਸਟਾਫ ਨੂੰ ਖੂਨਦਾਨ ਕਰਦੇ ਦੇਖਦੇ ਹੋਏ ਵਿਦਿਆਰਥੀਆਂ ਨੇ ਵੀ ਭਵਿੱਖ ਵਿਚ ਖੂਨਦਾਨ ਕਰਨ ਲਈ ਵਚਨਬੱਧ ਹੋਏ। ਸਿਵਲ ਹਸਪਤਾਲ ਮੋਗਾ ਅਤੇ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਦੀ ਟੀਮ ਵਲੋਂ ਖੂਨਦਾਨ ਕਰਨ ਵਾਲੇ ਸਟਾਫ ਮੈਂਬਰਾਂ ਦੀ ਲੋੜੀਂਦੀ ਸਿਹਤ ਜਾਂਚ ਕੀਤੀ ਗਈ ਅਤੇ ਖੂਨਦਾਨ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਪੂਰਾ ਕੀਤਾ ਗਿਆ। ਵਿਦਿਆਲਿਆ ਦੇ ਵਾਈਸ ਪ੍ਰਿੰਸੀਪਲ ਸ਼ੈਲੇਸ਼ ਗੁਪਤਾ ਨੇ ਸਿਵਲ ਹਸਪਤਾਲ ਮੋਗਾ, ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ, ਨਰਸ ਹਰਪ੍ਰੀਤ ਕੌਰ ਅਤੇ ਸਾਰੇ ਖੂਨਦਾਨੀ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।