ਅਮਰੀਕਾ ਵਿਚ ਟੋਨੀ ਸੰਧੂ ਨੇ ਉਲੰਪੀਆ ’ਚ ਗੋਲਡ ਮੈਡਲ ਜਿੱਤਿਆ
ਮੋਗਾ, 28 ਸਤੰਬਰ (ਜਸਪਾਲ ਸਿੰਘ ਬੱਬੀ)-ਲਾਸਵੇਗਸ ਅਮਰੀਕਾ ਵਿਖੇ ਹੋਈ ਉਲੰਪੀਆ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਅਬੋਹਰ ਦੇ ਜੰਮਪਲ ਅਮਨਪ੍ਰਕਾਸ਼ ਸਿੰਘ ਟੋਨੀ ਸੰਧੂ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਸੋਨ ਤਗਮਾ ਜਿੱਤ ਕੇ ਸਿਰਫ ਪੰਜਾਬ ਹੀ ਨਹੀਂ ਬਲਕਿ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਲਡ ਸਟਰੋਂਗਮੈਨ ਇੰਡੀਆ ਦੇ ਪ੍ਰਧਾਨ ਹਰਵਿੰਦਰ ਸਿੰਘ ਸਲ੍ਹੀਣਾ ਮੋਗਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਦੁਨੀਆ ਭਰ ਦੇ ਦੇਸ਼ਾਂ ਦੇ ਅਥਲੀਟਾਂ ਨੇ ਭਾਗ ਲਿਆ| ਅਮਰੀਕਾ ਵਿਚ ਉਲੰਪੀਆ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਦੂਸਰੀ ਵਾਰ ਸੋਨ ਤਗਮਾ ਹਾਸਲ ਕਰਨ ਵਾਲੇ ਟੋਨੀ ਸੰਧੂ ’ਤੇ ਮਾਣ ਹੈ| ਇਹ ਪ੍ਰਾਪਤੀ ਸਾਲਾਂ ਦੀ ਸਖਤ ਮਿਹਨਤ, ਅਨੁਸ਼ਾਸਨ ਦਾ ਨਤੀਜਾ ਹੈ| ਹਰਵਿੰਦਰ ਸਿੰਘ ਸਲ੍ਹੀਣਾ ਨੇ ਟੋਨੀ ਸੰਧੂ ਦੇ ਮਾਤਾ ਪਿਤਾ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਟੋਨੀ ਸੰਧੂ ਦਾ ਪੰਜਾਬ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ|