ਪੰਡਤ ਦੀਨ ਦਿਆਲ ਉਪਾਧਿਆਇ ਗੰਭੀਰ ਦਾਰਸ਼ਨਿਕ ਤੇ ਡੂੰਘੇ ਚਿੰਤਕ ਹੋਣ ਦੇ ਨਾਲ-ਨਾਲ ਸਮਰਪਿਤ ਸੰਗਠਨ ਕਰਤਾ ਤੇ ਆਗੂ ਸਨ-ਡਾ. ਸੀਮਾਂਤ ਗਰਗ
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਪੰਡਤ ਦੀਨ ਦਿਆਲ ਉਪਾਧਿਆਇ ਮਹਾਨ ਭਾਰਤੀ ਰਾਜਨੇਤਾ, ਦਾਰਸ਼ਨਿਕ, ਸਮਾਜ-ਸ਼ਾਸਤਰੀ ਅਤੇ ਭਾਰਤੀ ਜਨ ਸੰਘ ਦੇ ਪ੍ਰਮੁੱਖ ਸੰਸਥਾਪਕ ਆਗੂਆਂ ਵਿਚੋਂ ਇਕ ਸਨ। ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਵਿਚਾਰਕ ਮਾਰਗ ਦਰਸ਼ਕ ਅਤੇ ਨੈਤਿਕ ਪ੍ਰੇਰਨਾ ਸਰੋਤ ਮੰਨਿਆਂ ਜਾਂਦਾ ਹੈ।
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਪੰਡਤ ਦੀਨ ਦਿਆਲ ਉਪਾਧਿਆਇ ਮਹਾਨ ਭਾਰਤੀ ਰਾਜਨੇਤਾ, ਦਾਰਸ਼ਨਿਕ, ਸਮਾਜ-ਸ਼ਾਸਤਰੀ ਅਤੇ ਭਾਰਤੀ ਜਨ ਸੰਘ ਦੇ ਪ੍ਰਮੁੱਖ ਸੰਸਥਾਪਕ ਆਗੂਆਂ ਵਿਚੋਂ ਇਕ ਸਨ। ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਵਿਚਾਰਕ ਮਾਰਗ ਦਰਸ਼ਕ ਅਤੇ ਨੈਤਿਕ ਪ੍ਰੇਰਨਾ ਸਰੋਤ ਮੰਨਿਆਂ ਜਾਂਦਾ ਹੈ। ਉਹ ਇਕ ਗੰਭੀਰ ਦਾਰਸ਼ਨਿਕ ਅਤੇ ਡੂੰਘੇ ਚਿੰਤਕ ਹੋਣ ਦੇ ਨਾਲ-ਨਾਲ ਸਮਰਪਿਤ ਸੰਗਠਨ ਕਰਤਾ ਅਤੇ ਆਗੂ ਸਨ, ਜਿਨ੍ਹਾਂ ਨੇ ਜਨਤਕ ਜੀਵਨ ਵਿਚ ਵਿਅਕਤੀਗਤ ਸੁਚਿਤ ਅਤੇ ਗਰਿਮਾ ਦੇ ਉੱਚ ਮਾਪਦੰਡ ਸਥਾਪਿਤ ਕੀਤੇ। ਇਹ ਵਿਚਾਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਪੁਰਾਣੀ ਦਾਣਾ ਮੰਡੀ ਸਥਿਤ ਭਾਜਪਾ ਦਫ਼ਤਰ ਵਿਖੇ ਪੰਡਤ ਦੀਨ ਦਿਆਲ ਉਪਾਧਿਆਇ ਦੀ ਯਾਦ ਵਿਚ ਉਨ੍ਹਾਂ ਦੇ ਚਿੱਤਰ ‘ਤੇ ਫ਼ੁੱਲ ਅਰਪਿਤ ਕਰਨ ਮੌਕੇ ਪ੍ਰਗਟ ਕੀਤੇ। ਡਾ. ਗਰਗ ਨੇ ਕਿਹਾ ਕਿ ਪੰਡਤ ਦੀਨ ਦਿਆਲ ਉਪਾਧਿਆਇ ਦਾ ਮੁੱਖ ਰਾਜਨੀਤਿਕ ਅਤੇ ਆਰਥਿਕ ਸਿਧਾਂਤ ਸੀ ਕਿ ਸਮਾਜ, ਪ੍ਰਗਤੀ ਅਤੇ ਮਨੁੱਖ ਵਿਚਕਾਰ ਸੰਤੁਲਨ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਵਿਕਾਸ ਦਾ ਲਾਭ ਸਮਾਜ ਦੀ ਆਖ਼ਰੀ ਕਤਾਰ ਵਿੱਚ ਖੜ੍ਹੇ ਸਭ ਤੋਂ ਗਰੀਬ ਅਤੇ ਵੰਚਿਤ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਡਤ ਦੀਨ ਦਿਆਲ ਉਪਾਧਿਆਇ ਆਪਣੇ ਮਿੱਤਰ ਬਲਵੰਤ ਮਹਾਸ਼ਬਦੇ ਦੀ ਪ੍ਰੇਰਨਾ ਨਾਲ 1937 ਵਿਚ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਅਤੇ ਬਾਅਦ ਵਿਚ ਪੂਰਨ ਕਾਲਿਕ ਤੌਰ ‘ਤੇ ਸੰਘ ਨੂੰ ਸਮਰਪਿਤ ਹੋ ਗਏ। ਸੰਗਠਨ ਕਰਤਾ ਵਜੋਂ ਉਹ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਵਿਚ ਕਾਰਜਰਤ ਰਹੇ ਅਤੇ 1955 ਵਿਚ ਉੱਤਰ ਪ੍ਰਦੇਸ਼ ਦੇ ਪ੍ਰਾਂਤ ਪ੍ਰਚਾਰਕ ਬਣੇ। ਡਾ. ਗਰਗ ਨੇ ਕਿਹਾ ਕਿ 1950 ਵਿਚ ਡਾ. ਸਿਆਮਾ ਪ੍ਰਸਾਦ ਮੁਖਰਜੀ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਕੈਬਨਿਟ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਦੇਸ਼ ਵਿਚ ਇਕ ਵਿਕਲਪਕ ਰਾਜਨੀਤਿਕ ਮੰਚ ਕਾਇਮ ਕਰਨ ਲਈ ਸ੍ਰੀ ਗੁਰੂ ਗੋਲਵਾਲਕਰ ਤੋਂ ਆਦਰਸ਼ਵਾਦੀ ਅਤੇ ਦੇਸ਼ ਭਗਤ ਨੌਜਵਾਨਾਂ ਦੀ ਸਹਾਇਤਾ ਮੰਗੀ। ਇਸ ਰਾਜਨੀਤਿਕ ਘਟਨਾਕ੍ਰਮ ਵਿਚ ਪੰਡਤ ਦੀਨ ਦਿਆਲ ਉਪਾਧਿਆਇ ਨੇ ਮਹੱਤਵਪੂਰਨ ਭੂਮਿਕਾ ਨਿਭਾਈ। 1968 ਵਿਚ ਉਨ੍ਹਾਂ ਨੂੰ ਭਾਰਤੀ ਜਨ ਸੰਘ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ‘ ਤੇ ਨਿਯੁਕਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਡਤ ਦੀਨ ਦਿਆਲ ਉਪਾਧਿਆਇ ਨੇ ਲਖਨਊ ਵਿਚ ‘ਰਾਸ਼ਟਰ ਧਰਮ ਪ੍ਰਕਾਸ਼ਨ’ ਨਾਮਕ ਸੰਸਥਾ ਦੀ ਸਥਾਪਨਾ ਕੀਤੀ ਅਤੇ ਇੱਥੋਂ ‘ਰਾਸ਼ਟਰ ਧਰਮ’ ਨਾਮਕ ਮਾਸਿਕ ਪੱਤ੍ਰਿਕਾ ਦਾ ਪ੍ਰਕਾਸ਼ਨ ਸ਼ੁਰੂ ਕੀਤਾ। ਜਨ ਸੰਘ ਦੇ ਦੇਸ਼ ਭਗਤੀ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਦੱਖਣੀ ਭਾਰਤ ਦਾ ਵੀ ਦੌਰਾ ਕੀਤਾ। ਡਾ. ਗਰਗ ਨੇ ਕਿਹਾ ਕਿ 11 ਫਰਵਰੀ 1968 ਦਾ ਦਿਨ ਦੇਸ਼ ਦੇ ਰਾਜਨੀਤਿਕ ਇਤਿਹਾਸ ਵਿਚ ਇਕ ਦੁਖਦਾਈ ਦਿਨ ਸੀ। ਇਸ ਦਿਨ ਪੰਡਤ ਦੀਨ ਦਿਆਲ ਉਪਾਧਿਆਇ ਦੀ ਮੁਗਲ ਸ ਰਾਏ ਰੇਲਵੇ ਸਟੇਸ਼ਨ, ਜੋ ਹੁਣ ਪੰਡਤ ਦੀਨ ਦਿਆਲ ਉਪਾਧਿਆਇ ਰੇਲਵੇ ਸਟੇਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਨੇੜੇ ਰੇਲਗੱਡੀ ਵਿਚ ਮੌਤ ਹੋ ਗਈ ਸੀ। ਇਸ ਮੌਕੇ ਡਾ. ਸੀਮਾਂਤ ਗਰਗ ਨਾਲ ਸਾਬਕਾ ਮੰਡਲ ਪ੍ਰਧਾਨ ਅਮਿਤ ਗੁਪਤਾ, ਸ਼ਸ਼ੀਕਾਂਤ ਪਾਂਡੇ, ਪ੍ਰਵਾਸੀ ਸੈਲ ਦੇ ਇੰਚਾਰਜ ਵਿਜੇ ਮਿਸ਼ਰਾ, ਮਨ ਕੀ ਬਾਤ ਦੇ ਪ੍ਰਭਾਰੀ ਕਮਲ ਘਾਰੂ, ਸਾਬਕਾ ਆਈ.ਟੀ.ਸੈਲ ਇੰਚਾਰਜ ਮੁਕੇਸ਼ ਕੁਮਾਰ ਸ਼ਰਮਾ, ਸੋਨੀ ਮੰਗਲਾ, ਭੁਪਿੰਦਰ ਹੈਪੀ, ਜਤਿੰਦਰ ਚੱਢਾ, ਤਰਸੇਮ ਕੁਮਾਰ ਜੰਡ, ਪਵਨ ਗਰਗ, ਵਰਿੰਦਰ ਕੁਮਾਰ, ਸੰਦੀਪ ਮੰਗਲਾ, ਤਰਸੇਮ ਲਾਲ, ਸੂਰਜ ਅਗਰਵਾਲ, ਮੁਕੇਸ਼ ਕੁਮਾਰ, ਰਾਜੀਵ, ਚਮਨ ਲਾਲ ਖੁਰਾਣਾ, ਓਂਕਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।