08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਆਬਾਦੀ 'ਚ ਚੱਲ ਰਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਪਿੰਡ ਵਾਸੀਆਂ ਨੇ ਲਾਇਆ ਧਰਨਾ

ਅਜੀਤ ਡੈਸਕ 25-05-2026
ਠੱਠੀ ਭਾਈ, 24 ਮਈ (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪਿੰਡ ਜੀਤਾ ਸਿੰਘ ਵਾਲਾ (ਚੌਧਰੀ ਵਾਲਾ) ਵਿਖੇ ਆਬਾਦੀ ਦੇ ਵਿਚਕਾਰ ਚੱਲ ਰਹੀਆਂ ਸ਼ਰਾਬ ਦੇ ਠੇਕੇ ਦੀਆਂ ਦੋ ਬਰਾਂਚਾਂ ਦਾ ਪਿੰਡ ਵਾਸੀਆਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ | ਇਸ ਮੌਕੇ ਗ੍ਰਾਮ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਠੇਕਿਆਂ ਖ਼ਿਲਾਫ਼ ਧਰਨਾ ਲਾਇਆ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਬਾਦੀ ਦੇ ਵਿਚ ਚੱਲ ਰਹੇ ਠੇਕੇ ਤੁਰੰਤ ਬੰਦ ਕਰਕੇ ਹੋਰ ਥਾਂ ਤਬਦੀਲ ਕੀਤੇ ਜਾਣ | ਪਿੰਡ ਵਾਸੀਆਂ ਨੇ ਕਿਹਾ ਕਿ ਆਬਾਦੀ ਦੇ ਵਿਚ ਸ਼ਰਾਬ ਦੇ ਠੇਕੇ ਹੋਣ ਕਾਰਨ ਨੌਜਵਾਨ ਪੀੜ੍ਹੀ 'ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਔਰਤਾਂ ਅਤੇ ਬੱਚਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਕਾਫ਼ੀ ਸਮੇਂ ਤੋਂ ਇਹ ਠੇਕੇ ਆਬਾਦੀ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕਰ ਰਹੇ ਸਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ | ਧਰਨੇ ਦੀ ਸੂਚਨਾ ਮਿਲਣ ਤੋਂ ਬਾਅਦ ਠੇਕੇਦਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ | ਇਸ ਦੌਰਾਨ ਗ੍ਰਾਮ ਪੰਚਾਇਤ, ਪਿੰਡ ਦੇ ਮੁਹਤਬਰ ਵਿਅਕਤੀਆਂ ਅਤੇ ਪ੍ਰਸ਼ਾਸਨ ਵਿਚਾਲੇ ਲੰਮੀ ਗੱਲਬਾਤ ਹੋਈ | ਗੱਲਬਾਤ ਤੋਂ ਬਾਅਦ ਆਪਸੀ ਸਹਿਮਤੀ ਬਣ ਗਈ ਕਿ ਸ਼ਰਾਬ ਦੇ ਠੇਕੇ ਨੂੰ ਹੁਣ ਪਿੰਡ ਦੀ ਆਬਾਦੀ ਵਿਚੋਂ ਹਟਾ ਕੇ ਥਰਾਜ ਵਾਲੇ ਰਸਤੇ ਉੱਪਰ ਗ੍ਰਾਮ ਪੰਚਾਇਤ ਵਲੋਂ ਬਣਾ ਕੇ ਦਿੱਤੇ ਜਾਣ ਵਾਲੇ ਕਮਰੇ ਵਿਚ ਤਬਦੀਲ ਕੀਤਾ ਜਾਵੇਗਾ | ਇਸ ਫ਼ੈਸਲੇ ਤੋਂ ਬਾਅਦ ਪਿੰਡ ਵਾਸੀਆਂ ਨੇ ਸੰਤੁਸ਼ਟੀ ਪ੍ਰਗਟ ਕਰਦਿਆਂ ਆਪਣਾ ਧਰਨਾ ਸਮਾਪਤ ਕਰ ਦਿੱਤਾ |
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਮੈਮੋ: ਗਰਲਜ਼ ਸੀ: ਸੈਕੰ: ਸਕੂਲ ਸੁਖਾਨੰਦ ਵਲੋਂ ਚੰਗੇ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ... ਅਗਲੀ ਖ਼ਬਰ ਨਗਰ ਨਿਗਮ ਚੋਣਾਂ ਦੌਰਾਨ ਲੋਕ ਕਾਂਗਰਸ ਪਾਰਟੀ ਦੇ ਹੱਕ 'ਚ ਫ਼ਤਵਾ ਦੇਣਗੇ- ਲੋਹਗੜ੍ਹ, ਖੇਲਾ, ਜਵੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।