ਮੋਗਾ, 1 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਜੁਆਇੰਟ ਫੋਰਮ ਪੰਜਾਬ, ਪਾਵਰਕਾਮ, ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਤੇ ਸਾਂਝੇ ਧੜੇ ਦੀਆਂ ਜਥੇਬੰਦੀਆਂ ਵਲੋਂ ਡਵੀਜ਼ਨ ਦਫ਼ਤਰ ਮੋਗਾ ਵਿਖੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਜਾਰੀ ਨਾ ਕਰਨ ਵਿਰੁੱਧ ਕਾਲਾ ਦਿਵਸ ਮਨਾਇਆ ਗਿਆ | ਜਥੇਬੰਦੀ ਦੇ ਸਟੇਟ ਆਗੂ ਦਰਸ਼ਨ ਲਾਲ ਮੋਗਾ, ਜੁਆਇੰਟ ਐਕਸ਼ਨ ਕਮੇਟੀ ਕਨਵੀਨਰ ਮਨਜੋਤ ਸਿੰਘ ਬਰਾੜ, ਗੁਰਮੇਲ ਸਿੰਘ ਨਾਹਰ ਵਲੋਂ ਸੰਬੋਧਨ ਕਰਦਿਆਂ ਦੱਸਿਆ ਕੇ ਕੇਂਦਰ ਸਰਕਾਰ ਵਲੋਂ 29 ਲੇਬਰ ਕੋਡ ਰੱਦ ਕਰਕੇ 4 ਲੇਬਰ ਕਾਨੂੰਨ ਜੋ ਮੁਲਾਜ਼ਮ ਵਰਗ ਲਈ ਬਹੁਤ ਘਾਤਕ ਹਨ, ਪੰਜਾਬ ਸਰਕਾਰ ਜੋ ਮੁਲਾਜ਼ਮ ਵਰਗ ਵਲੋਂ ਚਾਅ ਨਾਲ ਬਣਾਈ ਸੀ, ਵਲੋਂ ਰਿਕਾਰਡ ਕਾਇਮ ਕਰ ਦਿੱਤਾ ਕਿ 2025 ਮਹਿੰਗਾਈ ਭੱਤੇ ਦੀ ਕਿਸ਼ਤ ਸਾਲ ਵਿਚ 2 ਵਾਰ ਦਿੱਤੀ ਜਾਂਦੀ ਸੀ, ਜੋ ਨਹੀਂ ਦਿੱਤੀ ਗਈ ਜਿਸ ਦਾ ਮੁਲਾਜ਼ਮ ਵਰਗ ਵਿਚ ਬਹੁਤ ਗ਼ੁੱਸਾ ਹੈ | ਆਗੂਆਂ ਨੇ ਕਿਹਾ ਕਿ ਜੇਕਰ ਮੁਲਾਜ਼ਮ ਮਸਲੇ ਹੱਲ ਨਹੀਂ ਕੀਤੇ ਗਏ ਤਾਂ ਮੈਨੇਜਮੈਂਟ ਨੂੰ ਸੰਘਰਸ਼ ਲਈ ਤਿਆਰ ਰਹਿਣਾ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ | ਬਿਜਲੀ ਮੁਲਾਜ਼ਮ ਸਾਥੀਆਂ ਵਲੋਂ ਪਾਵਰਕਾਮ ਮੈਨੇਜਮੈਂਟ ਨਾਲ ਹੋਈਆਂ ਸਹਿਮਤੀਆਂ ਲਾਗੂ ਨਾ ਕਰਨ, ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਦੀ ਅਲੋਚਨਾ ਕੀਤੀ ਗਈ | ਇਸ ਮੌਕੇ ਗੁਰਮੀਤ ਸਿੰਘ ਪ੍ਰਧਾਨ, ਅਮਨਦੀਪ ਸਿੰਘ ਪ੍ਰਧਾਨ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ, ਪਲਵਿੰਦਰ ਸਿੰਘ ਸਿੱਧੂ ਸਰਕਲ ਪ੍ਰਧਾਨ, ਰਾਜਵੰਤ ਕੌਰ, ਮਨਦੀਪ ਕੌਰ, ਬਲਵਿੰਦਰ ਸਿੰਘ, ਜਗਤਾਰ ਸਿੰਘ ਸੇਖਵਾਂ, ਸਵਰਨ ਸਿੰਘ ਤਾਰੇਵਾਲਾ, ਪ੍ਰਦੀਪ ਸਿੰਘ ਪ੍ਰਧਾਨ ਉੱਤਰੀ ਮੋਗਾ ਆਦਿ ਹਾਜ਼ਰ ਸਨ |