18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਨਵੀਂ ਵਾਰਡਬੰਦੀ 'ਤੇ ਅਸਥਾਈ ਰੋਕ <br/>

ਅਜੀਤ ਡੈਸਕ 19-02-2026
ਮੋਗਾ, 18 ਫਰਵਰੀ (ਸੁਰਿੰਦਰਪਾਲ ਸਿੰਘ)-ਸ਼ਹਿਰੀ ਸਥਾਨਕ ਸਰਕਾਰ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਗਿਆ ਹੈ | ਨਵੀਂ ਵਾਰਡਬੰਦੀ ਪ੍ਰਕਿਰਿਆ 'ਤੇ ਮਾਰਚ ਦੇ ਤੀਸਰੇ ਹਫ਼ਤੇ ਤੱਕ ਰੋਕ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਹੁਣ ਪੁਰਾਣੀ ਵਾਰਡਬੰਦੀ ਦੇ ਆਧਾਰ 'ਤੇ ਹੀ ਚੋਣਾਂ ਕਰਵਾਏ ਜਾਣ ਦੇ ਅਸਾਰ ਮਜ਼ਬੂਤ ਹੋ ਰਹੇ ਹਨ | ਹੱਦਬੰਦੀ ਸਬੰਧੀ ਇਤਰਾਜ਼ਾਂ, ਨਕਸ਼ਿਆਂ ਦੀ ਸੰਸ਼ੋਧਨ ਪ੍ਰਕਿਰਿਆ ਅਤੇ ਪ੍ਰਸ਼ਾਸਨਿਕ ਮਨਜ਼ੂਰੀਆਂ ਦੇ ਲੰਬਿਤ ਰਹਿਣ ਕਾਰਨ ਨਵੀਂ ਵਾਰਡਬੰਦੀ ਨੂੰ ਅੰਤਿਮ ਰੂਪ ਦੇਣ ਵਿਚ ਦੇਰੀ ਹੋ ਸਕਦੀ ਹੈ | ਸਥਾਨਕ ਨਾਗਰਿਕਾਂ ਅਤੇ ਰਾਜਨੀਤਕ ਵਰਗਾਂ ਵਿਚ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ | ਉਮੀਦਵਾਰ ਅਤੇ ਪਾਰਟੀਆਂ ਆਪਣੀ ਰਣਨੀਤੀ ਨੂੰ ਲੈ ਕੇ ਉਲਝਣ ਵਿਚ ਹਨ, ਕਿਉਂਕਿ ਹੱਦਬੰਦੀ ਵਿਚ ਬਦਲਾਅ ਨਾਲ ਵੋਟ ਬੈਂਕ ਅਤੇ ਚੋਣੀ ਸਮੀਕਰਨਾਂ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ | ਇਸ ਸਬੰਧੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਮਾਲਵਿਕਾ ਸੂਦ ਨੇ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਲੋਕਤੰਤਰਿਕ ਮਰਯਾਦਾਵਾਂ ਅਨੁਸਾਰ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ “ਜੇ ਨਵੀਂ ਵਾਰਡਬੰਦੀ 'ਤੇ ਲੋਕਾਂ ਵਲੋਂ ਇਤਰਾਜ਼ ਉੱਠ ਰਹੇ ਹਨ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਜਾਵੇ | ਜਲਦਬਾਜ਼ੀ ਵਿਚ ਕੀਤੇ ਫ਼ੈਸਲੇ ਲੋਕਾਂ ਦੇ ਭਰੋਸੇ ਨੂੰ ਠੇਸ ਪਹੁੰਚਾ ਸਕਦੇ ਹਨ | ਪੁਰਾਣੀ ਵਾਰਡਬੰਦੀ ਅਨੁਸਾਰ ਚੋਣਾਂ ਕਰਵਾਉਣ ਨਾਲ ਘੱਟੋ-ਘੱਟ ਲੋਕਾਂ ਨੂੰ ਸਮੇਂ 'ਤੇ ਆਪਣੇ ਪ੍ਰਤੀਨਿਧੀ ਚੁਣਨ ਦਾ ਮੌਕਾ ਮਿਲੇਗਾ |” ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਰੇ ਰਾਜਨੀਤਕ ਦਲਾਂ ਅਤੇ ਨਾਗਰਿਕਾਂ ਨਾਲ ਸਲਾਹ ਮਸ਼ਵਰਾ ਕਰ ਕੇ ਹੀ ਅੰਤਿਮ ਫ਼ੈਸਲਾ ਲੈਣਾ ਚਾਹੀਦਾ ਹੈ, ਤਾਂ ਜੋ ਚੋਣ ਪ੍ਰਕਿਰਿਆ 'ਤੇ ਕਿਸੇ ਤਰ੍ਹਾਂ ਦਾ ਸਵਾਲ ਨਾ ਉੱਠੇ | ਜੇ ਪੁਰਾਣੀ ਹੱਦਬੰਦੀ ਦੇ ਆਧਾਰ 'ਤੇ ਚੋਣਾਂ ਹੁੰਦੀਆਂ ਹਨ ਤਾਂ ਕਈ ਉਮੀਦਵਾਰਾਂ ਦੀ ਸਿਆਸੀ ਯੋਜਨਾ ਅਤੇ ਵੋਟਾਂ ਦੀ ਗਣਿਤ 'ਤੇ ਵੱਡਾ ਅਸਰ ਪੈ ਸਕਦਾ ਹੈ | ਹੁਣ ਸਾਰੇ ਰਾਜਨੀਤਕ ਦਲਾਂ, ਉਮੀਦਵਾਰਾਂ ਅਤੇ ਸ਼ਹਿਰ ਵਾਸੀਆਂ ਦੀ ਨਜ਼ਰ ਸਰਕਾਰ ਅਤੇ ਚੋਣ ਅਧਿਕਾਰੀਆਂ ਦੇ ਅਗਲੇ ਕਦਮ 'ਤੇ ਟਿਕੀ ਹੋਈ ਹੈ | ਆਉਣ ਵਾਲੇ ਦਿਨਾਂ ਵਿਚ ਸਥਿਤੀ ਸਪਸ਼ਟ ਹੋਣ ਦੀ ਉਮੀਦ ਹੈ, ਜਿਸ ਨਾਲ ਚੋਣ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਸਕੇਗਾ |

ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰਕ ਸਮਝੌਤੇ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਡੀ.ਸੀ. ਦਫ਼ਤਰ ਮੋਗਾ ਅੱਗੇ ਫੂਕੇ ਮੋਦੀ-ਟਰ... ਅਗਲੀ ਖ਼ਬਰ ਪਿੰਡ ਕਿਲੀ ਚਾਹਲਾਂ ਵਿਖੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਪਹੁੰਚਿਆ ਬੇਮਿਸਾਲ ਇਕੱਠ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।