ਅਜੀਤਵਾਲ, 18 ਫਰਵਰੀ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ ਮੋਗਾ ਕਾਲਜ ਦੇ ਪਿ੍ੰਸੀਪਲ ਡਾ. ਮਿਸਿਜ਼ ਉਮੇਸ਼ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਸਿੱਖਿਆ ਅਤੇ ਸਮਾਜਿਕ ਵਿਕਾਸ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਲਈ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ (ਮੋਗਾ) ਨੂੰ ਰਾਸ਼ਟਰੀ ਸਿੱਖਿਆ ਟਰੱਸਟ ਭਾਰਤ ਸਰਕਾਰ ਵਲੋਂ ''ਚੇਂਜ ਮੇਕਰ ਅਵਾਰਡ- 2026 (ਸੰਸਥਾ ਸ਼ੇ੍ਰਣੀ) ਨਾਲ ਸਨਮਾਨਿਤ ਕੀਤਾ ਗਿਆ ਹੈ | ਕਾਲਜ ਮੈਨੇਜਮੈਂਟ ਕਮੇਟੀ ਨੇ ਪਿ੍ੰਸੀਪਲ ਨੂੰ ਇਸ ਵੱਡੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਚੰਗੀ ਟੀਮ ਦੇ ਸੰਗਠਨ ਨਾਲ ਹਰ ਸਾਲ ਰਾਸ਼ਟਰੀ ਅਤੇ ਰਾਜ ਪੱਧਰ ਤੇ ਮਿਲ ਰਹੀਆਂ ਉਪਲਬਧੀਆਂ ਲਈ ਸ਼ਲਾਘਾ ਕੀਤੀ | ਜ਼ਿਕਰਯੋਗ ਹੈ ਕਿ ਇਹ ਸਨਮਾਨ ਕਾਲਜ ਨੂੰ ਵਾਤਾਵਰਨ ਸੁਰੱਖਿਆ, ਸਮੁਦਾਇਕ ਸਹਿਭਾਗਤਾ ਅਤੇ ਸੰਸਥਾ ਦੇ ਨਵੀਨੀਕਰਨ ਦੇ ਖੇਤਰ ਵਿਚ ਉਲੇਖਣ ਯੋਗ ਉਪਰਾਲਿਆਂ ਲਈ ਦਿੱਤਾ ਗਿਆ ਹੈ | ਸੰਸਥਾ ਦੇ ਵਿਕਾਸ ਨਾਲ ਸੰਬੰਧਿਤ ਯਤਨਾਂ, ਨਵੀਂ ਸੋਚ ਅਤੇ ਬੀ.ਐਡ, ਐਮ.ਐਡ. ਅਤੇ ਈ.ਟੀ.ਟੀ. ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਰਾਹੀਂ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਲਈ ਕਾਬਿਲ ਏ ਤਾਰੀਫ਼ ਕੰਮ ਕੀਤਾ ਹੈ | ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਅਜੇ ਕੁਮਾਰ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਨਮਾਨ ਪਿ੍ੰਸੀਪਲ ਮੈਡਮ ਦੀ ਅਗਵਾਈ ਵਿਚ ਪ੍ਰੋਗਰਾਮ ਨੋਡਲ ਅਫ਼ਸਰ ਸ੍ਰੀਮਤੀ ਗੁਰਮਿੰਦਰ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਹ ਸੰਸਥਾ ਸਮਾਜਿਕ ਜ਼ਿੰਮੇਵਾਰੀ ਅਤੇ ਗੁਣਵੱਤਾਪੂਰਨ ਸਿੱਖਿਆ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਤ ਕਰਨ ਲਈ ਵਚਨਬੱਧ ਰਹੇਗੀ | ਇਸ ਸ਼ਾਨਦਾਰ ਪ੍ਰਾਪਤੀ ਨਾਲ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਿਚ ਖੁਸੀ ਪਾਈ ਜਾ ਰਹੀ ਹੈ |