ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨਸ਼ਾ ਤਸਕਰ, ਪੁਲਿਸ ਤੰਤਰ ਤੇ ਰਾਜਨੀਤਕ ਬੰਦਿਆਂ ਦਾ ਇਕ ਗਠਬੰਧਨ ਹੈ, ਜੇਕਰ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨਾ ਹੈ ਤਾਂ ਇਨ੍ਹਾਂ ਦਾ ਗਠਬੰਧਨ ਤੋੜਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਕੁਝ ਕੁ ਨੂੰ ਛੱਡ ਕੇ ਪੁਲਿਸ ਦੇ ਛੋਟੇ ਅਫ਼ਸਰ ਤੋਂ ਲੈ ਕੇ ਵੱਡੇ ਤੱਕ ਮਿਲੀ ਭੁਗਤ ਹੈ ਤੇ ਇਹ ਆਪਸ ਵਿਚ ਇਕ ਕੜੀ ਦਾ ਕੰਮ ਕਰਦੇ ਹਨ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਤੇ ਪ੍ਰਸਿੱਧ ਸਮਾਜਵਾਦੀ ਵਿਜੇ ਕੁਮਾਰ ਸਾਥੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਅੱਜ ਸਾਡੇ ਨੌਜਵਾਨ ਨਸ਼ਿਆਂ ਦੇ ਗ਼ੁਲਾਮ ਹੋ ਕੇ ਬੇਵੱਸ ਹੋ ਗਏ ਹਨ ਤੇ ਕੋਈ ਵੀ ਨੌਜਵਾਨ ਮਾਂ ਦੀ ਕੁੱਖ 'ਚੋਂ ਨਸ਼ੇੜੀ ਨਹੀਂ ਜੰਮਦਾ ਉਸ ਨੂੰ ਉਸ ਦੇ ਹਾਲਾਤ ਬਣਾ ਦਿੰਦੇ ਹਨ ਜਿਸ ਦਾ ਮੁੱਖ ਤੌਰ 'ਤੇ ਕਾਰਨ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਮਜਬੂਰੀ ਹੁੰਦੀ ਹੈ | ਭਾਵੇਂ ਕਿ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਅਤੇ ਅਪਰਾਧੀਆਂ ਖ਼ਿਲਾਫ਼ ਇਕ ਹੋਰ ਮੁਹਿੰਮ ਅਪਰੇਸ਼ਨ ਪ੍ਰਹਾਰ ਸ਼ੁਰੂ ਕੀਤੀ ਹੈ ਉਸ ਦਾ ਸਵਾਗਤ ਕਰਨਾ ਬਣਦਾ ਹੈ ਪਰ ਇਸ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ | ਵਿਜੇ ਕੁਮਾਰ ਸਾਥੀ ਨੇ ਕਿਹਾ ਕਿ ਹੈਰਤ-ਅੰਗੇਜ਼ ਗੱਲ ਇਹ ਹੈ ਕਿ ਅੱਜ ਬੇਸ਼ੁਮਾਰ ਪੈਸੇ ਦੀ ਦੌੜ ਵਿਚ ਅਫ਼ਸਰ ਅਤੇ ਰਾਜਨੀਤਕ ਵਿਅਕਤੀ ਲੱਗੇ ਹੋਏ ਹਨ | ਇਸੇ ਲਈ ਯੁੱਧ ਨਸ਼ਿਆਂ ਵਿਰੁੱਧ ਵਰਗੀਆਂ ਮੁਹਿੰਮਾਂ ਬੇਮਾਅਨੇ ਹੋ ਜਾਂਦੀਆਂ ਹਨ ਤੇ ਸਾਡੇ ਰੰਗਲੇ ਪੰਜਾਬ ਨੂੰ ਨਸ਼ੇ ਦਾ ਘੁਣ ਲੱਗ ਗਿਆ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜੇਕਰ ਇਸ ਦਾ ਸਥਾਈ ਹੱਲ ਲੱਭਣਾ ਹੈ ਤਾਂ ਕਿ ਕਿਸੇ ਵੀ ਰਾਜਨੀਤਕ ਮੁਫ਼ਾਦ ਤੋਂ ਉੱਪਰ ਉੱਠ ਕੇ ਪੰਜਾਬ ਦੇ ਇਮਾਨਦਾਰ ਬੰਦਿਆਂ ਦੀ ਕਮੇਟੀ ਸੱਦੀ ਜਾਵੇ |