ਸਰਕਾਰੀ ਬੋਰਡਾਂ ’ਤੇ ਪੰਜਾਬੀ ਦੀਆਂ ਗਲਤੀਆਂ, ਮਾਂ ਬੋਲੀ ਪ੍ਰਤੀ ਲਾਪਰਵਾਹੀ
ਜੌੜੇਪੁਲ ਜਰਗ, 3 ਅਕਤੂਬਰ (ਪਾਲਾ ਰਾਜੇਵਾਲੀਆ)-ਜੇ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਉਸ ਕੌਮ ਨੂੰ ਉਸਦੇ ਸਭਿਆਚਾਰ ਨਾਲੋਂ ਤੋੜ ਦਿਓ। ਇਸ ਉਪਰੋਕਤ ਸਤਰ ਨੂੰ ਤਕਰੀਬਨ ਹਰ ਉਸ ਵਿਅਕਤੀ ਨੇ ਕਦੇ ਨਾ ਕਦੇ ਸੁਣਿਆ ਜਾਂ ਪੜ੍ਹਿਆ ਹੋਵੇਗਾ, ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਆਪਣੇ ਸਭਿਆਚਾਰ ਨਾਲ ਕਿੰਨਾ ਕੁ ਸੁਨੇਹ ਰੱਖਦੇ ਹਾਂ ?
ਜੌੜੇਪੁਲ ਜਰਗ, 3 ਅਕਤੂਬਰ (ਪਾਲਾ ਰਾਜੇਵਾਲੀਆ)-ਜੇ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਉਸ ਕੌਮ ਨੂੰ ਉਸਦੇ ਸਭਿਆਚਾਰ ਨਾਲੋਂ ਤੋੜ ਦਿਓ। ਇਸ ਉਪਰੋਕਤ ਸਤਰ ਨੂੰ ਤਕਰੀਬਨ ਹਰ ਉਸ ਵਿਅਕਤੀ ਨੇ ਕਦੇ ਨਾ ਕਦੇ ਸੁਣਿਆ ਜਾਂ ਪੜ੍ਹਿਆ ਹੋਵੇਗਾ, ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਆਪਣੇ ਸਭਿਆਚਾਰ ਨਾਲ ਕਿੰਨਾ ਕੁ ਸੁਨੇਹ ਰੱਖਦੇ ਹਾਂ ? ਇਹ ਸਵਾਲ ਉਦੋਂ ਜ਼ਿਹਨ ’ਚ ਆਉਂਦੇ ਨੇ ਜਦੋਂ ਇਹ ਦੇਖਿਆ ਕਿ ਅਸੀਂ ਤਾਂ ਆਪਣੀ ਮਾਂ ਬੋਲੀ ਪੰਜਾਬੀ ਦਾ ਸ਼ੁੱਧ ਉਚਾਰਣ ਵੀ ਨਹੀਂ ਕਰਦੇ ਤੇ ਬਹੁਤੀਆਂ ਥਾਵਾਂ ’ਤੇ ਸ਼ੁੱਧ ਪੰਜਾਬੀ ਵੀ ਨਹੀਂ ਲਿਖਦੇ। ਜਦੋਂ ਇਸ ਪੱਤਰਕਾਰ ਨੇ ਇਲਾਕੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਇਲਾਕੇ ਦੀਆਂ ਸੜਕਾਂ ’ਤੇ ਪਿੰਡਾਂ ਬਾਰੇ ਜਾਣਕਾਰੀ ਲਈ ਲਗਾਏ ਜਾਂਦੇ ਸੰਕੇਤਕ ਬੋਰਡਾਂ ’ਤੇ ਅਸ਼ੁੱਧ ਪੰਜਾਬੀ ਲਿਖੀ ਦੇਖ ਕੇ ਦੁੱਖ ਹੁੰਦਾ ਹੈ। ਸ਼ਹੀਦ ਨਾਹਰ ਸਿੰਘ ਮਾਰਗ ਵਾਲੇ ਬੋਰਡ ’ਤੇ ਵੀ ਰੌਣੀ ਦੀ ਥਾਂ ਰੋਣੀ ਲਿਖਿਆ ਗਿਆ। ਰੋਹਣੋਂ ਖ਼ੁਰਦ ਦੀ ਥਾਂ ਇਕ ਬੋਰਡ ’ਤੇ ਰੋਹਣੋ ਖ਼ੁਰਦ ਲਿਖਿਆ ਗਿਆ। ਇੱਥੇ ਖੱਖੇ ਪੈਰ ਬਿੰਦੀ ਦਾ ਤਾਂ ਅਕਸਰ ਹੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਖਿਆਲ ਨਹੀਂ ਰੱਖਦੇ। ਫੈਜ਼ਉੱਲਾਪੁਰ ਵਾਲੇ ਬੋਰਡ ’ਤੇ ਵੀ ਜੱਜੇ ਪੈਰ ਬਿੰਦੀ ਨਹੀਂ ਪਾਈ ਗਈ। ਇਕ ਹੋਰ ਸੰਕੇਤਕ ਬੋਰਡ ’ਤੇ ਟੌਂਸਾ ਦੀ ਥਾਂ ਟੋਂਸਾ ਲਿਖਿਆ ਨਜ਼ਰ ਆਉਂਦਾ ਹੈ। ਇਕ ਹੋਰ ਬੋਰਡ ’ਤੇ ਅਲੂਣਾ ਤੋਲਾ ਦੀ ਥਾਂ ਅਲੂਣਾ ਤੋਲਾਂ ਲਿਖਿਆ ਗਿਆ। ਕੁਲ ਮਿਲਾ ਕੇ ਮਾਂ ਬੋਲੀ ਪੰਜਾਬੀ ਨੂੰ ਲਿਖਣ ਲੱਗਿਆ ਬਿੰਦੀ, ਟਿੱਪੀ, ਅੱਧਕ ਦਾ ਧਿਆਨ ਬਿਲਕੁਲ ਹੀ ਨਹੀਂ ਰੱਖਿਆ ਜਾ ਰਿਹਾ। ਜੌੜੇਪੁਲ ਦੀ ਥਾਂ ਜੌੜੇਪੁੱਲ ਲਿਖਿਆ ਗਿਆ। ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸੁਹਿਰਦ ਲੋਕਾਂ ਦੀ ਮੰਗ ਹੈ ਕਿ ਮਾਂ ਬੋਲੀ ਪੰਜਾਬੀ ਹਰ ਥਾਂ ‘ਤੇ ਹਰੇਕ ਬੋਰਡ ਉੱਤੇ ਸਹੀ ਢੰਗ ਨਾਲ ਲਿਖੀ ਜਾਵੇ।