ਨਵੀਂ ਦਿੱਲੀ, 22 ਸਤੰਬਰ (ਪੀ.ਟੀ.ਆਈ)-ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐਫ.ਬੀ.ਯੂ) ਨੇ ਕਿਹਾ ਹੈ ਕਿ ਮੰਗਲਵਾਰ ਨੂੰ ਡਿਪਟੀ ਚੀਫ਼ ਲੇਬਰ ਕਮਿਸ਼ਨਰ ਦੀ ਅਗਵਾਈ ਹੇਠ ਹੋਈ ਬੈਠਕ ਬੇਨਤੀਜਾ ਰਹਿਣ ਤੋਂ ਬਾਅਦ ਬੈਂਕ ਕਰਮਚਾਰੀ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ’ਤੇ ਜਾਣਗੇ। ਯੂ.ਐਫ.ਬੀ.ਯੂ. ਮੁਤਾਬਿਕ ਉਸ ਦੀ ਮੁੱਖ ਮੰਗ ਬੈਂਕਿੰਗ ਸੇਵਾਵਾਂ ਨੂੰ ਹਫ਼ਤੇ ਵਿਚ ਪੰਜ ਦਿਨ ਕਰਨ ਦੀ ਹੈ। ਇਸ ਤੋਂ ਪਹਿਲਾਂ 11 ਸਤੰਬਰ ਨੂੰ ਵੀ ਬੈਂਕ ਯੂਨੀਅਨਾਂ ਨੇ ਇਸ ਮੰਗ ਨੂੰ ਲੈ ਕੇ ਦੇਸ਼ਵਿਆਪੀ ਹੜਤਾਲ ਕੀਤੀ ਸੀ। ਯੂਨੀਅਨਾਂ ਦੀਆਂ ਹੋਰ ਮੰਗਾਂ ’ਚ ਪੈਨਸ਼ਨ ਵਿਚ ਸੋਧ ਤੇ ਸੁਧਾਰ, ਸਾਰੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀ ਇਕਸਾਰ ਗਣਨਾ ਅਤੇ ਨੈਸ਼ਨਲ ਪੈਨਸ਼ਨ ਸਿਸਟਮ ਤਹਿਤ ਆਉਂਦੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਯੋਜਨਾ ਵਿਚ ਜਾਣ ਦਾ ਵਿਕਲਪ ਦੇਣਾ ਸ਼ਾਮਿਲ ਹੈ। ਬੈਂਕਾਂ ਦੀ ਹੜਤਾਲ ਕਾਰਨ ਪੰਜ ਦਿਨ ਬੈਂਕਾਂ ਬੰਦ ਰਹਿਣਗੀਆਂ ਕਿਉਂਕਿ 26 ਅਤੇ 27 ਸਤੰਬਰ ਨੂੰ ਸਨਿਚਰਵਾਰ ਅਤੇ ਐਤਵਾਰ ਕਾਰਨ ਬੈਂਕਾਂ ਬੰਦ ਰਹਿਣਗੀਆਂ।