17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਡਾ . ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ’ ਤੇ ਭਖੀ ਸਿਆਸਤ , ਬਸਪਾ ਤੇ ਭਾਜਪਾ ਆਗੂ ਆਪ

ਮਾਹਿਲਪੁਰ, 16 ਸਤੰਬਰ (ਰਜਿੰਦਰ ਸਿੰਘ)-ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਬਾੜੀਆਂ ਕਲਾਂ ਵਿਖੇ ਬੀਤੇ ਦਿਨ ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਕਰਨ ’ਤੇ ਐਸ.

ਅਜੀਤ ਡੈਸਕ 17-09-2026
ਮਾਹਿਲਪੁਰ, 16 ਸਤੰਬਰ (ਰਜਿੰਦਰ ਸਿੰਘ)-ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਬਾੜੀਆਂ ਕਲਾਂ ਵਿਖੇ ਬੀਤੇ ਦਿਨ ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਕਰਨ ’ਤੇ ਐਸ.ਸੀ. ਸਮਾਜ ਵਲੋਂ ਲਗਾਏ ਸ਼ਾਂਤੀਪੂਰਨ ਧਰਨੇ ’ਚ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਉੱਥੇ ਪਹੁੰਚ ਕੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਫ਼ੋਟੋਆਂ ਕਰਵਾ ਕੇ ਪੱਤਰਕਾਰਾਂ ਨੂੰ ਬਾਈਟਾਂ ਦੇਣ ਲੱਗੇ, ਜਿਸ ਦੇ ਰੋਸ ਵਜੋਂ ਐਸ.ਸੀ. ਸਮਾਜ ਵਲੋਂ ਭਾਰਤੀ ਜਨਤਾ ਪਾਰਟੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਬਾੜੀਆਂ ਕਲਾਂ ਵਿਖੇ ਡਾ. ਅੰਬੇਡਕਰ ਦੇ ਬੁੱਤ ਦੀ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਭੰਨ੍ਹ-ਤੋੜ ਕਰਨ ’ਤੇ ਬਸਪਾ ਆਗੂ ਸਰਪੰਚ ਬੀਬੀ ਮਨਜੀਤ ਕੌਰ, ਐਡ. ਪਲਵਿੰਦਰ ਮਾਨਾ ਹਲਕਾ ਇੰਚਾਰਜ ਚੱਬੇਵਾਲ, ਅਮਨਦੀਪ ਸਿੰਘ ਸਿੱਧੂ, ਆਵਾਜ਼ ਪੰਜਾਬ ਦੇ ਸਕੱਤਰ ਪਲਵਿੰਦਰ ਸਿੰਘ ਦੁਸਾਂਝ, ਦਵਿੰਦਰ ਸਿੰਘ ਬਾਹੋਵਾਲ, ਹਰਭਜਨ ਖਲਵਾੜਾ, ਹਰਮੇਸ਼ ਲਾਲ, ਰਾਕੇਸ਼ ਕਿੱਟੀ, ਦਲਜੀਤ ਸਿੰਘ ਸਮੇਤ ਹੋਰ ਬਸਪਾ ਆਗੂਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਸਾਬਕਾ ਕੇਂਦਰ ਰਾਜ ਮੰਤਰੀ ਵਿਜੇ ਸਾਂਪਲਾ, ਸ਼ੀਤਲ ਅਗੂਰਾਲ ਪੰਜਾਬ ਪ੍ਰਧਾਨ ਐਸ.ਸੀ. ਵਿੰਗ, ਡਾ. ਦਿਲਬਾਗ ਰਾਏ ਹਲਕਾ ਇੰਚਾਰਜ ਚੱਬੇਵਾਲ, ਸ਼ੁਸ਼ੀਲ ਸ਼ਰਮਾ, ਐਸ.ਐਮ. ਸਿੰਧੂ, ਡੀ.ਐਸ. ਬਾਗੀ, ਅਮਰਜੀਤ ਸਿੰਘ ਭਿੰਦਾ, ਰਵਿੰਦਰ, ਹਰਭਜਨ ਸਮੇਤ ਹੋਰ ਆਗੂ ਉੱਥੇ ਪਹੁੰਚ ਕੇ ਡਾ. ਅੰਬੇਡਕਰ ਦੇ ਬੁੱਤ ਨਾਲ ਫ਼ੋਟੋਆਂ ਕਰਵਾ ਕੇ ਪੱਤਰਕਾਰਾਂ ਨੂੰ ਬਾਈਟਾਂ ਦੇਣ ਲੱਗੇ, ਜਿਸ ਨਾਲ ਮਾਹੌਲ ਵਿਗੜਦਾ-ਵਿਗੜਦਾ ਇੱਥੇ ਤੱਕ ਪਹੁੰਚ ਗਿਆ ਕਿ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਹੋਣ ਲੱਗ ਪਈ, ਜਿਸ ’ਤੇ ਡੀ.ਐਸ.ਪੀ. ਭਗਤ ਸਿੰਘ ਸੈਣੀ ਸਮੇਤ ਪੁਲਿਸ ਪਾਰਟੀ ਵਲੋਂ ਮਾਹੌਲ ਨੂੰ ਖ਼ਰਾਬ ਹੋਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਟੇਜ ’ਤੇ ਧਰਨੇ ਨੂੰ ਸੰਬੋਧਨ ਕਰਨ ਪਹੁੰਚ ਗਏ ਤਾਂ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਬਸਪਾ ਤੇ ਭਾਜਪਾ ਆਗੂ ਹੱਥੋਪਾਈ ’ਤੇ ਉੱਤਰ ਪਏ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਵਿਜੇ ਸਾਂਪਲਾ ਦੇ ਨੱਕ ’ਚੋਂ ਖੂਨ ਨਿਕਲਣ ਲੱਗ ਪਿਆ। ਡੇਢ-ਦੋ ਘੰਟੇ ਚੱਲੇ ਇਸ ਸਿਆਸੀ ਘਮਸਾਣ ਤੋਂ ਆਗੂ ਡਾ. ਭੀਮ ਰਾਓ ਅੰਬੇਡਕਰ ਦੇ ਮੁੱਦੇ ਨੂੰ ਭੁੱਲ ਗਏ ਤੇ ਆਪੋ-ਆਪਣੀ ਈਗੋ ’ਚ ਇਕ ਦੂਸਰੇ ਨੂੰ ਕੋਸਦੇ ਰਹੇ। ਇਸ ਘਟਨਾ ਦਾ ਪਤਾ ਚੱਲਦੇ ਹੀ ਬਸਪਾ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਤੇ ਵਿਧਾਇਕ ਡਾ. ਨਛੱਤਰਪਾਲ ਉੱਥੇ ਪਹੁੰਚ ਗਏ। ਇਸ ਮੌਕੇ ਵਿਜੇ ਸਾਂਪਲਾ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਸਾਰੀਆਂ ਪਾਰਟੀਆਂ ਦਾ ਮਾਣ ਹਨ। ਉਨ੍ਹਾਂ ਕਿਹਾ ਉਹ ਬੇਅਦਬੀ ਹੋਣ ਸਬੰਧੀ ਇੱਥੇ ਆਏ ਸੀ ਤੇ ਪੰਡਾਲ ’ਚ ਬੈਠਣ ਵਾਲੇ ਹੀ ਸੀ ਕਿ ਉੱਥੇ ਪਹਿਲਾਂ ਤੋਂ ਬੈਠੇ ਧਰਨਾਕਾਰੀਆਂ ਨੇ ਭਾਰਤੀ ਜਨਤਾ ਪਾਰਟੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਉਹ ਕਹਿਣ ਲੱਗੇ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਕੀਤਾ ਕੀ ਹੈ ਜਿਸ ਦੇ ਜਵਾਬ ਦੇਣ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਸਟੇਜ ’ਤੇ ਬੁਲਾਇਆ ਅਤੇ ਉੱਥੇ ਮਾਈਕ ਨੂੰ ਲੈ ਕੇ ਆਪਸ ’ਚ ਉਲਝ ਪਏ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਡਾ. ਅੰਬੇਡਕਰ ਹਿਤੈਸ਼ੀ ਨਹੀਂ ਬਲਕਿ ਮੌਜੂਦਾ ਸਰਕਾਰ ਦੇ ਏਜੰਟ ਸਨ, ਜੋ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਸਨ। ਦੂਸਰੇ ਪਾਸੇ ਅਮਨਦੀਪ ਸਿੰਘ ਤੇ ਐਡ. ਪਲਵਿੰਦਰ ਮਾਨਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੀ-ਪਲੈਨ ਸਾਜ਼ਿਸ਼ ਤਹਿਤ ਆਏ ਸੀ ਤੇ ਆਪਣਾ ਨਾਲ ਸਪੀਕਰ ਵੀ ਲੈ ਆਏ ਸੀ। ਅੰਤ ’ਚ ਪੁਲਿਸ ਪ੍ਰਸ਼ਾਸਨ ਵਲੋਂ ਡਾ. ਅਵਤਾਰ ਸਿੰਘ ਕਰੀਮਪੁਰੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵਿਜੇ ਸਾਂਪਲਾ ਦੇ ਹੋਏ ਝਗੜੇ ਸਬੰਧੀ ਆਪਸ ’ਚ ਗੱਲਬਾਤ ਕਰਵਾਈ ਗਈ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਉੱਥੋਂ ਚਲੇ ਗਏ । ਇਸ ਮੌਕੇ ਧਰਨੇ ’ਚ ਕਿਸਾਨ ਆਗੂ ਤਲਵਿੰਦਰ ਹੀਰ, ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਚੱਬੇਵਾਲ, ਡਾ. ਕੁਲਵੰਤ ਚੱਬੇਵਾਲ ਸਮੇਤ ਵੱਡੀ ਗਿਣਤੀ ਵਿਚ ਦਲਿਤ ਜਥੇਬੰਦੀਆਂ ਦੇ ਆਗੂ ਅਤੇ ਬਸਪਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਬਿਜਲੀ ਕੱਟਾਂ ਦੇ ਮਾਮਲੇ ’ ਤੇ ਪੰਜਾਬ ਭਰ ’ ਚ ਵਿਆਪਕ ਰੋਸ ਮੁਜ਼ਾਹਰੇ ਅਗਲੀ ਖ਼ਬਰ ਚੰਡੀਗੜ੍ਹ ’ਚ ਸਿਹਤ ਸੇਵਾਵਾਂ ਦੀਆਂ ਅਸਾਮੀਆਂ ਦੀ ਨਵੀਂ ਵੰਡ ਪੰਜਾਬ ਨਾਲ ਵੱਡਾ ਧੋਖਾ-ਗਿਆਨੀ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।