ਐੱਸ. ਏ. ਐੱਸ. ਨਗਰ, 9 ਸਤੰਬਰ (ਕਪਿਲ ਵਧਵਾ)- ਸਨਟੇਕ ਸਿਟੀ ਪ੍ਰਾਜੈਕਟ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਮੁਹਾਲੀ ਦੇ ਐੱਸ. ਐੱਸ. ਪੀ. ਨੂੰ ਸੰਮਨ ਜਾਰੀ ਕਰਕੇ ਪੁਲਿਸ ਜਾਂਚ ਨਾਲ ਸੰਬੰਧਿਤ ਰਿਕਾਰਡ ਤੇ ਵੇਰਵੇ ਮੰਗੇ ਗਏ ਹਨ । ਐੱਸ.ਐੱਸ.ਪੀ. ਮੁਹਾਲੀ ਨੂੰ 10 ਸਤੰਬਰ ਨੂੰ ਈ. ਡੀ. ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ । ਈ. ਡੀ. ਵਲੋਂ ਇਹ ਜਾਂਚ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ. ਐੱਮ. ਐੱਲ. ਏ.) ਤਹਿਤ ਕੀਤੀ ਜਾ ਰਹੀ ਹੈ। ਮਾਮਲਾ ਨਵੰਬਰ 2022 ਵਿਚ ਥਾਣਾ ਮੁੱਲਾਂਪੁਰ ਵਿਖੇ ਦਰਜ ਐੱਫ. ਆਈ. ਆਰ. ਨਾਲ ਸੰਬੰਧਿਤ ਹੈ, ਜਿਸ ਵਿਚ ਕਿਸਾਨਾਂ ਤੇ ਜ਼ਮੀਨ ਮਾਲਕਾਂ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾ ਸੰਬੰਧਿਤ ਦਸਤਾਵੇਜ਼ ਕਥਿਤ ਤੌਰ ’ਤੇ ਜਾਅਲੀ ਤਿਆਰ ਕਰਕੇ ਪ੍ਰਾਜੈਕਟ ਲਈ ਸੀ. ਐੱਲ. ਯੂ. ਮਨਜ਼ੂਰੀਆਂ ਹਾਸਿਲ ਕਰਨ ਲਈ ਵਰਤੇ ਗਏ । ਈ.ਡੀ. ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਤਤਕਾਲੀ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਦੇ ਕਾਰਜਕਾਲ ਦੌਰਾਨ ਵੀ ਪੁਲਿਸ ਨੂੰ ਕਈ ਵਾਰ ਪੱਤਰ ਭੇਜ ਕੇ ਮਾਮਲੇ ਦੀ ਜਾਂਚ ਤੇ ਕੀਤੀ ਗਈ ਕਾਰਵਾਈ ਸੰਬੰਧੀ ਰਿਕਾਰਡ ਮੰਗਿਆ ਗਿਆ ਸੀ । 27, 29 ਅਤੇ 31 ਅਗਸਤ ਨੂੰ ਵੀ ਪੀ. ਐੱਮ. ਐੱਲ. ਏ. ਦੀ ਧਾਰਾ 54 ਤਹਿਤ ਜਾਣਕਾਰੀ ਮੰਗੀ ਗਈ ਸੀ । ਈ.ਡੀ. ਵਲੋਂ ਪ੍ਰਾਜੈਕਟ ਦੀਆਂ ਸੀ. ਐੱਲ. ਯੂ. ਮਨਜ਼ੂਰੀਆਂ, ਲੇਆਊਟ ਵਿਚ ਕੀਤੀਆਂ ਤਬਦੀਲੀਆਂ ਅਤੇ ਜ਼ਮੀਨ ਮਾਲਕਾਂ ਦੀ ਸਹਿਮਤੀ ਦਰਸਾਉਂਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿਚ ਸੀਨੀਅਰ ਪ੍ਰਬੰਧਕੀ ਅਧਿਕਾਰੀ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।