ਨਵੀਂ ਦਿੱਲੀ, 6 ਸਤੰਬਰ (ਪੀ.ਟੀ.ਆਈ.) ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ 9 ਕਰਮਚਾਰੀ ਐਸੋਸੀਏਸ਼ਨਾਂ ਨੇ ਪੁਲਾੜ ਏਜੰਸੀ ਦੇ ਚੇਅਰਪਰਸਨ ਵੀ ਨਾਰਾਇਣਨ ਨੂੰ ਪੱਤਰ ਲਿਖ ਕੇ ਇਸ ਦੇ ਨਿਰਮਾਣ ਅਤੇ ਸੰਚਾਲਨ ਕਾਰਜਾਂ ਨੂੰ ਨਿੱਜੀ ਇਕਾਈਆਂ ਨੂੰ ਤਬਦੀਲ ਕਰਨ ਦੇ ਪ੍ਰਸਤਾਵ ਬਾਰੇ ਅਧਿਕਾਰਤ ਸਪੱਸ਼ਟੀਕਰਨ ਮੰਗਿਆ ਹੈ।ਚਾਰ ਸਤੰਬਰ ਵਾਲੇ ਪੱਤਰ ਵਿੱਚ, ਐਸੋਸੀਏਸ਼ਨਾਂ ਨੇ ਏਜੰਸੀ ਦੀ ਭਵਿੱਖੀ ਭੂਮਿਕਾ ਅਤੇ ਸੇਵਾ ਨਿਭਾਅ ਰਹੇ ਕਰਮਚਾਰੀਆਂ ਅਤੇ ਭਵਿੱਖੀ ਭਰਤੀ ਲਈ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਸਵਾਲ ਉਠਾਏ। ਪਰਿਭਾਸ਼ਿਤ ਵਪਾਰਕ ਗਤੀਵਿਧੀਆਂ ਵਿੱਚ ਨਿੱਜੀ ਭਾਗੀਦਾਰੀ ਇੱਕ ਮਜ਼ਬੂਤ, ਜਨਤਕ ਮਲਕੀਅਤ ਵਾਲੇ ਇਸਰੋ ਦੇ ਨਾਲ ਸਹਿ-ਅਸਤਿਤਵ ਰੱਖ ਸਕਦੀ ਹੈ।ਪੱਤਰ ’ਚ ਕਿਹਾ ਗਿਆ ਹੈ ਕਿ ਬਿਨਾਂ ਬਹਿਸ ਦੇ ਜੋ ਸਵੀਕਾਰ ਨਹੀਂ ਕੀਤਾ ਜਾ ਸਕਦਾ, ਉਹ ਅਜਿਹੀ ਨੀਤੀ ਹੈ ਜੋ ਇਸਰੋ ਨੂੰ ਸਿਰਫ਼ ਬਚੇ-ਖੁਚੇ ਆਰ ਅਤੇ ਡੀ (ਖੋਜ ਅਤੇ ਵਿਕਾਸ) ਬੁਟੀਕ ਤੱਕ ਸੀਮਿਤ ਕਰ ਦੇਵੇ, ਜਦਕਿ ਦੇਸ਼ ਦੇ ਲਾਂਚ ਵਾਹਨਾਂ ਦੀ ਸਾਕਾਰਤਾ ਅਤੇ ਇਸ ਦੇ ਲਾਂਚ ਬੁਨਿਆਦੀ ਢਾਂਚੇ ਦਾ ਸੰਚਾਲਨ ਜਨਤਕ ਹੱਥਾਂ ਤੋਂ ਬਾਹਰ ਚਲਾ ਜਾਵੇ। ਇਸ ਵਿੱਚ 21 ਅਗਸਤ ਨੂੰ ਭਾਰਤੀ ਰਾਸ਼ਟਰੀ ਪੁਲਾੜ ਪ੍ਰੋਤਸਾਹਨ ਅਤੇ ਅਧਿਕਾਰ ਕੇਂਦਰ ਦੇ ਚੇਅਰਪਰਸਨ ਪਵਨ ਗੋਇੰਕਾ ਵੱਲੋਂ ਕੀਤੀਆਂ ਟਿੱਪਣੀਆਂ ਵੱਲ ਇਸ਼ਾਰਾ ਕੀਤਾ ਗਿਆ, ਜੋ ਗੈਰ-ਸਰਕਾਰੀ ਇਕਾਈਆਂ ਦੀਆਂ ਵੱਖ-ਵੱਖ ਪੁਲਾੜ ਗਤੀਵਿਧੀਆਂ ਨੂੰ ਉਤਸ਼ਾਹਿਤ, ਸਮਰੱਥ, ਅਧਿਕਾਰਤ ਅਤੇ ਨਿਗਰਾਨੀ ਕਰਦਾ ਹੈ। ਗੋਇੰਕਾ ਨੇ ਇੱਕ ਜਨਤਕ ਸਮਾਗਮ ਵਿੱਚ ਕਥਿਤ ਤੌਰ ‘ਤੇ ਕਿਹਾ ਕਿ ਆਖ਼ਿਰਕਾਰ, ਇਸਰੋ ਕੋਈ ਲਾਂਚ ਵਾਹਨ ਨਹੀਂ ਬਣਾਏਗਾ ਅਤੇ ਕੋਈ ਲਾਂਚ ਵਾਹਨ ਤਿਆਰ ਨਹੀਂ ਕਰੇਗਾ। ਇਹ ਸਭ ਨਿੱਜੀ ਖੇਤਰ ਜਾਂ ਪੀ.ਐਸ.ਯੂ. ਵੱਲੋਂ ਕੀਤਾ ਜਾਵੇਗਾ। ਨਾ ਨਿੱਜੀਕਰਨ ਕੀਤਾ ਜਾਵੇਗਾ ਤੇ ਨਾ ਹੀ ਮਹੱਤਵ ਘੱਟ ਹੋਵੇਗਾ-ਇਸਰੋ ਨਵੀਂ ਦਿੱਲੀ, 6 ਸਤੰਬਰ (ਏਜੰਸੀ)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਇਸ ਦਾ ਨਾ ਤਾਂ ਨਿੱਜੀਕਰਨ ਕੀਤਾ ਜਾਵੇਗਾ ਅਤੇ ਨਾ ਹੀ ਇਸ ਦਾ ਮਹੱਤਵ ਘੱਟ ਹੋਵੇਗਾ। ‘ਐਕਸ’ ’ਤੇ ਇਕ ਪੋਸਟ ’ਚ ਪੁਲਾੜ ਏਜੰਸੀ ਨੇ ਕਿਹਾ ਕਿ ਨਿੱਜੀ ਖੇਤਰ ਦੀ ਭਾਗੀਦਾਰੀ ਇਸਰੋ ਨੂੰ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਅਗਲੀ ਪੀੜ੍ਹੀ ’ਤੇ ਮਜ਼ਬੂਤੀ ਨਾਲ ਧਿਆਨ ਕੇਂਦਰਿਤ ਕਰਨ ’ਚ ਮਦਦ ਕਰਦੀ ਹੈ, ਜਦੋਂ ਕਿ ਉਦਯੋਗ ਪਰਿਪੱਕ ਤਕਨਾਲੋਜੀਆਂ ਅਤੇ ਸਮਰੱਥਾਵਾਂ ਨੂੰ ਵੱਡੇ ਪੱਧਰ ’ਤੇ ਵਿਕਸਿਤ ਕਰਦਾ ਹੈ। ਇਹ ਸਪੱਸ਼ਟੀਕਰਨ 4 ਸਤੰਬਰ ਨੂੰ ਇਸਰੋ ਦੀਆਂ 9 ਕਰਮਚਾਰੀ ਯੂਨੀਅਨਾਂ ਦੁਆਰਾ ਏਜੰਸੀ ਦੇ ਚੇਅਰਮੈਨ ਵੀ. ਨਾਰਾਇਣਨ ਨੂੰ ਭੇਜੇ ਗਏ ਇਕ ਪੱਤਰ ਤੋਂ ਬਾਅਦ ਆਇਆ ਹੈ, ਜਿਸ ਵਿਚ ਨਿਰਮਾਣ ਅਤੇ ਸੰਚਾਲਨ ਕਾਰਜਾਂ ਨੂੰ ਨਿੱਜੀ ਸੰਸਥਾਵਾਂ ਨੂੰ ਸੌਂਪਣ ਦੇ ਪ੍ਰਸਤਾਵ ਬਾਰੇ ਅਧਿਕਾਰਤ ਸਪੱਸ਼ਟੀਕਰਨ ਮੰਗਿਆ ਗਿਆ ਸੀ।