05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਐਫ . ਬੀ . ਆਈ . ਦੀ ‘ ਅਤਿ ਲੋੜੀਂਦੀ ’ ਸੂਚੀ ’ ਚ ਸ਼ਾਮਿਲ ਮਨਜੀਤ ਸਿੰਘ ਬੇਦੀ ਜਲੰਧਰ ਪੁਲਿਸ ਵਲੋਂ ਗ੍ਰਿਫ਼ਤਾਰ

ਐਫ. ਬੀ.

ਐਫ. ਬੀ. ਆਈ. ਵਲੋਂ ਜਾਰੀ ਕੀਤੀ ਗਈ ਮੁਲਜ਼ਮ ਮਨਜੀਤ ਸਿੰਘ ਬੇਦੀ ਦੀ ਤਸਵੀਰ। 05-09-2026

ਐਫ. ਬੀ. ਆਈ. ਨੇ ਕਰੀਬ 18 ਘੰਟੇ ਪਹਿਲਾਂ ਹੀ ਐਲਾਨਿਆ ਸੀ ਡੇਢ ਲੱਖ ਡਾਲਰ ਇਨਾਮ

 

ਜਤਿੰਦਰ ਪੰਮੀ ਜਲੰਧਰ, 4 ਸਤੰਬਰ –ਅਮਰੀਕਾ ਵਿਚ ਸਰਕਾਰ ਨਾਲ ਕਰੀਬ 6 ਲੱਖ ਡਾਲਰ ਦੀ ਲਾਭ ਰਾਸ਼ੀ ’ਚ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਐੱਫ.ਬੀ.ਆਈ. ਵੱਲੋਂ ‘ਅਤਿ ਲੋੜੀਂਦੀ’ ਸੂਚੀ ’ਚ ਸ਼ਾਮਿਲ ਕੀਤੇ ਗਏ ਜਲੰਧਰ ਦੇ ਰਹਿਣ ਵਾਲੇ ਮਨਜੀਤ ਸਿੰਘ ਬੇਦੀ ਨੂੰ ਜਲੰਧਰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਦੱਸਣਯੋਗ ਹੈ ਕਿ ਐੱਫ.ਬੀ.ਆਈ. ਵਲੋਂ ਕਰੀਬ 18 ਘੰਟੇ ਪਹਿਲਾਂ ਹੀ ਉਸ ਦੀ ਜਾਣਕਾਰੀ ਦੇਣ ਵਾਲੇ ਨੂੰ 1.50 ਲੱਖ ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਕਮਿਸ਼ਨਰੇਟ ਪੁਲਿਸ ਵਲੋਂ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਲਾਈਨ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਬੇਦੀ ਪੁੱਤਰ ਦੀਵਾਨ ਸਿੰਘ ਵਾਸੀ ਅਮਰ ਨਗਰ, ਗੁਲਾਬ ਦੇਵੀ ਰੋਡ ਨੂੰ ਇਕ ਵੱਖਰੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ 16 ਮਈ 2026 ਨੂੰ ਥਾਣਾ ਰਾਮਾ ਮੰਡੀ ਵਿਚ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ (ਪੀ.ਟੀ.ਪੀ.ਆਰ.) ਐਕਟ ਦੀ ਧਾਰਾ 13, ਭਾਰਤੀ ਨਿਆਂ ਸੰਹਿਤਾ ਦੀ ਧਾਰਾ 316 (2) ਤਹਿਤ ਧੋਖਾਧੜੀ ਤੇ ਧਾਰਾ 318 (4) ਤਹਿਤ ਭਰੋਸੇ ਦੀ ਅਪਰਾਧਿਕ ਉਲੰਘਣਾ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮੁਲਜ਼ਮ ਬੇਦੀ ਕਥਿਤ ਤੌਰ ’ਤੇ ਅਮਰੀਕਾ ਵਿਚ ਲਾਭ ਧੋਖਾਧੜੀ ਮਾਮਲੇ ਵਿਚ ਸ਼ਾਮਲ ਰਿਹਾ ਹੈ ਤੇ ਅਮਰੀਕੀ ਏਜੰਸੀ ਐੱਫ. ਬੀ. ਆਈ ਨੂੰ ਵੀ ਲੋੜੀਂਦਾ ਸੀ। ਇਸ ਤੋਂ ਇਲਾਵਾ ਉਸ ਨੂੰ ਅਤਿ ਲੋੜੀਂਦੇ ਧੋਖੇਬਾਜ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੋਇਆ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ’ਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਸੀ. ਪੀ. ਸਪੈਸ਼ਲ ਬ੍ਰਾਂਚ, ਏ. ਸੀ. ਪੀ. (ਤਫਤੀਸ਼) ਅਮਰਬੀਰ ਸਿੰਘ ਵੀ ਮੌਜੂਦ ਸਨ। ਬੇਦੀ ਨੇ ਅਮਰੀਕੀ ਸਰਕਾਰ ਨਾਲ 6 ਲੱਖ ਡਾਲਰ ਦੀ ਲਾਭ ਰਾਸ਼ੀ ਦੀ ਕੀਤੀ ਸੀ ਧੋਖਾਧੜੀ ਐੱਫ.ਬੀ.ਆਈ. ਅਨੁਸਾਰ ਅਮਰੀਕਾ ਦਾ ਨਾਗਰਿਕ ਬਣ ਚੁੱਕਾ ਮਨਜੀਤ ਸਿੰਘ ਬੇਦੀ ਵਾਸ਼ਿੰਗਟਨ ਦੇ ਟਾਕੋਮਾ ਸ਼ਹਿਰ ਵਿਚ ‘ਏਸ਼ੀਅਨ ਗ੍ਰੋਸਰੀ ਸਟੋਰ’ ਨਾਂਅ ਦੀ ਛੋਟੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਹ ਅਮਰੀਕਾ ਦੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਚਲਾਏ ਜਾਂਦੇ ‘ਸਪਲੀਮੈਂਟਲ ਨਿਊਟ੍ਰੀਸ਼ਨ ਐਂਡ ਅਸਿਸਟੈਂਸ ਪ੍ਰੋਗਰਾਮ’ (ਐੱਸ.ਐੱਨ.ਏ.ਪੀ.) ਦੇ ਲਾਭਪਾਤਰੀਆਂ ਤੋਂ ਇਲੈਕਟ੍ਰਾਨਿਕ ਬੈਨੀਫਿਟ ਟਰਾਂਸਫਰ (ਈ.ਬੀ.ਟੀ.) ਕਾਰਡ ਲੈ ਕੇ ਅਸਲ ਵਿਚ ਖਾਣ-ਪੀਣ ਦੀਆਂ ਵਸਤਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਨਕਦੀ ਦੇਣ ਦਾ ਕਥਿਤ ਤੌਰ ’ਤੇ ਧੰਦਾ ਕਰਦਾ ਸੀ। ਅਮਰੀਕੀ ਫੈਡਰਲ ਵਕੀਲਾਂ ਅਨੁਸਾਰ ਬੇਦੀ ਲਾਭਪਾਤਰੀਆਂ ਦੇ ਈ.ਬੀ.ਟੀ. ਕਾਰਡ ’ਤੇ ਮੌਜੂਦ ਰਕਮ ਦਾ ਲਗਭਗ ਅੱਧਾ ਹਿੱਸਾ ਆਪਣੇ ਕੋਲ ਰੱਖ ਲੈਂਦਾ ਸੀ। ਮਿਸਾਲ ਵਜੋਂ, ਜੇਕਰ ਕਿਸੇ ਕਾਰਡ ’ਤੇ 200 ਡਾਲਰ ਦੀ ਲਾਭ ਰਾਸ਼ੀ ਹੁੰਦੀ ਤਾਂ ਕਥਿਤ ਤੌਰ ’ਤੇ ਕਾਰਡ ਧਾਰਕ ਨੂੰ 100 ਡਾਲਰ ਨਕਦ ਦੇ ਕੇ ਬਾਕੀ ਰਕਮ ਆਪਣੇ ਕੋਲ ਰੱਖ ਲੈਂਦਾ ਸੀ। ਐੱਫ.ਬੀ.ਆਈ. ਦੀ ਜਾਂਚ ਅਨੁਸਾਰ ਮਾਰਚ 2024 ਤੋਂ ਜੂਨ 2025 ਤੱਕ ਬੇਦੀ ਨੇ ਕਥਿਤ ਤੌਰ ’ਤੇ ਅਜਿਹੇ ਲੈਣ-ਦੇਣ ਕੀਤੇ, ਜਿਨ੍ਹਾਂ ਨਾਲ ਇਹ ਦਿਖਾਇਆ ਜਾਂਦਾ ਸੀ ਕਿ ਐੱਸ.ਐੱਨ.ਏ.ਪੀ. ਲਾਭਪਾਤਰੀਆਂ ਨੇ ਉਸ ਦੀ ਦੁਕਾਨ ਤੋਂ ਕਰਿਆਨੇ ਦਾ ਸਾਮਾਨ ਖਰੀਦਿਆ ਹੈ, ਜਦਕਿ ਅਸਲ ਵਿਚ ਕੋਈ ਯੋਗ ਖਾਣ-ਪੀਣ ਵਾਲਾ ਸਾਮਾਨ ਨਹੀਂ ਖਰੀਦਿਆ ਜਾਂਦਾ ਸੀ। ਦੋਸ਼ ਹੈ ਕਿ ਬੇਦੀ ਦੁਕਾਨ ਦੇ ਪੀ.ਓ.ਐੱਸ. ਟਰਮੀਨਲ ਰਾਹੀਂ ਜਾਅਲੀ ਵਿਕਰੀ ਦੇ ਲੈਣ-ਦੇਣ ਦਰਜ ਕਰਦਾ ਅਤੇ ਲਾਭਪਾਤਰੀਆਂ ਦੇ ਈ.ਬੀ.ਟੀ. ਕਾਰਡਾਂ ਰਾਹੀਂ ਰਕਮ ਕਢਵਾ ਕੇ ਦੁਕਾਨ ਦੇ ਬੈਂਕ ਖਾਤੇ ਵਿਚ ਤਬਦੀਲ ਕਰਵਾ ਲੈਂਦਾ ਸੀ। ਇਸ ਤੋਂ ਬਾਅਦ ਕਾਰਡ ਧਾਰਕ ਨੂੰ ਤੈਅ ਕੀਤੀ ਰਕਮ ਨਕਦ ਦੇ ਦਿੱਤੀ ਜਾਂਦੀ ਸੀ। ਅਮਰੀਕੀ ਅਦਾਲਤ ਵਿਚ ਦਾਇਰ ਦੋਸ਼-ਪੱਤਰ ਅਨੁਸਾਰ ਬੇਦੀ ਅਤੇ ਉਸ ਦੀ ਪਤਨੀ ਨੇ 1 ਮਈ 2023 ਨੂੰ ‘ਏਸ਼ੀਅਨ ਗ੍ਰੋਸਰੀ ਸਟੋਰ’ ਖੋਲ੍ਹਿਆ ਸੀ। ਉਸੇ ਸਾਲ ਉਨ੍ਹਾਂ ਨੇ ਐੱਸ.ਐੱਨ.ਏ.ਪੀ. ਤਹਿਤ ਲਾਭ ਸਵੀਕਾਰ ਕਰਨ ਲਈ ਅਰਜ਼ੀ ਦਿੱਤੀ ਅਤੇ 22 ਫਰਵਰੀ 2024 ਤੋਂ ਦੁਕਾਨ ਨੂੰ ਈ.ਬੀ.ਟੀ. ਕਾਰਡ ਰਾਹੀਂ ਐੱਸ.ਐੱਨ.ਏ.ਪੀ. ਲਾਭ ਸਵੀਕਾਰ ਕਰਨ ਦੀ ਮਨਜ਼ੂਰੀ ਮਿਲ ਗਈ ਸੀ। ਦੋਸ਼-ਪੱਤਰ ਵਿਚ ਕਿਹਾ ਗਿਆ ਹੈ ਕਿ ਬੇਦੀ ਅਤੇ ਐੱਸ.ਐੱਨ.ਏ.ਪੀ. ਲਾਭਪਾਤਰੀਆਂ ਵਿਚਕਾਰ ਕਥਿਤ ਸਮਝੌਤਾ ਹੁੰਦਾ ਸੀ, ਜਿਸ ਤਹਿਤ ਲਾਭਪਾਤਰੀ ਆਪਣਾ ਈ.ਬੀ.ਟੀ. ਕਾਰਡ ਅਤੇ ਗੁਪਤ ਪਿੰਨ ਬੇਦੀ ਨੂੰ ਦਿੰਦਾ ਸੀ ਅਤੇ ਬਦਲੇ ਵਿਚ ਬੇਦੀ ਉਸ ਨੂੰ ਕਾਰਡ ਵਿਚਲੀ ਲਾਭ ਰਾਸ਼ੀ ਦਾ ਇਕ ਹਿੱਸਾ ਨਕਦ ਦੇ ਦਿੰਦਾ ਸੀ। ਅਪ੍ਰੈਲ ’ਚ ਦੋਸ਼ ਤੈਅ ਹੋਣ ਤੋਂ ਬਾਅਦ ਭਾਰਤ ਭੱਜਣ ਦਾ ਦੋਸ਼ ਮਨਜੀਤ ਸਿੰਘ ਬੇਦੀ ਵਿਰੁੱਧ ਇਸ ਸਾਲ ਅਪ੍ਰੈਲ ਵਿਚ ਤਾਰ-ਸੰਚਾਰ ਰਾਹੀਂ ਧੋਖਾਧੜੀ ਤੇ ਐੱਸ.ਐੱਨ.ਏ.ਪੀ. ਲਾਭਾਂ ਵਿਚ ਧੋਖਾਧੜੀ ਦੇ ਦੋਸ਼ ਤੈਅ ਕੀਤੇ ਗਏ ਸਨ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤੇ ਬਿਨਾਂ ਅਦਾਲਤ ਵਿਚ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਅਦਾਲਤ ਨੇ ਉਸ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਅਤੇ ਵਾਸ਼ਿੰਗਟਨ ਸਟੇਟ ਤੋਂ ਬਾਹਰ ਨਾ ਜਾਣ ਦੇ ਹੁਕਮ ਦਿੱਤੇ ਸਨ। ਐੱਫ.ਬੀ.ਆਈ. ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਬੇਦੀ ਗੱਡੀ ਰਾਹੀਂ ਕੈਨੇਡਾ ਦੀ ਸਰਹੱਦ ਪਾਰ ਕਰ ਗਿਆ ਅਤੇ ਉਥੋਂ ਭਾਰਤ ਫਰਾਰ ਹੋ ਗਿਆ। 21 ਮਈ ਨੂੰ ਵਾਸ਼ਿੰਗਟਨ ਦੇ ਟਾਕੋਮਾ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਉਸ ਵਿਰੁੱਧ ਨਿਗਰਾਨੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।ਐੱਫ.ਬੀ.ਆਈ. ਅਨੁਸਾਰ ਬੇਦੀ ਇਸ ਸਮੇਂ ਭਾਰਤ ਵਿਚ ਰਹਿ ਰਿਹਾ ਮੰਨਿਆ ਜਾ ਰਿਹਾ ਸੀ ਅਤੇ ਕਰੀਬ 18 ਘੰਟੇ ਪਹਿਲਾਂ ਹੀ ਉਸ ਦੀਆਂ ਤਿੰਨ ਤਸਵੀਰਾਂ ਜਾਰੀ ਕਰਦਿਆਂ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 1.50 ਲੱਖ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਵਰਤੇ ‘ਦਿਮਾਗ਼ੀ ਨਕਸਲਵਾਦ’ ਸ਼ਬਦ ’ਤੇ ਕੈਪਟਨ ਨੇ ਖੜ੍ਹੇ ਕੀਤੇ ਸਵਾਲ ਅਗਲੀ ਖ਼ਬਰ ਪੀ. ਪੀ. ਸੀ. ਬੀ. ਦੇ ਮਿਸ਼ਨ ਕਲੀਨ ਪਟਿਆਲਾ ਤਹਿਤ ਵਲੰਟੀਅਰਾਂ ਨੇ ਪਟਿਆਲਾ ਦੀਆਂ ਸੜਕਾਂ ਤੋਂ ਕੂੜਾ ਚੁੱਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।