ਚੰਡੀਗੜ੍ਹ, 1 ਸਤੰਬਰ (ਸੰਦੀਪ ਕੁਮਾਰ ਮਾਹਨਾ) - ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਇਲਾਜ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ । ਰਾਜੋਆਣਾ ਨੇ ਦਾਇਰ ਪਟੀਸ਼ਨ ਰਾਹੀਂ ਪਟਿਆਲਾ ਸਥਿਤ ਡਾ. ਆਰ.ਐਸ. ਰੰਧਾਵਾ ਆਈ ਹਸਪਤਾਲ ’ਚ ਦੋਵਾਂ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਦੀ ਇਜਾਜ਼ਤ ਦੇਣ ਅਤੇ ਪੁਲਿਸ ਸੁਰੱਖਿਆ ਹੇਠ ਹਸਪਤਾਲ ਲਿਜਾਉਣ ਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ । ਪਟੀਸ਼ਨ ਅਨੁਸਾਰ ਆਪ੍ਰੇਸ਼ਨ ਦਾ ਸਾਰਾ ਖ਼ਰਚਾ ਉਹ ਖ਼ੁਦ ਚੁੱਕਣ ਲਈ ਤਿਆਰ ਹੈ। ਹਾਈਕੋਰਟ ਵਲੋਂ ਪਟੀਸ਼ਨ ’ਤੇ ਅੱਜ ਸੁਣਵਾਈ ਕੀਤੀ ਜਾਣੀ ਹੈ । ਭਾਈ ਰਾਜੋਆਣਾ ਨੇ ਆਪਣੀਆਂ ਅੱਖਾਂ ’ਚ ਮੋਤੀਆਬਿੰਦ ਦੀ ਸਮੱਸਿਆ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ 27 ਜਨਵਰੀ 2026 ਨੂੰ ਉਸ ਨੂੰ ਪੁਲਿਸ ਸੁਰੱਖਿਆ ਹੇਠ ਪੀ. ਜੀ. ਆਈ. ਐੱਮ. ਈ. ਆਰ., ਚੰਡੀਗੜ੍ਹ ਲਿਜਾਇਆ ਗਿਆ ਸੀ । ਉੱਥੇ ਡਾਕਟਰਾਂ ਵਲੋਂ ਜਾਂਚ ਕਰਨ ਤੋਂ ਬਾਅਦ ਦੋਵਾਂ ਅੱਖਾਂ ’ਚ ਮੋਤੀਆਬਿੰਦ ਦੀ ਸਥਿਤੀ ਨੂੰ ਪਹਿਲਾਂ ਵਰਗੀ ਦੱਸਦਿਆਂ ਕਿਹਾ ਗਿਆ ਸੀ ਕਿ ਕਿਉਂਕਿ ਉਹ ਐਨਕ ਦੀ ਸਹਾਇਤਾ ਨਾਲ 6/6 ਨਜ਼ਰ ਪੜ੍ਹ ਰਿਹਾ ਹੈ, ਇਸ ਲਈ ਫ਼ਿਲਹਾਲ ਆਪ੍ਰੇਸ਼ਨ ਨੂੰ ਟਾਲਿਆ ਜਾ ਸਕਦਾ ਹੈ। ਪਟੀਸ਼ਨ ਅਨੁਸਾਰ ਇਸ ਤੋਂ ਬਾਅਦ ਜੇਲ੍ਹ ਹਸਪਤਾਲ ਦੇ ਡਾਕਟਰਾਂ ਵਲੋਂ ਡਾ. ਆਰ.ਐਸ. ਰੰਧਾਵਾ ਆਈ ਹਸਪਤਾਲ ਤੋਂ ਵੀ ਰਾਇ ਲਈ ਗਈ । ਭਾਈ ਰਾਜੋਆਣਾ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਪੁਲਿਸ ਸੁਰੱਖਿਆ ਹੇਠ ਹਸਪਤਾਲ ਲਿਜਾ ਕੇ ਦੋਵਾਂ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ।
ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਆਪ੍ਰੇਸ਼ਨ ਲਈ ਹਾਈ ਕੋਰਟ ਦਾ ਕੀਤਾ ਰੁਖ਼
ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਆਪ੍ਰੇਸ਼ਨ ਲਈ ਹਾਈ ਕੋਰਟ ਦਾ ਕੀਤਾ ਰੁਖ਼
ਅਜੀਤ ਡੈਸਕ
02-09-2026